ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੇ ਪ੍ਰੈਸ ਕਾਨਫ਼ਰੰਸ ਕਰ ਐਸਜੀਪੀਸੀ ਵਿੱਚ ਹੋ ਰਹੇ ਵੱਡੇ ਘਪਲਿਆਂ ਦਾ ਪਰਦਾਫਾਸ਼ ਕਰਦਿਆਂ ਐਗਜ਼ੈਕਟਿਵ ਮੈਂਬਰ ਅਮਰੀਕ ਸਿੰਘ ਸ਼ਾਹਪੁਰ ਅਤੇ ਮਾਸਟਰ ਮਿੱਠੂ ਸਿੰਘ ਵੱਲੋਂ ਕਈ ਖੁਲਾਸੇ ਕੀਤੇ ਗਏ। ਇਸ ਦੌਰਾਨ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨਾਲ ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ ਮੌਜੂਦ ਰਹੇ ਇਸ ਦੌਰਾਨ ਈਟੀਵੀ ਭਾਰਤ ਨਾਲ ਨੇ ਮਾਸਟਰ ਮਿੱਠੂ ਸਿੰਘ ਨਾਲ ਖਾਸ ਗੱਲਬਾਤ ਕੀਤੀ।
ਕਿੰਨੇ ਕਰੋੜ ਦੇ ਘੁਟਾਲੇ ਕਿਸ ਵੱਲੋਂ ਅਤੇ ਕਿੱਥੇ ਕੀਤੇ ਗਏ ?
ਜਵਾਬ: ਜਵਾਬ ਦਿੰਦਿਆਂ ਐੱਸਜੀਪੀਸੀ ਐਗਜ਼ੀਕਿਊਟਿਵ ਕਮੇਟੀ ਦੇ ਮੈਂਬਰ ਮਾਸਟਰ ਮਿੱਠੂ ਸਿੰਘ ਨੇ ਕਿਹਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਦਾ ਲਗਾਤਾਰ ਮਿਆਰ ਡਿੱਗਦਾ ਜਾ ਰਿਹਾ। ਅੰਮ੍ਰਿਤਸਰ ਵਿਖੇ ਸਾਰਾਗੜ੍ਹੀ ਸਰਾਂ ਦੇ ਦੋ ਸੌ ਉਣਤਾਲ਼ੀ ਕਮਰਿਆਂ ਦੇ ਫਰਨੀਚਰ ਖਰੀਦਣ ਲਈ ਚੀਨ ਦੀ ਕੰਪਨੀ ਤੋਂ ਖਰੀਦਿਆ ਗਿਆ ਜੋ ਕਿ ਪੰਜਾਬ ਵਿੱਚੋਂ ਹੀ ਸਵਾ ਕਰੋੜ ਦਾ ਖ਼ਰੀਦਿਆ ਜਾ ਸਕਦਾ ਸੀ ਲੇਕਿਨ ਐਸਜੀਪੀਸੀ ਵੱਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਸਾਢੇ ਪੰਜ ਕਰੋੜ ਦਾ ਫਰਨੀਚਰ ਖਰੀਦਿਆ ਗਿਆ। ਇਸ ਵਿੱਚ ਬੈੱਡ ਕੁਰਸੀ ਗੱਦਾ ਤੇ ਟੇਬਲ ਸ਼ਾਮਿਲ ਸੀ ਇੰਨਾ ਹੀ ਨਹੀਂ ਇਸ ਫਰਨੀਚਰ ਨੂੰ ਬੰਦਰਗਾਹ ਤੋਂ ਅੰਮ੍ਰਿਤਸਰ ਲਿਆਉਣ ਲਈ ਵੀ ਅਠਾਰਾਂ ਲੱਖ ਦਾ ਖਰਚਾ ਕੀਤਾ ਗਿਆ।
ਇਸ ਘਪਲੇ ਵਿਚ ਐੱਸਜੀਪੀਸੀ ਪ੍ਰਧਾਨ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ?
ਜਵਾਬ : ਫਰਜ਼ੀ ਬਿੱਲ ਦਿਖਾਉਂਦਿਆਂ ਮਾਸਟਰ ਮਿੱਠੂ ਸਿੰਘ ਨੇ ਕਿਹਾ ਇਹ ਮਾਮਲਾ ਚਾਰ ਸਾਲ ਪੁਰਾਣਾ ਹੈ ਤੇ ਉਸ ਸਮੇਂ ਦੇ ਕਮੇਟੀ ਮੈਂਬਰ ਵਿਚੋਂ ਰਘੁਜੀਤ ਸਿੰਘ ਵਿਰਕ ਨੇ ਹਸਤਾਖਰ ਨਹੀਂ ਕੀਤੇ ਸਨ ਜਿਸ ਉੱਪਰ ਸੀਏ ਵੱਲੋਂ ਇਤਰਾਜ਼ ਜਤਾਇਆ ਗਿਆ। ਤੀਸਰੇ ਕਮੇਟੀ ਮੈਂਬਰ ਦੇ ਹਸਤਾਖ਼ਰ ਕਰਵਾਉਣ ਦੀ ਬਜਾਏ ਐਗਜ਼ੀਕਿਊਟਿਵ ਕਮੇਟੀ ਦੇ ਵਿਚ ਇਹ ਮਾਮਲਾ ਲਿਆਂਦਾ ਗਿਆ ਜਿਸ ਤੇ ਉਨ੍ਹਾਂ ਵੱਲੋਂ ਇਤਰਾਜ਼ ਕੀਤਾ ਗਿਆ ਲੇਕਿਨ ਫਿਰ ਵੀ ਗੁਰਦੁਆਰਾ ਐਕਟ ਦੀਆਂ ਧੱਜੀਆਂ ਉਡਾਉਂਦਿਆਂ ਕਰੋਡ਼ਾਂ ਰੁਪਏ ਦਾ ਇਹ ਘਪਲਾ ਕੀਤਾ ਗਿਆ। ਇੰਨਾ ਹੀ ਨਹੀਂ ਚੀਨ ਤੋਂ ਫਰਨੀਚਰ ਖਰੀਦਣ ਵਾਲੀ ਕੰਪਨੀ ਵੀ ਫਰਜ਼ੀ ਕੰਪਨੀ ਬਣਾਈ ਗਈ ਹੈ।
ਘਪਲਾ ਕਰਨ ਵਾਲੇ ਲੋਕ ਕੌਣ ਹਨ ਤੇ ਇਨ੍ਹਾਂ ਨੂੰ ਕੌਣ ਬਚਾ ਰਿਹਾ ਹੈ ?
ਜਵਾਬ : ਬਾਦਲ ਪਰਿਵਾਰ ਤੇ ਇਲਜ਼ਾਮ ਲਗਾਉਂਦਿਆਂ ਮਾਸਟਰ ਮਿੱਠੂ ਸਿੰਘ ਨੇ ਕਿਹਾ ਕਿ ਐੱਸਜੀਪੀਸੀ ਉੱਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਤੇ ਉਨ੍ਹਾਂ ਦੇ ਲੋਕਾਂ ਵੱਲੋਂ ਹੀ ਇਹ ਘਪਲਾ ਕੀਤਾ ਗਿਆ। ਇਸ ਘਪਲੇ ਦੇ ਮਾਮਲੇ ਵਿਚ ਐੱਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਾਫ ਕਹਿ ਦਿੱਤਾ ਕਿ ਇਹ ਚਾਰ ਸਾਲ ਪਹਿਲਾਂ ਦਾ ਮਾਮਲਾ ਹੈ ਜਦ ਕਿ ਗੁਰਦੁਆਰਾ ਐਕਟ ਵਿੱਚ ਕਿਸੇ ਮੈਂਬਰ ਦੀ ਮੌਤ ਹੋਣ ਤੋਂ ਬਾਅਦ ਵੀ ਜਾਂਚ ਕੀਤੀ ਜਾ ਸਕਦੀ ਹੈ।
ਗੁਰਦੁਆਰਾ ਐਕਟ ਦੇ ਨਿਯਮ ਕੀ ਕਹਿੰਦੇ ਨੇ ਕਿ ਤੁਸੀਂ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਹੈ ?
ਜਵਾਬ: ਇਸ ਮਾਮਲੇ ਵਿਚ ਬੀਬੀ ਜਗੀਰ ਕੌਰ ਨੂੰ ਜਦੋਂ ਜਾਂਚ ਕਰਵਾਉਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਵੱਲੋਂ ਰਘੂਜੀਤ ਸਿੰਘ ਵਿਰਕ ਖ਼ਿਲਾਫ਼ ਦੋ ਮੈਂਬਰਾਂ ਦੀ ਡਿਊਟੀ ਤਾਂ ਲਗਾਈ ਗਈ। ਪਰ ਜਨਵਰੀ ਵਿੱਚ ਹੋਈ ਐਗਜ਼ੀਕਿਊਟਿਵ ਕਮੇਟੀ ਦੀ ਮੀਟਿੰਗ ਵਿੱਚ ਜਦੋਂ ਇਨ੍ਹਾਂ ਵੱਲੋਂ ਹਸਤਾਖ਼ਰ ਕਰਵਾਉਣ ਦੀ ਗੱਲ ਪੁੱਛੀ ਤਾਂ ਬੀਬੀ ਜਗੀਰ ਕੌਰ ਵੱਲੋਂ ਕੋਈ ਵੀ ਜਵਾਬ ਇਨ੍ਹਾਂ ਨੂੰ ਨਹੀਂ ਦਿੱਤਾ ਗਿਆ।
ਇਸ ਘਪਲੇ ਦੀਆਂ ਫਾਈਲਾਂ ਕੌਣ ਦਬਾਅ ਰਿਹਾ ?
ਜਵਾਬ: ਇਸ ਘਪਲੇ ਦੇ ਮਾਮਲੇ ਦੀਆਂ ਫਾਈਲਾਂ ਇਨਕੁਆਰੀ ਕਰਵਾਉਣ ਦੇ ਨਾਮ ਤੇ ਜਾਂ ਸਬ ਕਮੇਟੀਆਂ ਬਣਾ ਕੇ ਲਟਕਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬਰਨਾਲਾ ਦੇ ਬਾਬਾ ਗਾਂਧਾ ਸਿੰਘ ਗੁਰਦੁਆਰਾ ਵਿਖੇ ਵੀ ਕਈ ਘਪਲੇ ਕੀਤੇ ਗਏ ਫਲਾਈਂਗ ਦੇ ਛਾਪੇ ਦੌਰਾਨ ਕਈ ਫਰਜ਼ੀ ਬਿੱਲ ਬਰਾਮਦ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ਹਜ਼ਾਰ ਦੇ ਬਿੱਲ ਨੂੰ ਸੱਤ ਹਜ਼ਾਰ ਤੇ ਇਸ ਤਰੀਕੇ ਨਾਲ ਬਿਲਾਂ ਦੀ ਸੀਰੀਅਲ ਨੰਬਰ ਦੀ ਕਟਿੰਗ ਕਰ ਕਈ ਲੱਖ ਦਾ ਘੋਟਾਲਾ ਕੀਤਾ ਗਿਆ।
ਐਸਜੀਪੀਸੀ ਦੇ ਵਿਚ ਹੋ ਰਹੀ ਇਸ ਕਰੱਪਸ਼ਨ ਦਾ ਹੱਲ ਕੀ ਹੈ ਤੇ ਐਸਜੀਪੀਸੀ ਦੀਆਂ ਚੋਣਾਂ ਕਿਉਂ ਨਹੀਂ ਕਰਵਾਈਆਂ ਜਾ ਰਹੀਆਂ ?
ਜਵਾਬ: ਮਾਸਟਰ ਮਿੱਠੂ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਤੇ ਵੀ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਹ ਪਰਿਵਾਰ ਬਾਦਲ ਪਰਿਵਾਰ ਦੇ ਬਹੁਤ ਨਜ਼ਦੀਕ ਹੈ। ਇਸ ਕਾਰਨ ਚੋਣਾਂ ਨਹੀਂ ਕਰਵਾਈਆਂ ਜਾ ਰਹੀਆਂ ਜਦਕਿ ਕੇਂਦਰ ਸਰਕਾਰ ਵੱਲੋਂ ਚੋਣ ਕਮਿਸ਼ਨਰ ਦੀ ਨਿਯੁਕਤੀ ਪੰਜ ਮਹੀਨੇ ਪਹਿਲਾਂ ਕਰ ਦਿੱਤੀ ਗਈ। ਇਨ੍ਹਾਂ ਨੂੰ ਸਰਕਾਰ ਵੱਲੋਂ ਹੁਣ ਤੱਕ ਸਟਾਫ਼ ਸਣੇ ਕੋਈ ਦਫ਼ਤਰ ਨਹੀਂ ਦਿੱਤਾ ਗਿਆ ਜੇਕਰ ਕਾਂਗਰਸ ਸਰਕਾਰ ਐਸਜੀਪੀਸੀ ਦੀ ਚੋਣਾਂ ਨੂੰ ਲੈ ਕੇ ਸੰਜੀਦਾ ਹੁੰਦੀ ਤਾਂ ਕਮਿਸ਼ਨ ਨੂੰ ਆਪਣਾ ਕੰਮ ਕਰਨ ਚ ਕੋਈ ਮੁਸ਼ਕਿਲ ਨਾ ਆਉਂਦੀ ਤਾਂ ਜੇਕਰ ਕਮਿਸ਼ਨਰ ਵੱਲੋਂ ਹੁਣ ਤੋਂ ਨਵੀਆਂ ਵੋਟਾਂ ਬਣਾਉਣ ਦੀ ਪ੍ਰਕਿਰਿਆ ਸਣੇ ਇਤਰਾਜ਼ ਮੰਗਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਚੋਣਾਂ ਸੱਤ ਅੱਠ ਮਹੀਨੇ ਬਾਅਦ ਹੋ ਸਕਣਗੀਆਂ ਲੇਕਿਨ ਕਰੱਪਸ਼ਨ ਦੇ ਡਰ ਤੋਂ ਸੁਖਬੀਰ ਸਿੰਘ ਬਾਦਲ ਇਨ੍ਹਾਂ ਚੋਣਾਂ ਨੂੰ ਟਾਲਣ ਲਈ ਹੀ ਸਭ ਕੁੱਝ ਕਰ ਰਹੇ ਹਨ।
ਕੀ ਘਪਲੇ ਦਾ ਪੈਸਾ ਕੈਪਟਨ ਤੇ ਬਾਦਲ ਕੋਲ ਜਾ ਰਿਹੈ ?
ਜਵਾਬ: ਐਗਜ਼ੀਕਿਊਟਿਵ ਕਮੇਟੀ ਮੈਂਬਰ ਨੇ ਇਹ ਵੀ ਦਾਅਵਾ ਕੀਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੋ ਹਜਾਰ ਬਾਈ ਦੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਕਰਵਾਉਣ ਬਾਰੇ ਕਾਂਗਰਸ ਸਰਕਾਰ ਸੋਚ ਰਹੀ ਹੈ। ਐਸਜੀਪੀਸੀ ਵਿੱਚ ਹੋ ਰਹੇ ਵੱਡੇ-ਵੱਡੇ ਘਪਲਿਆਂ ਦਾ ਪੈਸਾ ਇਨ੍ਹਾਂ ਦੋਨਾਂ ਪਰਿਵਾਰਾਂ ਕੋਲ ਹੀ ਪਹੁੰਚ ਰਿਹਾ ਜਿਸ ਕਾਰਨ ਗ਼ਲਤ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰਹ ਪ੍ਰਮੋਸ਼ਨ ਦਿੱਤੀ ਜਾ ਰਹੀ ਹੈ।
ਇਹ ਵੀ ਪੜੋ: ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਜਗਦੇਵ ਸਿੰਘ ਨੂੰ ਕੀਤਾ ਅਦਾਲਤ 'ਚ ਪੇਸ਼