ਚੰਡੀਗੜ੍ਹ: ਮਨੀ ਲਾਂਡਰਿੰਗ ਮਾਮਲੇ (Money laundering cases) ਵਿਚ ਜਮਾਨਤ 'ਤੇ ਜੇਲ੍ਹ ਤੋਂ ਬਾਹਰ ਆਉਂਦਿਆਂ ਹੀ ਕਾਂਗਰਸੀ ਆਗੂ ਅਤੇ ਭੁਲੱਥ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ (Sukhpal Singh Khaira) ਨੇ ਆਪਣੀ ਹੀ ਪਾਰਟੀ ਦੀ ਸਰਕਾਰ 'ਤੇ ਹਮਲਾ ਬੋਲਿਆ ਹੈ।
ਆਪਣੇ ਨਿਵਾਸ 'ਤੇ ਕੀਤੀ ਇਕ ਪ੍ਰੈਸ ਕਾਨਫਰੰਸ ਦੌਰਾਨ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਜੇਲ ਭਿਜਵਾਉਣ ਪਿੱਛੇ ਉਨ੍ਹਾਂ ਦੀ ਹੀ ਚੰਨੀ ਸਰਕਾਰ ਦੇ ਮੰਤਰੀ ਰਾਣਾ ਗੁਰਜੀਤ ਸਿੰਘ ਦਾ ਰੋਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ, ਮੰਤਰੀ ਰਾਣਾ ਗੁਰਜੀਤ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਰੋਲ ਰਿਹਾ ਹੈ।
ਨਾਜਾਇਜ਼ ਮਾਈਨਿੰਗ ਕਰਨ ਵਿਰੁੱਧ ਉਨ੍ਹਾਂ ਨੇ ਚਲਾਈ ਸੀ ਮੁਹਿੰਮ
ਇਸ ਵਿਰੋਧਤਾ ਦਾ ਕਾਰਣ ਦੱਸਦਿਆਂ ਖਹਿਰਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਵਿਰੁੱਧ ਸੰਘਰਸ਼ ਕੀਤਾ, ਇਸ ਲਈ ਉਹ ਕੇਂਦਰ ਸਰਕਾਰ ਦੇ ਨਿਸ਼ਾਨੇ 'ਤੇ ਸਨ। ਰਾਣਾ ਗੁਰਜੀਤ ਸਿੰਘ ਵੱਲੋਂ ਰੇਤ ਦੀਆਂ ਖੱਡਾਂ ਦੀ ਨਾਜਾਇਜ ਮਾਈਨਿੰਗ ਕਰਨ ਵਿਰੁੱਧ ਉਨ੍ਹਾਂ ਨੇ ਮੁਹਿੰਮ ਚਲਾਈ ਸੀ, ਜਿਸ ਕਰਕੇ ਅਮਰਿੰਦਰ ਸਿੰਘ ਦੀ ਸਰਕਾਰ ਵਿਚ ਰਾਣਾ ਗੁਰਜੀਤ ਨੂੰ ਮੰਤਰੀ ਅਹੁਦੇ ਤੋਂ ਬਾਹਰ ਕਰ ਦਿੱਤਾ ਗਿਆ। ਇਸੇ ਕਾਰਨ ਰਾਣਾ ਗੁਰਜੀਤ ਉਨ੍ਹਾਂ ਨਾਲ ਟਕਰਾਅ ਰੱਖ ਰਹੇ ਸਨ।
ਚਾਰਜਸ਼ੀਟ ਵਿਚ ਉਨ੍ਹਾਂ ਵਿਰੁੱਧ ਨਾ ਡਰੱਗ ਦਾ ਅਤੇ ਨਾ ਹੀ ਹਥਿਆਰਾਂ ਦਾ ਦੋਸ਼ ਆਇਆ
ਮੰਤਰੀ ਰਾਣਾ ਗੁਰਜੀਤ (Rana Gurjeet) ਨੇ ਹੀ ਕੈਪਟਨ ਅਮਰਿੰਦਰ ਸਿੰਘ (Capt. Amrinder Singh) ਦੀ ਸਰਕਾਰ ਵਿਚ ਮੰਤਰੀ ਹੁੰਦਿਆਂ ਉਨ੍ਹਾਂ ਨੂੰ ਇਕ ਪੁਰਾਣੇ ਮਾਮਲੇ ਵਿਚ ਫਸਵਾਇਆ ਸੀ ਅਤੇ ਉਸੇ ਮਾਮਲੇ ਵਿਚ ਹੀ ਇੰਫੋਰਸਮੈਂਟ ਡਾਈਰੇਕਟੋਰੇਟ ਨੂੰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਇਆ। ਜਦਕਿ ਚਾਰਜਸ਼ੀਟ ਵਿਚ ਉਨ੍ਹਾਂ ਵਿਰੁੱਧ ਨਾ ਡਰੱਗ ਦਾ ਅਤੇ ਨਾ ਹੀ ਹਥਿਆਰਾਂ ਦਾ ਦੋਸ਼ ਆਇਆ ਹੈ।
ਖਹਿਰਾ ਨੇ ਅਰਵਿੰਦ ਕੇਜਰੀਵਾਲ 'ਤੇ ਲਗਾਤਾਰ ਕੀਤੇ ਤਿੱਖੇ ਹਮਲੇ
ਦਿਲਚਸਪ ਗੱਲ ਇਹ ਵੀ ਸੀ ਕਿ ਰਾਜਨੀਤਕ ਵਿਰੋਧਤਾ ਦੇ ਬਾਵਜੂਦ ਖਹਿਰਾ ਨੇ ਨਾ ਤਾਂ ਇਸ ਮਾਮਲੇ ਵਿਚ ਅਕਾਲੀ ਦਲ ਨੂੰ ਦੋਸ਼ੀ ਦੱਸਿਆ ਅਤੇ ਨਾ ਹੀ ਭਾਜਪਾ ਦੇ ਸਹਿਯੋਗੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਕਿਹਾ। ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲਗਾਤਾਰ ਤਿੱਖੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਲਈ ਵਿਦੇਸ਼ਾਂ ਵਿਚ ਪ੍ਰੋਗਰਾਮ ਕਰਕੇ ਕਰੋੜਾਂ ਦੇ ਫੰਡ ਲਈ ਐਨ. ਆਰ. ਆਈਜ ਨੂੰ ਪ੍ਰੋਤਸਾਹਿਤ ਕੀਤਾ। ਪਰ ਇੰਫੋਰਸਮੈਂਟ ਡਾਈਰੇਕਟੋਰੇਟ ਦੀ ਕਾਰਵਾਈ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਹਿ ਦਿੱਤਾ ਕਿ ਵਿਦੇਸ਼ਾਂ ਤੋਂ ਫੰਡ ਖਹਿਰਾ ਨੇ ਆਪਣੇ ਲਈ ਲਿਆ, ਪਾਰਟੀ ਲਈ ਨਹੀਂ। ਜਦਕਿ ਆਮ ਆਦਮੀ ਪਾਰਟੀ ਦੀ ਵੈਬਸਾਈਟ 'ਤੇ ਇਸ ਸਬੰਧੀ ਫੋਟੋ ਆਦਿ ਮੌਜੂਦ ਹਨ, ਜੋ ਸਾਬਤ ਕਰਦੇ ਹਨ ਕਿ ਫੰਡ ਆਮ ਆਦਮੀ ਪਾਰਟੀ ਲਈ ਹੀ ਆਇਆ ਸੀ।
ਇਹ ਵੀ ਪੜ੍ਹੋ: ਜਨਤਕ ਦੌਰ 'ਤੇ ਮੁਆਫ਼ੀ ਮੰਗੇ ਨਵਜੋਤ ਸਿੱਧੂ: ਬਿਕਰਮ ਮਜੀਠੀਆ