ਚੰਡੀਗੜ੍ਹ: ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਵਰਕਰਾਂ ਨਾਲ ਸਹਿਮਤੀ ਜਤਾਉਂਦਿਆਂ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਹਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਹੁਣ ਅਕਾਲੀ ਦਲ ਦਾ ਹਿੱਸਾ ਨਹੀਂ ਹਨ।
ਇਸ ਉੱਪਰ ਜਵਾਬ ਦਿੰਦਿਆਂ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਕੋਈ ਵੀ ਲਿਖਤੀ ਰੂਪ ਦੇ ਵਿੱਚ ਅਕਾਲੀ ਦਲ ਵੱਲੋਂ ਚਿੱਠੀ ਨਹੀਂ ਮਿਲੀ ਹੈ। ਬਾਕੀ ਰਹੀ ਗੱਲ ਜ਼ਿਲ੍ਹਾ ਸੰਗਰੂਰ ਤੇ ਬਰਨਾਲਾ ਦੇ ਵਰਕਰਾਂ ਦੀ, ਤਾਂ ਉਸ ਰੈਲੀ ਵਿੱਚ ਪੂਰੇ ਪੰਜਾਬ ਦੇ ਵਰਕਰ ਸਨ ਤੇ ਪੰਡਾਲ ਦੇ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਹੱਥ ਨਹੀਂ ਖੜ੍ਹੇ ਕੀਤੇ। ਸਟੇਜ ਉੱਤੇ ਬੈਠੇ ਲੋਕਾਂ ਨੇ ਹੀ ਹੱਥ ਖੜ੍ਹੇ ਕੀਤੇ ਸਨ, ਉਨ੍ਹਾਂ ਦਾ ਜੋ ਵੀ ਫ਼ੈਸਲਾ ਉਸ ਦਾ ਉਹ ਸਵਾਗਤ ਕਰਦੇ ਹਨ।
ਉੱਥੇ ਹੀ ਪ੍ਰਕਾਸ਼ ਸਿੰਘ ਬਾਦਲ ਉੱਤੇ ਨਿਸ਼ਾਨਾ ਵਿੰਨ੍ਹਦਿਆਂ ਢੀਂਡਸਾ ਨੇ ਕਿਹਾ, "ਸੰਗਰੂਰ ਰੈਲੀ ਵਿੱਚ ਸੁਖਬੀਰ ਸਿੰਘ ਬਾਦਲ ਜੋ ਮਰਜ਼ੀ ਬੋਲ ਲੈਂਦੇ ਪਰ ਜੋ ਪ੍ਰਕਾਸ਼ ਸਿੰਘ ਬਾਦਲ ਬੋਲੇ ਉਨ੍ਹਾਂ ਤੋਂ ਇਹ ਉਮੀਦ ਨਹੀਂ ਸੀ ਤੇ ਮੈਂ ਕਦੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ਼ ਨਹੀਂ ਬੋਲਿਆ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ।"
ਸੇਵਾ ਸਿੰਘ ਸੇਖਵਾਂ ਵੱਲੋਂ ਬੀਤੇ ਦਿਨ ਪ੍ਰੈੱਸ ਵਾਰਤਾ ਕਰ ਸੁਖਬੀਰ ਬਾਦਲ ਉੱਤੇ ਨਿਸ਼ਾਨੇ ਵਿੰਨ੍ਹਣ ਅਤੇ ਕੇਜਰੀਵਾਲ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹਣ ਉੱਤੇ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ, "ਸਾਡੀਆਂ ਪਾਰਟੀਆਂ ਵੱਖੋਂ-ਵੱਖਰੀਆਂ ਹਨ, ਸੇਵਾ ਸਿੰਘ ਸੇਖਵਾਂ ਦਾ ਅਰਵਿੰਦ ਕੇਜਰੀਵਾਲ ਦੀ ਤਾਰੀਫ ਕਰਨਾ ਉਨ੍ਹਾਂ ਦਾ ਆਪਣਾ ਫੈਸਲਾ ਹੈ।"