ਚੰਡੀਗੜ੍ਹ: ਸੰਨ 1992 ਦੇ ਬਲਵੰਤ ਸਿੰਘ ਮੁਲਤਾਨੀ ਕਿਡਨੈਪਿੰਗ ਤੇ ਹਿਰਾਸਤੀ ਕਤਲ ਮਾਮਲੇ ਨੂੰ ਲੈ ਕੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 'ਤੇ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਮੋਹਾਲੀ ਦੇ ਮਟੌਰ ਥਾਣੇ ਵਿੱਚ ਦਰਜ ਮਾਮਲੇ ਵਿੱਚ ਭਾਰਤੀ ਦੰਡਵਾਲੀ ਦੀ ਧਾਰਾ 302 ਦਾ ਵਾਧਾ ਕੀਤਾ ਹੈ। ਇਸ ਨੂੰ ਲੈ ਕੇ ਸੁਮੇਧ ਸਿੰਘ ਸੈਣੀ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਤੇ ਅਗਾਊਂ ਜ਼ਮਾਨਤ ਲੈਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਵੀ ਖੜਕਾਇਆ ਹੈ। ਇਸ ਕੇਸ ਦੀ ਸੁਣਵਾਈ ਕਰ ਰਹੇ ਜੱਜ ਸੁਵੀਰ ਸਹਿਗਲ ਨੇ ਕੇਸ ਨੂੰ ਸੁਣਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਹ ਖੁਲਾਸਾ ਇਸ ਕੇਸ ਵਿੱਚ ਸਰਕਾਰੀ ਵਕੀਲ ਸੁਰਤੇਜ ਸਿੰਘ ਨਰੂਲਾ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਮਗਰੋਂ ਸੁਮੇਧ ਸੈਣੀ ਕੋਲ ਗ੍ਰਿਫ਼ਤਾਰੀ ਤੋਂ ਬਚਣ ਲਈ ਹਾਲ ਦੀ ਘੜੀ ਕੋਈ ਕਨੂੰਨੀ ਰਾਹਤ ਨਹੀਂ ਹੈ ਕਿਉਂਕਿ ਉਨ੍ਹਾਂ ਦੀ ਅਗਾਊਂ ਜ਼ਮਾਨਤ ਦਾ ਕੇਸ ਹਾਈ ਕੋਰਟ ਦੇ ਮੁੱਖ ਜੱਜ ਕੋਲ ਹੈ ਅਤੇ ਉਹ ਇਸ ਕੇਸ ਨੂੰ ਨਵੇਂ ਸਿਰੇ ਤੋਂ ਕਿਸੇ ਹੋਰ ਜੱਜ ਕੋਲ ਭੇਜਣਗੇ। ਇਸ ਦੇ ਚਲਦੇ ਸੈਣੀ ਨੂੰ ਪੁਲਿਸ ਕਿਸੇ ਵੇਲੇ ਵੀ ਗ੍ਰਿਫ਼ਤਾਰ ਕਰ ਸਕਦੀ ਹੈ।
ਵਕੀਲ ਨਰੂਲਾ ਨੇ ਕਿਹਾ ਕਿ ਇਸ ਵੇਲੇ ਸੈਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਰੂਪਪੋਸ਼ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੋ ਗੱਲ ਸੈਣੀ ਦੇ ਪਰਿਵਾਰ ਵੱਲੋਂ ਸੁਰੱਖਿਆ ਵਾਪਸ ਲਏ ਜਾਣ ਦੀ ਕਹੀ ਜਾ ਰਹੀ ਹੈ, ਉਸ 'ਚ ਕੋਈ ਤੱਥ ਨਹੀਂ ਹੈ। ਉਨ੍ਹਾਂ ਕਿਹਾ ਸੈਣੀ ਦੇ ਸੁਰੱਖਿਆ ਕਰਮੀ ਉਨ੍ਹਾਂ ਦੇ ਘਰ ਵਿੱਚ ਹੀ ਮੌਜੂਦ ਹਨ ਪਰ ਸੈਣੀ ਅਤੇ ਉਨ੍ਹਾਂ ਦਾ ਪਰਿਵਾਰਕ ਮੈਂਬਰ ਘਰ ਛੱਡ ਕੇ ਕਿਤੇ ਚਲੇ ਗਏ ਹਨ।
ਵਕੀਲ ਨਰੂਲਾ ਨੇ ਦੱਸਿਆ ਕਿ ਪਹਿਲਾਂ ਮਿਲੀ ਹੋਈ ਜ਼ਮਾਨਤ ਦੀਆਂ ਸ਼ਰਤਾਂ ਨੂੰ ਵੀ ਸੈਣੀ ਨੇ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸੈਣੀ ਨੂੰ ਅਦਾਲਤ ਨੇ ਲੌਕਡਾਊਨ ਦੌਰਾਨ ਘਰ ਨਾ ਛੱਡ ਕੇ ਜਾਣ ਲਈ ਹੁਕਮ ਕੀਤੇ ਸਨ, ਜਿਨ੍ਹਾਂ ਹੁਕਮਾਂ ਨੂੰ ਸੈਣੀ ਨੇ ਤੋੜਿਆ ਹੈ।