ਚੰਡੀਗੜ੍ਹ: ਜਿਉਂ-ਜਿਉਂ ਸੂੂੂਬੇ ਦੀਆਂ ਵਿਧਾਨ ਸਭਾ ਚੋਣਾਂ (Assembly Elections) ਨੇੜੇ ਆ ਰਹੀਆਂ ਹਨ ਤੇ ਸਿਆਸੀ ਪਾਰਟੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਪਰ ਗੰਭੀਰ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਪਿਛਲੇ ਦਿਨੀਂ ਸ਼੍ਰੋਮਈ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਬਿਜਲੀ ਮੁੱਦੇ ਨੂੰ ਲੈਕੇ ਕੈਪਟਨ ਸਰਕਾਰ ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕੀਤੇ ਗਏ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਗਿਆ ਹੈ ਕਿ ਕੈਪਟਨ ਐਯਾਸ਼ ਮੁੱਖ ਮੰਤਰੀ ਹਨ ਜਿਸਨੂੰ ਲੈਕੇ ਸੂਬੇ ਦੀ ਸਿਆਸਤ ਗਰਮਾ ਚੁੱਕੀ ਹੈ ਤੇ ਹੁਣ ਲਗਾਤਾਰ ਵਾਰ-ਪਲਟਵਾਰ ਦੀ ਸਿਆਸਤ ਸ਼ੁਰੂ ਹੋ ਚੁੱਕੀ ਹੈ।
ਸੁਖਬੀਰ ਬਾਦਲ ਵੱਲੋਂ ਦਿੱਤੇ ਇਸ ਬਿਆਨ ਨੂੰ ਲੈਕੇ ਕਾਂਗਰਸ ਵੱਲੋਂ ਅਕਾਲੀ ਦਲ ਨੂੰ ਇਸਦਾ ਜਵਾਬ ਦਿੱਤਾ ਗਿਆ ਹੈ। ਕਾਂਗਰਸ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਕਿਹਾ ਇਸ ਤਰ੍ਹਾਂ ਦੀ ਗੱਲ ਕਰਨੀ ਆਪਣੀ ਜੁਬਾਨ ਖ਼ਰਾਬ ਕਰਨ ਵਾਲੀ ਗੱਲ ਹੈ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿਚ ਸਭ ਕੁਝ ਠੀਕ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਇਸ ਤਰ੍ਹਾਂ ਦੀ ਜਗ੍ਹਾ ਨਹੀਂ ਹੈ ਜਿੱਥੇ ਕੋਈ ਕਹਿ ਸਕੇ ਕਿ ਕਿਸੇ ਖ਼ਿਲਾਫ਼ ਕੋਈ ਧੱਕਾ ਹੋ ਰਿਹਾ ਹੈ ।ਉਨ੍ਹਾਂ ਨਾਲ ਹੀ ਕਿਹਾ ਕਿ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਇਸ ਤਰ੍ਹਾਂ ਦੀ ਗੱਲ ਕਰਨੀ ਸ਼ੋਭਾ ਨਹੀਂ ਦਿੰਦੀ ।
ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਇਸ ਬਿਆਨ ਨੂੰ ਲੈਕੇ ਅਕਾਲੀ ਦਲ ਤੇ ਕਾਂਗਰਸ ਉੱਤੇ ਸਵਾਲ ਚੁੱਕੇ ਗਏ ਹਨ। ਆਪ ਵਿਧਾਇਕ ਕੁਲਤਾਰ ਸੰਧਵਾ ਨੇ ਕਿਹਾ ਕਿ ਕੈਪਟਨ ਅਤੇ ਸੁਖਬੀਰ ਦੋਵੇਂ ਰਲੇ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਸ ਤਰ੍ਹਾਂ ਲੜ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ। ਇਸ ਦੌਰਾਨ ਸੰਧਵਾ ਨੇ ਕਿਹਾ ਕਿ ਲੋਕ ਹੁਣ ਇਸ ਸਿਆਸ ਨੂੰ ਸਮਝ ਚੁੱਕੇ ਹਨ ਤੇ ਉਹ ਹੁਣ ਇਸ ਤਰ੍ਹਾਂ ਦੀਆਂ ਗੱਲਾਂ ਦੇ ਵਿੱਚ ਆਉਣ ਵਾਲੇ ਨਹੀਂ ਹਨ। ਇਸ ਮੁੱਦੇ ‘ਤੇ ਭਾਜਪਾ ਬਚਦੀ ਹੋਈ ਨਜ਼ਰ ਆਈ ‘ਤੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੈਂ ਬਸ ਇੰਨ੍ਹਾਂ ਹੀ ਕਹਾਂਗਾ ਕਿ ਸੀਐੱਮ ਸੀਐੱਮ ਹੀ ਹੁੰਦੈ।
ਹੁਣ ਦੇਖਣਾ ਹੋਵੇਗਾ ਕਿ ਸੂਬੇ ਦੀ ਭਖੀ ਸਿਆਸਤ ਕਿੱਥੇ ਜਾ ਕੇ ਰੁਕਦੀ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ। ਇਹ ਵੀ ਦੇਖਣਾ ਦਿਲਚਸਪ ਰਹੇਹਾ ਕਿ ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਦੇ ਬਿਆਨ ਦਾ ਕੋਈ ਜਵਾਬ ਦਿੰਦੇ ਹਨ ਜਾਂ ਨਹੀਂ।
ਇਹ ਵੀ ਪੜ੍ਹੋ: ਰਵਨੀਤ ਬਿੱਟੂ ਦੇ ਮੁਆਫੀ ਮੰਗਣ ਤੋਂ ਵੀ ਅਕਾਲੀ ਦਲ ਨੂੰ ਇਤਰਾਜ਼ !