ਚੰਡੀਗੜ੍ਹ: ਕਾਂਗਰਸ ਹਾਈਕਮਾਂਡ ਵੱਲੋਂ ਬੇਸ਼ਕ ਪੰਜਾਬ ਕਾਂਗਰਸ ’ਚ ਚੱਲ ਰਹੇ ਕਲੇਸ਼ ਨੂੰ ਰੋਕਣ ਦੇ ਲਈ ਬਦਲਾਅ ਕਰਦੇ ਹੋਏ ਪਾਰਟੀ ਦੇ ਦੂਜੇ ਆਗੂਆਂ ਨੂੰ ਵੱਡੀਆਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ, ਪਰ ਸ਼ਾਇਦ ਇਹ ਪੰਜਾਬ ਕਾਂਗਰਸ ਦੇ ਕਲੇਸ਼ ਦਾ ਹੱਲ ਨਹੀਂ ਨਿਕਲ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਲਈ ਸਾਬਕਾ ਪ੍ਰਧਾਨ ਸੁਨੀਲ ਜਾਖੜ ਚੁਣੌਤੀ ਬਣਦੇ ਹੋਏ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਇੱਕ ਵਾਰ ਫਿਰ ਤੋਂ ਬਗਾਵਤੀ ਸੁਰ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਸੁਨੀਲ ਜਾਖੜ ਵੱਲੋਂ ਆਪਣੇ ਫੇਸਬੁੱਕ ਪੇਜ ’ਤੇ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ’ਚ ਉਨ੍ਹਾਂ ਨੇ ਇੱਕ ਖ਼ਬਰ ਨੂੰ ਸਾਂਝੀ ਕੀਤਾ ਹੈ ਜਿਸ ਚ ਜਾਖੜ ਦੇ ਹਵਾਲੇ ਦੇ ਨਾਲ ਸਾਰੀ ਗੱਲ ਜਾਹਿਰ ਕੀਤੀ ਗਈ ਹੈ ਕਿ ਉਨ੍ਹਾਂ ਦੇ ਖਿਲਾਫ ਨੋਟਿਸ ਇੱਕ ਮਹਿਲਾ ਕਾਂਗਰਸੀ ਆਗੂ ਦੇ ਦਬਾਅ ਹੇਠ ਭੇਜਿਆ ਗਿਆ ਹੈ।
ਸੁਨੀਲ ਜਾਖੜ ਵੱਲੋਂ ਕੀਤੀ ਗਈ ਇਸ ਪੋਸਟ ਦੇ ਨਾਲ ਉਨ੍ਹਾਂ ਨੇ ਕਾਂਗਰਸ ਹਾਈਕਮਾਨ ਦੇ ਅੱਗੇ ਨਾ ਝੁਕਣ ਦੇ ਸੰਕੇਤ ਦਿੱਤੇ ਹਨ। ਜੀ ਹਾਂ ਸੁਨੀਲ ਜਾਖੜ ਨੇ ਹੁਣ ਤੱਕ ਕਾਂਗਰਸ ਹਾਈਕਮਾਂਡ ਨੂੰ ਨੋਟਿਸ ਦਾ ਜਵਾਬ ਨਹੀਂ ਦਿੱਤਾ ਹੈ।
ਇਹ ਵੀ ਪੜੋ: ਰਾਜੋਆਣਾ ਦੀ ਰਿਹਾਈ ਦੇ ਹੱਕ ’ਚ ਉੱਤਰੇ ਸਾਂਸਦ ਮਨੀਸ਼ ਤਿਵਾੜੀ
ਸੁਨੀਲ ਜਾਖੜ ਦੇ ਬਾਗੀ ਤੇਵਰ, ਨੋਟਿਸ ਦਾ ਨਹੀਂ ਦਿੱਤਾ ਜਵਾਬ: ਕਾਬਿਲੇਗੌਰ ਹੈ ਕਿ ਪਾਰਟੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ ਇੱਕ ਟਿੱਪਣੀ ਕੀਤੀ ਸੀ ਜਿਸ ਤੋਂ ਬਾਅਦ ਪਾਰਟੀ ਅੰਦਰ ਹੀ ਉਨ੍ਹਾਂ ਦਾ ਵਿਰੋਧ ਹੋਇਆ, ਉਥੇ ਹੀ ਵਿਰੋਧੀ ਪਾਰਟੀ ਦੇ ਆਗੂਆਂ ਨੇ ਵੀ ਕਾਂਗਰਸ 'ਤੇ ਸਵਾਲ ਚੁੱਕਣੇ ਤੇਜ਼ ਕਰ ਦਿੱਤੇ। ਪਾਰਟੀ ਖਿਲਾਫ਼ ਉੱਠੇ ਸਵਾਲਾਂ ਤੋਂ ਬਾਅਦ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ ਪਰ ਸੁਨੀਲ ਜਾਖੜ ਨੇ ਅਜੇ ਤੱਕ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਹੈ।