ਚੰਡੀਗੜ੍ਹ :ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਵੈਕਸੀਨ ਅਤੇ ਸਕੈਮ ਤੋਂ ਬਾਅਦ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਖਿਲਾਫ ਆਪਣੇ ਚਹੇਤਿਆਂ ਨੂੰ 'ਫ਼ਤਹਿ ਕਿੱਟ' ਮਹਿੰਗੇ ਭਾਅ 'ਤੇ ਟੈਂਡਰ ਦੇਣ ਦਾ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਪਹਿਲੇ ਟੈਂਡਰ ਵਿਚ 837 ਰੁਪਏ ਪ੍ਰਤੀ ਕਿੱਟ ਦੇਣ ਦਾ ਸੌਦਾ ਸੀ ਤੇ ਹੁਣ 1337 ਰੁਪਏ ਦਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਦਾ ਸਭ ਤੋਂ ਵੱਡਾ ਘੋਟਾਲਾ ਹੈ। ਇਸ ਨਾਮ ਦੀ ਕੰਪਨੀ ਦੀ ਨਾ ਤਾਂ ਕੋਈ ਰਜਿਸਟ੍ਰੇਸ਼ਨ ਹੈ ਅਤੇ ਨਾ ਹੀ ਕੋਈ ਹੋਰ ਪਰੂਫ਼। ਜਦਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਦੀ ਇਸ ਕੰਪਨੀ ਵੱਲੋਂ ਫੈਬਰਿਕ ਅਤੇ ਗਾਰਮੈਂਟਸ ਦੇ ਕੱਪੜੇ ਤਿਆਰ ਕੀਤੇ ਜਾਂਦੇ ਹਨ ਜਿਸ ਨੂੰ ਫਤਹਿ ਕਿੱਟ ਦਾ 500 ਰੁਪਏ ਮਹਿੰਗੇ ਭਾਅ 'ਤੇ ਟੈਂਡਰ ਦਿੱਤਾ ਗਿਆ।
ਸਕੂਲਾਂ ਦੀ ਰੈਕਿੰਗ ਦੇ ਮਾਮਲੇ ਵਿੱਚ ਮੁੱਖ ਮੰਤਰੀ ਨੂੰ ਖੁੱਲ੍ਹਾ ਚੈਲਿੰਜ
ਕੇਂਦਰ ਸਰਕਾਰ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਨੂੰ ਉਮੀਦਾਂ 'ਤੇ ਖਰੇੇ ਉਤਰਨ ਤੋਂ ਬਾਅਦ ਪਹਿਲਾ ਸਥਾਨ ਦਿੱਤਾ ਗਿਆ ਹੈ ਜਦਕਿ ਦਿੱਲੀ ਸਰਕਾਰ ਨੂੰ ਛੇਵਾਂ ਸਥਾਨ ਮਿਲਿਆ ਹੈ ਜਿਸ ਨੂੰ ਲੈ ਕੇ ਜਰਨੈਲ ਸਿੰਘ ਨੇ ਕੈਪਟਨ ਨੂੰ ਚੈਲਿੰਜ ਕਰਦਿਆਂ ਕਿਹਾ ਕਿ ਦੱਸ ਸਕੂਲ ਪੰਜਾਬ ਦੇ ਅਤੇ ਦੱਸ ਸਕੂਲ ਦਿੱਲੀ ਦੇ ਖ਼ੁਦ ਜਾ ਕੇ ਪੱਤਰਕਾਰ ਰਿਐਲਟੀ ਚੈੱਕ ਕਰ ਲਵੇ। ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
ਹਿਮਾਚਲ ਹਾਈਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਨੋਟਿਸ
ਹਿਮਾਚਲ ਹਾਈਕੋਰਟ ਵੱਲੋਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੂੰ ਨਸ਼ੀਲੀ ਗੋਲੀਆਂ ਬਣਾਉਣ ਵਾਲੀ ਫੈਕਟਰੀ ਦੇ ਮਾਮਲੇ ਵਿੱਚ ਨੋਟਿਸ ਭੇਜਿਆ ਗਿਆ ਹੈ ਕਿਉਂਕਿ ਪਾਉਂਟਾ ਸਾਹਿਬ ਵਿਖੇ ਫੈਕਟਰੀ ਚਲਾਉਣ ਵਾਲਿਆਂ ਨੇ ਇਲਜ਼ਾਮ ਲਗਾਏ ਹਨ ਕਿ ਪੰਜਾਬ ਦੇ ਡੀਜੀਪੀ ਨੇ ਜਾਣਬੁੱਝ ਕੇ ਉਨ੍ਹਾਂ ਨੂੰ ਫਸਾਇਆ ਹੈ। ਉਨ੍ਹਾਂ ਕੋਲ ਦਵਾਈ ਬਣਾਉਣ ਦੇ ਸਾਰੇ ਦਸਤਾਵੇਜ਼ ਮੌਜੂਦ ਹਨ।
ਜਰਨੈਲ ਸਿੰਘ ਨੇ ਕਿਹਾ ਕਿ ਪੰਜਾਬ ਦੇ ਚੀਫ ਸੈਕਟਰੀ ਅਤੇ ਡੀਜੀਪੀ ਸਣੇ ਤਮਾਮ ਅਧਿਕਾਰੀ ਸਰਕਾਰ ਦੇ ਹੁਕਮ ਮੁਤਾਬਿਕ ਕਾਰਵਾਈ ਕਰ ਰਹੇ ਹਨ ਅਤੇ ਕਾਂਗਰਸੀ ਲੀਡਰਾਂ ਦੇ ਘਰਾਂ ਵਿੱਚ ਹੀ ਸ਼ਰਾਬ ਦੀਆਂ ਫੈਕਟਰੀਆਂ ਫੜੀਆਂ ਜਾ ਰਹੀਆਂ ਹਨ ਜਿਸ ਤੋਂ ਸਾਫ਼ ਝਲਕਦਾ ਹੈ ਕਿ ਕੈਪਟਨ ਨੇ ਦੁੱਧ ਦੀ ਰਾਖੀ ਬਿੱਲੀ ਤੋਂ ਕਰਵਾ ਰਹੇ ਹਨ।