ਚੰਡੀਗੜ੍ਹ: ਪੰਜਾਬ 'ਚ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਸਰਗਰਮੀਆਂ ਤੇਜ਼ ਹਨ। ਇਸ ਦੇ ਚੱਲਦਿਆਂ ਵਾਰ-ਪਲਟਵਾਰ ਦਾ ਦੌਰ ਲਗਾਤਾਰ ਜਾਰੀ ਹੈ। ਇਸ ਮੌਕੇ ਆਮ ਆਦਮੀ ਪਾਰਟੀ (Aam Aadmi Party) ਨੇ ਐਤਵਾਰ ਨੂੰ ਕਾਂਗਰਸ ਪਾਰਟੀ 'ਤੇ ਪੰਜਾਬ ਵਿੱਚ ਰੁਜ਼ਗਾਰ ਦੇ ਮਸਲੇ 'ਤੇ ਤਿੱਖਾ ਹਮਲਾ ਕੀਤਾ ਹੈ। ਆਪ ਆਗੂ ਹਰਜੋਤ ਸਿੰਘ ਬੈਂਸ (Harjot Singh Bains) ਨੇ ਕਿਹਾ ਕਿ ਕਾਂਗਰਸ ਨੇ ਨੌਕਰੀਆਂ ਦੇਣ ਦਾ ਵਾਅਦਾ ਤਾਂ ਪੰਜਾਬੀ ਨੌਜਵਾਨਾਂ ਨਾਲ ਕੀਤਾ ਸੀ, ਪਰ ਹਰਿਆਣਾ ਅਤੇ ਹਿਮਾਚਲ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਨੌਜਵਾਨਾਂ ਨਾਲ ਨੌਕਰੀਆਂ ਦੇਣ ਦੇ ਨਾਂਅ 'ਤੇ ਧੋਖਾ ਕੀਤਾ ਹੈ।
'ਮੰਤਰੀਆਂ ਦੇ ਖਾਸ ਨੂੰ ਦਿੱਤੀਆਂ ਨੌਕਰੀਆਂ'
ਐਤਵਾਰ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਆਪ (AAP) ਆਗੂ ਹਰਜੋਤ ਬੈਂਸ ਨੇ ਕਾਂਗਰਸ ਪਾਰਟੀ 'ਤੇ ਵਿਧਾਨ ਸਭਾ ਭਰਤੀ 'ਚ ਘਪਲੇ ਦਾ ਦੋਸ਼ ਲਾਉਂਦੇ ਕਿਹਾ ਕਿ ਸਰਕਾਰ ਨੇ ਬੇਰੁਜ਼ਗਾਰ ਨੌਜਵਾਨਾਂ ਨਾਲ ਨੌਕਰੀਆਂ ਦਾ ਵਾਅਦਾ ਕੀਤਾ ਸੀ, ਪਰ ਸਿਰਫ ਵਿਧਾਇਕਾਂ ਦੇ ਮੁੰਡੇ-ਕੁੜੀਆਂ ਨੂੰ ਹੀ ਨੌਕਰੀ ਮਿਲੀ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਪਿਛਲੇ 5 ਸਾਲ ਵਿੱਚ ਜਿਹੜੀ ਭਰਤੀ ਹੋਈ ਹੈ, ਉਹ ਹਰ ਕੋਈ ਕਾਂਗਰਸੀ ਆਗੂ ਦਾ ਰਿਸ਼ਤੇਦਾਰ ਹੈ ਜਾਂ ਪੈਸੇ ਲੈ ਕੇ ਹੋਈ ਹੈ।
'ਪੰਜਾਬ ਦੇ ਨੌਜਵਾਨਾਂ ਨਾਲ ਧੋਖਾ'
ਹਰਜੋਤ ਬੈਂਸ ਨੇ ਦੋਸ਼ ਲਾਇਆ ਕਿ ਇਸ ਘਪਲੇ ਵਿੱਚ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਡਿਪਟੀ ਸਪੀਕਰ ਵੀ ਸ਼ਾਮਲ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕਾਂਗਰਸ ਨੇ ਨੌਕਰੀਆਂ ਦਾ ਵਾਅਦਾ ਤਾਂ ਪੰਜਾਬ ਦੇ ਨੌਜਵਾਨਾਂ ਨਾਲ ਕੀਤਾ ਸੀ, ਪਰ ਇਹ ਹਿਮਾਚਲ ਅਤੇ ਹਰਿਆਣਾ ਦੇ ਨੌਜਵਾਨਾਂ ਨੂੰ ਦਿੱਤੀਆਂ ਗਈਆਂ।
'ਵਿਧਾਨ ਸਭਾ ਵਿੱਚ ਬਣਾਇਆ ਭਰਤੀ ਸੈਲ'
ਆਮ ਆਦਮੀ ਪਾਰਟੀ ਦੇ ਆਗੂ ਨੇ ਇਥੇ ਇਨ੍ਹਾਂ ਨਾਵਾਂ ਦੀ ਸੂਚੀ ਜਾਰੀ ਕਰਦੇ ਕਿਹਾ ਕਿ ਰਾਣਾ ਕੇਪੀ ਸਿੰਘ ਨੇ ਆਪਣੇ ਰਿਸ਼ਤੇਦਾਰਾਂ, ਵਿਧਾਇਕਾਂ ਦੇ ਰਿਸ਼ਤੇਦਾਰਾਂ ਅਤੇ ਮਨਪ੍ਰੀਤ ਸਿੰਘ ਬਾਦਲ ਦੇ ਖਾਸ ਲੋਕਾਂ ਨੂੰ ਇਹ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਇੱਕ ਭਰਤੀ ਸੈਲ ਬਣਾ ਦਿੱਤਾ ਅਤੇ ਬਾਅਦ ਵਿੱਚ ਇੱਕ ਕਮੇਟੀ ਬਣਾ ਦਿੱਤੀ, ਜਿਸਦੀ ਸਿਫਾਰਸ਼ 'ਤੇ ਨੌਕਰੀਆਂ ਦਿੱਤੀਆਂ ਗਈਆਂ।
'ਸਰਕਾਰ ਆਉਣ 'ਤੇ ਸੀਬੀਆਈ ਜਾਂਚ'
ਉਨ੍ਹਾਂ ਕਿਹਾ ਕਿ ਕੁੱਲ 15 ਨੌਕਰੀਆਂ ਦਿੱਤੀਆਂ ਗਈਆਂ ਹਨ, ਜਿਹੜੇ ਸਾਰੇ ਦੇ ਸਾਰੇ ਕਾਂਗਰਸੀ ਲੀਡਰਾਂ ਦੇ ਜਾਣਕਾਰ ਹਨ ਜਾਂ ਫਿਰ ਰਿਸ਼ਤੇਦਾਰ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਪੰਜਾਬ ਦੇ ਨੌਜਵਾਨਾਂ ਨਾਲ ਭਰਤੀ ਦੇ ਨਾਂਅ 'ਤੇ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਇਨ੍ਹਾਂ ਭਰਤੀਆਂ ਦੀ ਸੀਬੀਆਈ ਜਾਂਚ ਕਰਵਾਈ ਜਾਵੇਗੀ ਅਤੇ ਜਿਨ੍ਹਾਂ ਕੋਲੋਂ ਪੈਸੇ ਲਏ ਗਏ ਹਨ, ਉਨ੍ਹਾਂ ਦੇ ਪੈਸੇ ਵਾਪਸ ਕਰਵਾਏ ਜਾਣਗੇ।
'ਇੰਨਾਂ ਨੂੰ ਦਿੱਤੀਆਂ ਗਈਆਂ ਨੌਕਰੀਆਂ'
ਹਰਜੋਤ ਬੈਂਸ ਨੇ ਕਿਹਾ ਕਿ ਵਿਧਾਨ ਸਭਾ ਵਿੱਚ ਜਿਨ੍ਹਾਂ ਮੁਲਾਜ਼ਮਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ, ਉਨ੍ਹਾਂ ਵਿੱਚੋਂ ਸਿਧਾਰਥ ਠਾਕੁਰ ਸਪੀਕਰ ਦੇ ਦੋਸਤ ਦਾ ਪੁੱਤਰ ਹੈ। ਮਨਜਿੰਦਰ ਵਿਧਾਇਕ ਸੁਰਜੀਤ ਧੀਮਾਨ ਦਾ ਭਤੀਜਾ ਹੈ। ਗੌਰਵ ਠਾਕੁਰ ਸਪੀਕਰ ਦੇ ਰਿਸ਼ਤੇਦਾਰ ਦਾ ਪੁੱਤਰ ਹੈ। ਪ੍ਰਵੀਨ ਕੁਮਾਰ ਸਾਬਕਾ ਕਾਂਗਰਸੀ ਵਿਧਾਇਕ ਜੋਗਿੰਦਰ ਸਿੰਘ ਦਾ ਭਤੀਜਾ ਹੈ। ਰੋਪੜ ਦੇ ਰਹਿਣ ਵਾਲੇ ਗੌਰਵ ਰਾਣਾ ਤੇ ਸੌਰਵ ਰਾਣਾ ਯਾਨੀ ਇੱਕੋ ਘਰ ਦੇ 2 ਭਰਾਵਾਂ ਨੂੰ ਨੌਕਰੀ ਦਿੱਤੀ ਗਈ ਹੈ।ਮਾਰਕੀਟ ਕਮੇਟੀ ਆਨੰਦਪੁਰ ਸਾਹਿਬ ਦੇ ਚੇਅਰਮੈਨ ਹਰਬੰਸ ਲਾਲ ਦੇ ਪੁੱਤਰ ਰਾਕੇਸ਼ ਕੁਮਾਰ ਨੂੰ ਵੀ ਨੌਕਰੀ ਦਿੱਤੀ ਗਈ। ਬਠਿੰਡਾ ਦਾ ਅਜੈ ਕੁਮਾਰ ਮਨਪ੍ਰੀਤ ਬਾਦਲ ਦੇ ਕਰੀਬੀ ਦਾ ਪੁੱਤਰ ਹੈ ਤੇ ਉਸ ਨਾਲ ਕੰਮ ਕਰਦਾ ਹੈ। ਅਵਤਾਰ ਸਿੰਘ ਸਾਬਕਾ ਕਾਂਗਰਸੀ ਸੰਸਦ ਮੈਂਬਰ ਪਵਨ ਬਾਂਸਲ ਦੇ ਡਰਾਈਵਰ ਦਾ ਪੁੱਤਰ ਹੈ। ਕੁਲਦੀਪ ਮਾਨ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਟਾਫ਼ ਮੈਂਬਰ ਦਾ ਪੁੱਤਰ ਹੈ। ਪ੍ਰਮੋਦ ਕੁਮਾਰ ਪੀਆਰਟੀਸੀ ਡਾਇਰੈਕਟਰ ਦਾ ਪੁੱਤਰ ਹੈ। ਅੰਜੂ ਬਾਲਾ ਸਪੀਕਰ ਦੇ ਸਕੱਤਰ ਦੀ ਭਰਜਾਈ ਹੈ।ਮਲੋਟ ਦੇ ਹਰਸਿਮਰਨਜੀਤ ਨੂੰ ਮਨਪ੍ਰੀਤ ਬਾਦਲ ਦੀ ਸਿਫਾਰਸ਼ 'ਤੇ ਲਾਇਆ ਗਿਆ ਸੀ। ਸੁਮਨਪ੍ਰੀਤ ਕੌਰ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਭਾਣਜੀ ਹੈ। ਲੁਧਿਆਣਾ ਦੇ ਸਰਾਭਾ ਨਗਰ ਦੀ ਗੁਰਪ੍ਰੀਤ ਕੌਰ ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਡਰਾਈਵਰ ਦੀ ਬੇਟੀ ਹੈ। ਚੰਡੀਗੜ੍ਹ ਦਾ ਹਰਨਾਮ ਸਿੰਘ ਮਨਪ੍ਰੀਤ ਬਾਦਲ ਦੇ ਓਐਸਡੀ ਦਾ ਪੁੱਤਰ ਹੈ।ਕੈਥਲ ਤੇ ਬਿਲਾਸਪੁਰ ਦੇ ਨਿਵਾਸੀਆਂ ਲਈ ਨੌਕਰੀਆਂਹਰਜੋਤ ਬੈਂਸ ਨੇ ਦਾਅਵਾ ਕੀਤਾ ਕਿ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਜਸਬੀਰ ਸਿੰਘ ਨੂੰ ਪੰਜਾਬ ਵਿਧਾਨ ਸਭਾ ਵਿੱਚ ਕਲਰਕ ਦੀ ਨੌਕਰੀ ਦਿੱਤੀ ਗਈ ਸੀ। ਇਸ ਦੀ ਸਿਫ਼ਾਰਸ਼ ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕੀਤੀ ਸੀ। ਇਸੇ ਤਰ੍ਹਾਂ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਦੇ ਰਹਿਣ ਵਾਲੇ ਵਿਕਰਮ ਸਿੰਘ ਨੂੰ ਲਾਅ ਅਫਸਰ ਬਣਾਇਆ ਗਿਆ।
ਇਹ ਵੀ ਪੜ੍ਹੋ : ਜਲੰਧਰ ਸੈਂਟਰਲ ਸੀਟ 'ਤੇ ਚੌਤਰਫ਼ਾ ਮੁਕਾਬਲਾ, ਕਾਂਗਰਸ ਖੁਦ ਦੋਫਾੜ