ਚੰਡੀਗੜ੍ਹ: ਇੰਡੀਅਨ ਬੈਂਕ ਐਸੋਸੀਏਸ਼ਨ ਵੱਲੋਂ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦੇ ਚਲਦੇ ਬੈਂਕ ਮੁਲਾਜ਼ਮਾਂ ਵੱਲੋਂ ਅੱਜ ਤੋਂ ਦੋ ਰੋਜ਼ਾ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਕੜੀ 'ਚ ਚੰਡੀਗੜ੍ਹ ਦੇ ਬੈਂਕ ਮੁਲਾਜ਼ਮ ਸਟੇਟ ਬੈਂਕ ਆਫ਼ ਇੰਡੀਆ ਦੀ ਮੁੱਖ ਬ੍ਰਾਂਚ ਵਿਖੇ ਇਕੱਠੇ ਹੋਏ। ਬੈਂਕ ਮੁਲਾਜ਼ਮਾਂ ਵੱਲੋਂ ਇਥੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਰੋਸ ਪ੍ਰਦਰਸ਼ਨ ਦੇ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ਸੈਕਟਰ 17 'ਚ ਰੋਸ ਰੈਲੀ ਵੀ ਕੱਢੀ ਗਈ।
ਇਸ ਬਾਰੇ ਦੱਸਦੇ ਹੋਏ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨ ਦੇ ਕਨਵੀਨਰ ਸੰਜੇ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ ਆਈਬੀਏ ਦੇ ਨਾਲ ਉਨ੍ਹਾਂ ਦੀ ਮੀਟਿੰਗ ਹੋਈ ਸੀ, ਜਿਸ 'ਚ ਵੇਜ ਰਿਵੀਜ਼ਨ ਬਾਰਾਂ ਫ਼ੀਸਦੀ ਤੋਂ ਵਧਾ ਕੇ ਸਾਢੇ ਤੇਰਾਂ ਫੀਸਦੀ ਕਰ ਦਿੱਤਾ ਗਿਆ ਸੀ। ਬੈਂਕ ਮੁਲਾਜ਼ਮਾਂ ਵੱਲੋਂ ਪੰਜ ਰੋਜ਼ਾ ਕੰਮ ਕਰਨ ਦੀ ਮੰਗ ਨਹੀਂ ਮੰਨੀ ਗਈ ਅਤੇ ਨਾ ਹੀ ਲੋਡ ਫੈਕਟਰ ਮੰਨਿਆ ਗਿਆ। ਇਸ ਕਾਰਨ ਉਨ੍ਹਾਂ ਦੀ ਇਹ ਬੈਠਕ ਬੇਸਿੱਟਾ ਰਹੀ, ਜਿਸ ਤੋਂ ਬਾਅਦ ਵੀ ਆਈਬੀਏ ਦੇ ਚੇਅਰਮੈਨ ਵੱਲੋਂ ਇੱਕ ਹੋਰ ਬੈਠਕ ਕੀਤੀ ਗਈ ਤੇ ਇਸ 'ਚ ਮੁੜ ਵੇਜ ਰਿਵੀਜ਼ਨ ਸਾਢੇ ਤੇਰਾਂ ਫੀਸਦੀ ਤੋਂ ਵਧਾ ਕੇ ਪੰਦਰਾਂ ਫ਼ੀਸਦ ਕਰ ਦਿੱਤਾ ਗਿਆ ਸੀ, ਪਰ ਮੁਲਾਜ਼ਮ ਬੈਂਕ ਦਾ ਕੰਮਕਾਜ ਪੰਜ ਦਿਨ ਕਰਨ ਤੇ ਅੜੇ ਰਹੇ ਜਿਸ ਕਰਕੇ ਹੜਤਾਲ ਨੂੰ ਜਾਰੀ ਰੱਖਿਆ ਗਿਆ ਹੈ।
ਸੰਜੇ ਕੁਮਾਰ ਨੇ ਕਿਹਾ ਕਿ ਭਲਕੇ ਦੇਸ਼ ਦਾ ਬਜਟ ਪੇਸ਼ ਹੋਣਾ ਹੈ। ਹਾਲਾਂਕਿ ਬੈਂਕ ਕਰਮਚਾਰੀਆਂ ਦਾ ਸਿੱਧੇ ਤੌਰ 'ਤੇ ਬਜਟ ਨਾਲ ਕੋਈ ਸਰੋਕਾਰ ਨਹੀਂ ਹੁੰਦਾ ਪਰ ਫੇਰ ਵੀ ਦੇਸ਼ ਨੂੰ ਰੈਵੀਨਿਊ ਬੈਂਕਾਂ ਦੇ ਵੱਲੋਂ ਆਉਂਦਾ ਹੈ।ਇਸ ਕਾਰਨ ਬਜਟ ਦੇ ਵਿੱਚ ਇਸ ਦੀ ਗੱਲ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਆਈਬੀਏ ਨੂੰ ਹੁਣ ਬੈਂਕ ਕਰਮਚਾਰੀਆਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨਹੀਂ ਜਿਸ ਕਰਕੇ ਬੈਂਕ ਕਰਮਚਾਰੀ ਵਾਪਸ ਆਪਣੇ ਕੰਮ ਤੇ ਮੁੜ ਸਕਣ ਅਤੇ ਆਮ ਲੋਕਾਂ ਨੂੰ ਬੈਂਕ ਸਬੰਧਤ ਕੰਮਕਾਜ ਕਰਵਾਉਣ ਲਈ ਦਿੱਕਤਾਂ ਨਾ ਪੇਸ਼ ਆਉਣ।