ਚੰਡੀਗੜ੍ਹ: ਭੁਲੱਥ ਤੋਂ ਵਿਧਾਇਕ ਸੁਖਪਾਲ ਖ਼ਹਿਰਾ ਨੇ ਵਿਨੀ ਮਹਾਜਨ ਦੇ ਚੀਫ ਸਕੱਤਰ ਨਿਯੁਕਤ ਕਰਨ 'ਤੇ ਪਹਿਲਾਂ ਤਾਂ ਟਵੀਟ ਕਰ ਇਤਰਾਜ਼ ਜਤਾਇਆ ਸੀ। ਹੁਣ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨੇ ਵਿੰਨ੍ਹੇ ਹਨ। ਉਨ੍ਹਾਂ ਕਿਹਾ ਕਿ 5 ਸੀਨੀਅਰ ਅਫਸਰਾਂ ਨੂੰ ਅਣਦੇਖਾ ਕਰ ਵਿਨੀ ਮਹਾਜਨ ਨੂੰ ਚੀਫ ਸਕੱਤਰ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ 'ਚ ਚੀਫ ਸਕੱਤਰ, ਡੀਜੀਪੀ ਤੋਂ ਲੈ ਕੇ ਟਾਪ ਦੇ ਪਹਿਲੇ 10 ਅਧਿਕਾਰੀ ਨਾਨ ਸਿੱਖ ਹਨ। ਉਨ੍ਹਾਂ ਕਿਹਾ ਕਿ ਜੇ ਸਿੱਖਾਂ ਨੂੰ ਆਪਣੀ ਇਮਾਨਦਾਰੀ ਤੇ ਬਿਹਤਰ ਕੰਮ ਵਿਖਾਉਣ ਦਾ ਮੌਕਾ ਪੰਜਾਬ 'ਚ ਨਾ ਮਿਲਿਆ ਤਾਂ ਉਹ ਕਿਥੇ ਜਾਣਗੇ।
ਖਹਿਰਾ ਨੇ ਕਿਹਾ ਇਹ ਸਿੱਖਾਂ ਨਾਲ ਬੇਇਨਸਾਫ਼ੀ ਹੈ। ਖਹਿਰਾ ਨੇ ਕਿਹਾ ਕਿ ਕੈਪਟਨ ਨੇ ਘਰਵਾਲੇ ਨੂੰ ਡੀਜੀਪੀ ਤੇ ਘਰਵਾਲੀ ਨੂੰ ਚੀਫ਼ ਸਕੱਤਰ ਲਗਾ ਦਿੱਤਾ ਹੈ। ਅਫਸਰਸ਼ਾਹੀ ਖ਼ਤਮ ਕਰਨ ਦੀ ਗੱਲ ਕਹਿਣ ਵਾਲੇ ਅੱਜ ਆਪ ਹੀ ਸੂਬੇ 'ਚ ਅਫਸਰਸ਼ਾਹੀ ਨੂੰ ਹਾਵੀ ਕਰ ਰਹੇ ਹਨ।
ਡੀਜੀਪੀ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਦਿਨਕਰ ਗੁਪਤਾ ਦੀ ਕਾਰਗੁਜ਼ਾਰੀ ਤਾਂ ਪਹਿਲਾਂ ਹੀ ਸਾਰੇ ਲੋਕਾਂ ਸਾਹਮਣੇ ਹੈ ਹੁਣ ਉਨ੍ਹਾਂ ਦੀ ਪਤਨੀ ਨੂੰ ਲਾ ਦਿੱਤਾ ਗਿਆ ਹੈ। ਖਹਿਰਾ ਨੇ ਕਿਹਾ ਕਿ ਕੀ ਵਿਨੀ ਮਹਾਜਨ ਕਦੇ ਆਪਣੇ ਪਤੀ ਡੀਜੀਪੀ ਦਿਨਕਰ ਗੁਪਤਾ ਵਿਰੁੱਧ ਖੁੱਲ੍ਹ ਕੇ ਬੋਲ ਸਕਦੀ ਹੈ? ਕੀ ਉਹ ਸਮਾਂ ਆਉਣ 'ਤੇ ਡੀਜੀਪੀ ਦਿਨਕਰ ਗੁਪਤਾ ਵਿਰੁੱਧ ਕਾਰਵਾਈ ਕਰ ਸਕਦੀ ਹੈ?