ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫ਼ਦ ਬੁੱਧਵਾਰ ਨੂੰ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਮੁਲਾਕਾਤ ਕਰਨ ਲਈ ਪੁੱਜਿਆ। ਇਸ ਵਫ਼ਦ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤੀ। ਵਫ਼ਦ ਨੇ ਬਿਜਲੀ ਦੇ ਮੁੱਦੇ ਨੂੰ ਲੈ ਕੇ ਕੈਪਟਨ ਸਰਕਾਰ ਦੀ ਸ਼ਿਕਾਇਤ ਰਾਜਪਾਲ ਨੂੰ ਕੀਤੀ। ਬਾਦਲ ਨੇ ਰਾਜਪਾਲ ਨੂੰ ਮਿਲ ਕੇ ਪੰਜਾਬ ਸਰਕਾਰ ਦੇ ਉੱਪਰ ਖਜ਼ਾਨਾ ਲੁੱਟਣ ਦੇ ਇਲਜ਼ਾਮ ਲਗਾਏ ਹਨ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਉੱਤੇ 2500 ਕਰੋੜ ਦਾ ਬੇਲੋੜਾ ਬੋਝ ਸਰਕਾਰ ਵੱਲੋਂ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇੱਥੇ ਵੀ ਕੋਈ ਸੁਣਵਾਈ ਨਹੀਂ ਹੁੰਦੀ ਤਾਂ ਉਹ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ। ਬਾਦਲ ਨੇ ਅੱਗੇ ਕਿਹਾ ਕਿ ਜਦੋਂ ਤੱਕ ਸਰਕਾਰ ਦੀਆਂ ਲੁੱਟਾ-ਖੋਹਾਂ ਖ਼ਤਮ ਨਹੀਂ ਹੁੰਦੀਆਂ ਉਸ ਵੇਲੇ ਤੱਕ ਉਨ੍ਹਾਂ ਦੀ ਪਾਰਟੀ ਸੰਘਰਸ਼ ਜਾਰੀ ਰੱਖਣਗੇ।
ਸੁਖਬੀਰ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸੂਬੇ ਵਿੱਚ ਮਹਿੰਗੀ ਹੋ ਰਹੀ ਬਿਜਲੀ ਦੇ ਪਿੱਛੇ ਇਹੀ ਕਾਰਨ ਹੈ ਕਿ ਜਿਸ ਕੰਪਨੀ ਨਾਲ ਸਾਡੀ ਸਰਕਾਰ ਵੇਲੇ ਕਰਾਰ ਹੋਇਆ ਸੀ, ਉਸ ਕੰਪਨੀ ਨੂੰ ਇਹ ਹਦਾਇਤਾਂ ਜਾਰੀ ਸਨ ਕੀ ਉਹ ਕੋਇਲਾ ਵਾਸ ਕਰਕੇ ਦੇਣਗੇ। ਪਰ, ਸਰਕਾਰ ਵੱਲੋਂ ਹਾਈ ਕੋਰਟ ਵਿੱਚ ਨਾ ਜਾ ਕੇ ਕੇਸ ਨੂੰ ਕੋਰਟ ਵਿੱਚ ਕਮਜ਼ੋਰ ਕੀਤਾ ਗਿਆ ਤੇ ਹਾਰ ਕੇ ਲੋਕਾਂ ਦੇ ਉੱਪਰ ਕਰੋੜਾਂ ਰੁਪਿਆਂ ਦਾ ਬੋਝ ਪਾਇਆ ਗਿਆ।
ਇਸ ਸਾਰੇ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ, ਜਿਸ ਵਿੱਚ ਇਹ ਵੀ ਜਾਂਚ ਕੀਤੀ ਜਾਵੇ ਕਿ ਕਿਹੜੇ ਮੰਤਰੀ ਨੇ ਪ੍ਰਾਈਵੇਟ ਕੰਪਨੀਆਂ ਦੇ ਨਾਲ ਮਿਲ ਕੇ ਘਪਲਾ ਕੀਤਾ। ਸੁਖਬੀਰ ਬਾਦਲ ਨੇ ਇਹ ਵੀ ਇਲਜ਼ਾਮ ਲਗਾਏ ਕਿ 4100 ਕਰੋੜ ਦੇ ਇਸ ਘਪਲੇ ਵਿੱਚ ਵੱਡੀ ਰਿਸ਼ਵਤ ਲਈ ਗਈ ਹੈ।