ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਸੁਨੀਲ ਜਾਖੜ ਨੇ ਸੂਬੇ ਵਿੱਚ ਨਗਰ ਕੌਂਸਲਾਂ, ਨਗਰ ਪੰਚਾਇਤਾਂ ਅਤੇ ਨਗਰ ਨਿਗਮਾਂ ਲਈ ਅੱਜ ਹੋਏ ਸਾਂਤੀਪੂਰਨ ਮਤਦਾਨ ਲਈ ਸੂਬੇ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ ਜਿੰਨਾਂ ਨੇ ਲੋਕਤੰਤਰ ਦੇ ਇਸ ਮਹੱਤਵਪੂਰਨ ਸੰਸਥਾਨ ਦੀਆਂ ਚੋਣਾਂ ਵਿੱਚ ਆਪਣੇ ਵੋਟ ਹੱਕ ਦਾ ਵੱਧ ਚੜ੍ਹ ਕੇ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਨਿਰਪੱਖ ਅਤੇ ਸਾਂਤੀਪੂਰਨ ਚੋਣਾਂ ਯਕੀਨੀ ਬਣਾਉਣ ਲਈ ਸੂਬਾ ਚੋਣ ਕਮਿਸ਼ਨ ਅਤੇ ਸਮੂਚੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਵਧਾਈ ਦਿੱਤੀ ਹੈ।
ਇੱਥੋਂ ਜਾਰੀ ਬਿਆਨ ਵਿੱਚ ਜਾਖੜ ਨੇ ਕਿਹਾ ਕਿ ਸਥਾਨਕ ਸਰਕਾਰਾਂ ਦੀਆਂ ਚੋਣ ਲੋਕਤੰਤਰ ਦਾ ਅਧਾਰ ਬਣਦੀਆਂ ਹਨ ਅਤੇ ਲੋਕਾਂ ਨੇ ਆਪਣੇ ਸ਼ਹਿਰੀ ਰਾਜ ਪ੍ਰਬੰਧਨ ਲਈ ਆਪਣੀ ਪਸੰਦ ਦੇ ਨੁੰਮਾਇੰਦਿਆਂ ਦੀ ਚੋਣ ਲਈ ਆਪਣੇ ਸੰਵਿਧਾਨਕ ਹੱਕ ਦਾ ਇਸਤੇਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜਿੱਥੇ ਕਿਤੇ ਵੀ ਮਾਮੂਲੀ ਘਟਨਾਵਾਂ ਹੋਈਆਂ ਹਨ ਉਹ ਵੀ ਸਿਰਫ ਉਥੇ ਹੀ ਹੋਈਆਂ ਹਨ ਜਿੱਥੇ ਸ਼ੋ੍ਰਮਣੀ ਅਕਾਲੀ ਦਲ ਦੇ ਲੋਕਾਂ ਨੇ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ ਕੀਤੀ ਹੈ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਲੋਕਾਂ ਦੇ ਮਿਲੇ ਸਤਿਕਾਰ ਤੋਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਚੋਣਾਂ ਵਿੱਚ ਲੋਕ ਵਿਕਾਸ ਦੇ ਨਾਂਅ ਤੇ ਚੋਣਾਂ ਲੜਨ ਵਾਲੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦੇਣਗੇ ਅਤੇ ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦਾ ਪੂਰੀ ਤਰ੍ਹਾਂ ਨਾਲ ਸਫਾਇਆ ਹੋ ਜਾਵੇਗਾ।