ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਕਲੇਸ਼ ਨੂੰ ਖ਼ਤਮ ਕਰਨ ਲਈ ਪਾਰਟੀ ਦੀ ਹਾਈਕਮਾਨ ਵੱਲੋਂ ਤਿੰਨ ਮੈਂਬਰੀ ਬਣਾਈ ਗਈ ਸੀ ਜਿਸ ਨੇ ਤਿੰਨ ਦਿਨ ਪੰਜਾਬ ਦੇ ਸਾਰੇ ਵਿਧਾਇਕਾਂ, ਮੰਤਰੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਕਰ ਇੱਕ ਰਿਪੋਰਟ ਤਿਆਰ ਕੀਤੀ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਤਿੰਨ ਮੈਂਬਰੀ ਭਲਕੇ ਪਾਰਟੀ ਦੀ ਹਾਈਕਮਾਨ ਸੋਨੀਆ ਗਾਂਧੀ ਨੂੰ ਰਿਪੋਰਟ ਸੌਪੇਗੀ।
ਜ਼ਿਕਰਯੋਗ ਹੈ ਕਿ ਪੰਜਾਬ ਕਾਂਗਰਸ 'ਚ ਘਮਾਸਾਣ ਪਿਛਲੇ ਕਾਫੀ ਸਮੇਂ ਚੱਲ ਰਿਹਾ ਹੈ। ਪਿਛਲੇ ਸਮੇਂ ਤੋਂ ਨਵਜੋਤ ਸਿੰਘ ਸਿੱਧੂ ਆਪਣੇ ਟਵੀਟਾਂ ਰਾਹੀਂ ਕੈਪਟਨ ਅਮਰਿੰਦਰ ਸਿੰਘ ਉੱਤੇ ਨਿਸ਼ਾਨਾ ਸਾਧ ਰਹੇ ਸੀ। ਨਵਜੋਤ ਸਿੰਘ ਤੋਂ ਇਲਾਵਾ ਹੋਰ ਵੀ ਵਿਧਾਇਕ ਕੈਪਟਨ ਦੇ ਵਿਰੁੱਧ ਬੋਲ ਰਹੇ ਸੀ। 2022 ਦੀਆਂ ਚੋਣ ਨੇੜੇ ਆ ਰਹੀਆਂ ਸੀ ਤੇ ਇਹ ਰੇੜਕੇ ਦਿਨੋਂ ਦਿਨ ਗਰਮਾ ਹੁੰਦਾ ਹੀ ਜਾ ਰਿਹਾ ਸੀ। ਇਸ ਸਭ ਨੂੰ ਦੇਖਦੇ ਹੋਏ ਕਾਂਗਰਸ ਦੀ ਹਾਈਕਮਾਨ ਨੇ ਤਿੰਨ ਮੈਂਬਰੀ ਗਠਿਤ ਕੀਤੀ ਤਾਂ ਜੋ ਸਾਰੇ ਵਿਧਾਇਕਾਂ ਮੰਤਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਨੂੰ ਸੁਲਝਾਇਆ ਜਾ ਸਕੇ। ਹੁਣ ਦੇਖਣਾ ਇਹ ਹੋਵੇਗਾ ਕਿ ਸਿੱਧੂ ਅਤੇ ਕੈਪਟਨ ਦਾ ਕਲੇਸ਼ ਖਤਮ ਹੋਵੇਗਾ।
ਅੱਜ ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਨੇ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ। ਕੈਪਟਨ ਨਾਲ ਜਸਬੀਰ ਗਿੱਲ, ਰਵਨੀਤ ਬਿੱਟੂ, ਗੁਰਜੀਤ ਸਿੰਘ ਔਜਲਾ ਨੇ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੈਬਿਨੇਟ ਮੰਤਰੀ ਰਾਣਾ ਸੋਢੀ ਵੀ ਮੌਜੂਦ ਰਹੇ।
ਇਸ ਮੁਲਾਕਾਤ ਵਿੱਚ ਉਨ੍ਹਾਂ ਨੇ 2022 ਦੀਆਂ ਹੋਣ ਵਾਲੀਆਂ ਚੋਣਾਂ ਬਾਰੇ ਚਰਚਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਲੋਕ ਸਭਾ ਇਜਲਾਸ ਵਿੱਚ ਪੰਜਾਬ ਸੂਬੇ ਦੇ ਨਾਲ-ਨਾਲ ਕਿਸਾਨਾਂ ਦੇ ਮੁੱਦੇ ਅਤੇ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਭਾਰਤ ਸਰਕਾਰ ਦੀ ਅਸਫਲਤਾ ਨੂੰ ਪੁਰ ਜੋਰ ਤਰੀਕੇ ਨਾਲ ਚੁੱਕਣ ਦੀ ਗੱਲ ਕੀਤੀ।