ਚੰਡੀਗੜ੍ਹ: ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਿਜਲੀ ਦੇ ਮੁੱਦੇ 'ਤੇ ਅਕਾਲੀ ਦਲ ਦੇ ਵਿਰੁੱਧ ਰਾਜਪਾਲ ਨੂੰ ਸਬੂਤ ਦਿੱਤੇ ਹਨ। ਰੰਧਾਵਾ ਨੇ ਕਿਹਾ ਕਿ ਰਾਜਪਾਲ ਵੀਪੀ ਬਦਨੌਰ ਨੂੰ ਉਨ੍ਹਾਂ ਨੇ ਮਿਲ ਕੇ ਅਕਾਲੀ ਦਲ ਦੇ ਵਿਰੁੱਧ ਸਬੂਤ ਪੇਸ਼ ਕੀਤੇ ਹਨ ਕਿ ਕਿਸ ਤਰ੍ਹਾਂ ਪਾਵਰ ਪਰਚੇਜ਼ ਐਗਰੀਮੈਂਟ ਕੀਤਾ ਗਿਆ।
2006 ਵਿੱਚ ਕਾਂਗਰਸ ਸਰਕਾਰ ਸਮੇਂ ਕੋਲ਼ਾ ਝਾਰਖੰਡ ਦੀ ਕੰਪਨੀ ਨੂੰ ਦਿੱਤਾ ਗਿਆ ਸੀ ਪਰ ਅਕਾਲੀਆਂ ਨੇ 2007 ਸਰਕਾਰ ਬਣਨ ਤੋਂ ਬਾਅਦ ਕਿਸੇ ਮਾਈਨਿੰਗ ਕੰਪਨੀ ਤੋਂ ਕੋਲਾ ਖਰੀਦਣਾ ਸ਼ੁਰੂ ਕਰ ਦਿੱਤਾ। ਚਾਰ ਹਜ਼ਾਰ ਮੈਗਾਵਾਟ ਦੇ ਪਾਵਰ ਪ੍ਰਚੇਜ਼ ਐਗਰੀਮੈਂਟ ਵੀ ਕੀਤੇ ਪਰ ਗੁਜਰਾਤ ਤੇ ਪੰਜਾਬ ਪਾਵਰ ਪ੍ਰਚੇਜ਼ ਐਗਰੀਮੈਂਟ ਵਿੱਚ ਵੱਡਾ ਫਰਕ ਵੇਖਣ ਨੂੰ ਮਿਲਿਆ ਹੈ।
ਪੰਜਾਬ 'ਚ ਲੱਗੇ ਪਲਾਂਟਾਂ ਦੀ ਕੀਮਤ 25 ਹਜ਼ਾਰ ਕਰੋੜ ਰੁਪਏ ਹੈ, ਹੁਣ ਤੱਕ ਸਰਕਾਰ 12 ਹਜ਼ਾਰ ਕਰੋੜ ਰੁਪਏ ਉਨ੍ਹਾਂ ਨੂੰ ਭੁਗਤਾਨ ਕਰ ਚੁੱਕੀ ਹੈ। 25 ਸਾਲ ਤੱਕ 65 ਤੋਂ 70 ਹਜ਼ਾਰ ਕਰੋੜ ਰੁਪਏ ਭੁਗਤਾਨ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ 2014-2016 ਦੌਰਾਨ 13 ਹਜ਼ਾਰ ਕਰੋੜ ਤੋਂ ਵੱਧ ਦੀ ਬਿਜਲੀ ਖ਼ਰੀਦੀ ਤੇ ਸੁਖਜਿੰਦਰ ਰੰਧਾਵਾਂ ਨੇ ਸੁਖਬੀਰ ਤੋਂ ਵੀ ਸਵਾਲ ਕੀਤਾ ਕਿ ਉਨ੍ਹਾਂ ਨੇ ਸਰਪਲੱਸ ਬਿਜਲੀ ਕਿਹੜੇ ਸੂਬੇ ਨੂੰ ਕਿੰਨੇ ਰੇਟ 'ਤੇ ਵੇਚੀ।
ਅਕਾਲੀ ਦਲ ਦੀ ਸਰਕਾਰ ਨੇ 17 ਵਾਰ ਟੈਂਡਰ ਲਗਾਏ ਪਰ ਪੂਰੇ ਦੇਸ਼ ਦੇ ਵਿੱਚੋਂ 3 ਰੁਪਏ ਨੂੰ ਵੀ ਬਿਜਲੀ ਅਕਾਲੀਆਂ ਤੋਂ ਨਹੀਂ ਖਰੀਦੀ ਤੇ ਸੁਖਬੀਰ ਸਿੰਘ ਬਾਦਲ ਇਹ ਵੀ ਦੱਸਣ 1231 ਕਰੋੜ ਰੁਪਿਆ ਡੈਮੇਜ ਚਾਰਜਸ ਪ੍ਰਾਈਵੇਟ ਥਰਮਲ ਪਲਾਂਟ ਮਾਲਕਾਂ ਤੋਂ ਕਿਉਂ ਨਹੀਂ ਲਿਆ ਗਿਆ। ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਨੇ ਉਲਟਾ ਪ੍ਰਾਈਵੇਟ ਪਲਾਂਟਾਂ ਨੂੰ ਫਿਕਸ ਚਾਰਜਿਜ਼ ਦੇ ਰੂਪ ਦੇ ਵਿੱਚ ਕਰੋੜਾਂ ਰੁਪਇਆ ਦਿੰਦੇ ਰਹੇ।
ਸੁਖਜਿੰਦਰ ਰੰਧਾਵਾ ਨੇ ਸੁਖਬੀਰ ਬਾਦਲ ਨੂੰ ਚੈਲੇਂਜ ਕਰਦਿਆਂ ਕਿਹਾ ਕਿ ਪੀਟੀਸੀ ਨਿਊਜ਼ ਨੂੰ ਛੱਡ ਕੇ ਉਹ ਕਿਸੇ ਵੀ ਚੈਨਲ 'ਤੇ ਉਨ੍ਹਾਂ ਨਾਲ ਬਿਜਲੀ ਦੇ ਮੁੱਦੇ ਤੇ ਡਿਬੇਟ ਕਰ ਲੈਣ। ਰੰਧਾਵਾ ਨਾਲ ਮੌਜੂਦ ਤਮਾਮ ਕਾਂਗਰਸੀ ਵਿਧਾਇਕਾਂ ਨੇ ਅਕਾਲੀ ਸਰਕਾਰ ਵੱਲੋਂ ਕੀਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਇੱਕ ਬਲੈਕ ਪੇਪਰ ਜਾਰੀ ਕੀਤਾ। ਇਸ ਦੌਰਾਨ ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਪੁੱਛਿਆ ਕਿ ਸਰਕਾਰੀ ਕੋਲ ਕੰਪਨੀ ਨੂੰ ਛੱਡ ਪ੍ਰਾਈਵੇਟ ਕੋਲ ਕੰਪਨੀ ਨੂੰ ਕਾਂਟ੍ਰੈਕਟ ਕਿਉਂ ਦਿੱਤਾ ਗਿਆ? ਸੁਖਜਿੰਦਰ ਰੰਧਾਵਾ ਨੇ ਮੰਨਿਆ ਅਕਾਲੀਆਂ ਦੀ ਸਰਕਾਰ ਸਮੇਂ ਲੱਗੇ ਵਕੀਲਾਂ ਨੂੰ ਜੇਕਰ ਸਾਡੀ ਸਰਕਾਰ ਨੇ ਹਟਾ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਹਾਲ ਨਾ ਹੁੰਦਾ।