ਚੰਡੀਗੜ੍ਹ: ਦੁਨੀਆਂ ਭਰ ਦੇਸ਼ਾਂ ਨਾਲੋਂ ਅੱਜ ਭਾਰਤ ’ਚ ਕੋਰੋਨਾ ਤੇਜੀ ਨਾਲ ਫੈਲ ਰਿਹਾ ਹੈ। ਜਿਸ ਤੋਂ ਮਗਰੋਂ ਸਰਕਾਰ ਵੈਕਸੀਨੇਸ਼ਨ ਪ੍ਰਕੀਰਿਆ ਤੇਜ਼ ਕਰਨ ਦੀ ਗੱਲ ਕਹਿ ਰਹੀ ਹੈ। ਉਥੇ ਹੀ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਜਰੂਰ ਲਗਵਾਉਣ। ਇਸ ਦੇ ਨਾਲ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਲਗਾਤਾਰ ਵਿਗੜ ਰਹੇ ਕੋਰੋਨਾ ਮਹਾਂਮਾਰੀ ਦੇ ਹਲਾਤਾਂ ਦੀ ਸਮੀਖਿਆ ਵਾਸਤੇ ਡਿਪਟੀ ਕਮਿਸ਼ਨਰਾਂ ਨਾਲ ਸਿੱਧੀ ਮੀਟਿੰਗ ਕਰਨ ਤਾਂ ਜੋ ਦਰੁੱਸਤੀ ਭਰੇ ਕਦਮ ਤੁਰੰਤ ਚੁੱਕੇ ਜਾ ਸਕਣ।
ਇਹ ਵੀ ਪੜੋ: ਪੰਜਾਬ ਅੰਦਰ 24 ਘੰਟਿਆਂ 'ਚ 7,327 ਕੋਰੋਨਾ ਦੇ ਨਵੇਂ ਮਾਮਲੇ, 157 ਮੌਤਾਂ
ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਕੀਤੇ ਦੌਰਿਆਂ ਦੌਰਾਨ ਅਤੇ ਲੋਕਾਂ ਨਾਲ ਕੀਤੀ ਗੱਲਬਾਤ ਦੌਰਾਨ ਉਹਨਾਂ ਮਹਿਸੂਸ ਕੀਤਾ ਕਿ ਲੋਕ ਵੈਕਸੀਨ ਲਗਵਾਉਣ ਤੋਂ ਕਿਨਾਰਾ ਕਰ ਰਹੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਹਰ ਤਰ੍ਹਾਂ ਦੀ ਗਲਤਫਹਿਮੀ ਪਾਸੇ ਕਰ ਕੇ ਆਪ ਤੇਜ਼ ਰਫਤਾਰ ਨਾਲ ਵੈਕਸੀਨ ਲਗਵਾਉਣ। ਉਹਨਾਂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ 94 ਸਾਲ ਦੀ ਉਮਰ ਵਿੱਚ ਆਪ ਵੈਕਸੀਨ ਲਗਵਾਈ ਹੈ ਤੇ ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨ ਲਗਵਾਉਣਾ ਹੀ ਇਕੋ ਇਕ ਤਰੀਕਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸੂਬੇ ਵਿੱਚ ਇਹ ਭਾਵਨਾ ਵੱਧ ਰਹੀ ਹੈ ਕਿ ਲੋਕਾਂ ਨੂੰ ਉਹਨਾਂ ਦੇ ਹਾਲ ’ਤੇ ਛੱਡ ਦਿੱਤਾ ਗਿਆ ਹੈ ਅਤੇ ਸਰਕਾਰ ਸਿਰਫ ਨਾਂ ਦੀ ਰਹਿ ਗਈ ਹੈ। ਉਹਨਾਂ ਕਿਹਾ ਕਿ ਹਾਲਾਤ ਇਸ ਕਦਰ ਖਰਾਬ ਹੋ ਗਏ ਹਨ ਕਿ ਮੁੱਖ ਮੰਤਰੀ ਨੇ ਸਾਰੀ ਜ਼ਿੰਮੀਵਾਰੀ ਅਫ਼ਸਰਾਂ ’ਤੇ ਛੱਡ ਦਿੱਤੀ ਹੈ ਜੋ ਕਿ ਗਲਤ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਸਥਿਤੀ ਦਾ ਚਾਰਜ ਸੰਭਾਲਣਾ ਚਾਹੀਦਾ ਅਤੇ ਆਪ ਰੋਜ਼ਾਨਾ ਆਧਾਰ ’ਤੇ ਸਭ ਤੋਂ ਵੱਧ ਮਾਰ ਹੇਠ ਆਏ ਜ਼ਿਲ੍ਹਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ।
ਇਹ ਵੀ ਪੜੋ: ਬੇਲਗਾਮ ਕੋਰੋਨਾ: ਪੰਜਾਬ 'ਚ ਵਧੀਆਂ ਪਾਬੰਦੀਆਂ, ਨਵੇਂ ਨਿਰਦੇਸ਼ ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਸੁਖਬੀਰ ਸਿੰਘ ਬਾਦਲ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਯੂਥ ਅਕਾਲੀ ਦਲ ਨੂੰ ਪਲਾਜ਼ਮਾ ਦਾਨ ਕਰਨ ਵਾਸਤੇ ਬੇਨਤੀ ਕੀਤੀ ਸੀ। ਉਹਨਾਂ ਕਿਹਾ ਕਿ ਯੂਥ ਅਕਾਲੀ ਦਲ ਨੇ ਪਲਾਜ਼ਮਾ ਬੈਂਕ ਬਣਾਇਆ ਹੈ ਤੇ ਉਹਨਾਂ ਨੇ ਲੋੜਵੰਦਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਵਾਸਤੇ ਕਿਹਾ। ਉਹਨਾਂ ਨੇ ਮੋਬਾਈਲ ਨੰਬਰ 99080-00013, 97791-71507 ਅਤੇ 842750-44763 ਵੀ ਜਾਰੀ ਕੀਤੇ ਜਿਸ ’ਤੇ ਲੋਕ ਆਪਣੀ ਸਹੂਲਤ ਲਈ ਸੰਪਰਕ ਕਰ ਸਕਦੇ ਹਨ।