ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐਸਡੀ ਰਹੇ ਕੈਪਟਨ ਸੰਦੀਪ ਸੰਧੂ ਦੀ ਜ਼ਮਾਨਤ ਅਰਜ਼ੀ ਲੁਧਿਆਣਾ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਦੱਸ ਦਈਏ ਕਿ ਕੈਪਟਨ ਸੰਦੀਪ ਸੰਧੂ ਨੂੰ ਵਿਜੀਲੈਂਸ ਵੱਲੋਂ ਸੋਲਰ ਲਾਈਟ ਘੁਟਾਲੇ ਦੇ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ, ਇਹ ਕੁੱਲ 65 ਲੱਖ ਦਾ ਘੁਟਾਲਾ ਦੱਸਿਆ ਜਾ ਰਿਹਾ ਹੈ। ਇਸ ਮਾਮਲੇ ਵਿੱਚ ਪਹਿਲਾਂ ਹੀ ਵਿਜੀਲੈਂਸ ਵੱਲੋਂ ਸਿੱਧਵਾਂ ਦੇ ਬੇਟੇ ਦੇ ਡੀਡੀਪੀਓ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਜ਼ਮਾਨਤ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ ਕਾਂਗਰਸੀ ਆਗੂ ਕੈਪਟਨ ਸੰਦੀਪ ਸੰਧੂ ਖੁਦ ਵਿਜੀਲੈਂਸ ਅੱਗੇ ਆਤਮ ਸਮਰਪਣ ਕਰ ਸਕਦੇ ਹਨ। ਕੈਪਟਨ ਸੰਦੀਪ ਸੰਧੂ ਦੋ ਵਾਰ ਕਾਂਗਰਸ ਦੀ ਟਿਕਟ 'ਤੇ ਲੁਧਿਆਣਾ ਦੇ ਮੁੱਲਾਪੁਰ ਹਲਕੇ ਤੋਂ ਚੋਣ ਲੜ ਚੁੱਕੇ ਹਨ। ਹਾਲਾਂਕਿ ਦੋਵੇਂ ਵਾਰ ਉਨ੍ਹਾਂ ਨੂੰ ਅਕਾਲੀ ਦਲ ਦੇ ਮਨਪ੍ਰੀਤ ਇਆਲੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਹ ਹੈ ਪੂਰਾ ਮਾਮਲਾ: ਦੱਸ ਦਈਏ ਕਿ ਇਹ ਸਾਰਾ ਮਾਮਲਾ 26 ਪਿੰਡਾਂ 'ਚ ਸੋਲਰ ਲਾਈਟਾਂ ਲਾਉਣ ਦੇ ਨਾਂਅ 'ਤੇ 65 ਲੱਖ ਰੁਪਏ ਦੇ ਘਪਲੇ ਦਾ ਦੱਸਿਆ ਜਾ ਰਿਹਾ ਹੈ। ਸੋਲਰ ਲਾਈਟਾਂ ਦੇ ਵਿੱਚ ਕੀਮਤਾਂ ਦੇ ਵੱਡੇ ਫ਼ਰਕ ਅਤੇ ਆਪਣੇ ਕਰੀਬੀਆਂ ਤੋਂ ਇਹ ਲਾਈਟਾਂ ਖਰੀਦਣ ਦਾ ਇਹ ਪੂਰਾ ਮਾਮਲਾ ਦੱਸਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਵਿਜੀਲੈਂਸ ਜਾਂਚ ਨੰਬਰ 03 ਮਿਤੀ 12-07-2022 ਦੀ ਤਫ਼ਤੀਸ਼ ਦੌਰਾਨ ਪਾਇਆ ਗਿਆ ਕਿ ਸਤਵਿੰਦਰ ਸਿੰਘ ਬੀ.ਡੀ.ਪੀ.ਓ. (ਹੁਣ ਮੁਅੱਤਲ) ਨੂੰ ਸਿੱਧਵਾਂ ਬੇਟ ਬਲਾਕ ਵਿੱਚ ਆਪਣੀ ਤਾਇਨਾਤੀ ਦੌਰਾਨ 26 ਪਿੰਡਾਂ ਵਿੱਚ ਸਟਰੀਟ ਲਾਈਟਾਂ ਲਗਾਉਣ ਲਈ ਸਰਕਾਰੀ ਗਰਾਂਟ ਪ੍ਰਾਪਤ ਹੋਈ ਸੀ। ਫੰਡਾਂ ਵਿੱਚ ਹੇਰਾਫੇਰੀ ਕਰਨ ਲਈ ਉਕਤ ਬੀਡੀਪੀਓ ਨੇ ਮੈਸਰਜ਼ ਅਮਰ ਇਲੈਕਟ੍ਰੀਕਲ ਐਂਟਰਪ੍ਰਾਈਜ਼ਿਜ਼ ਦੇ ਮਾਲਕ ਗੌਰਵ ਸ਼ਰਮਾ ਨਾਲ ਮਿਲੀਭੁਗਤ ਜ਼ਰੀਏ 3325 ਰੁਪਏ ਦੇ ਪ੍ਰਵਾਨਿਤ ਰੇਟ ਦੇ ਮੁਕਾਬਲੇ ਜਾਣਬੁੱਝ ਕੇ 7,288 ਰੁਪਏ ਪ੍ਰਤੀ ਲਾਈਟ ਦੇ ਹਿਸਾਬ ਨਾਲ ਇਹ ਲਾਈਟਾਂ ਖਰੀਦੀਆਂ ਸਨ। ਇਸ ਤਰ੍ਹਾਂ ਉਸ ਨੇ 65 ਲੱਖ ਰੁਪਏ ਦੀ ਸਰਕਾਰੀ ਗਰਾਂਟ ਦਾ ਘਪਲਾ ਕਰਕੇ ਸਰਕਾਰੀ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਸੀ।
ਇਹ ਵੀ ਪੜੋ: ‘10 ਸਾਲ ਪਹਿਲਾਂ ਆਧਾਰ ਬਣਵਾਉਣ ਵਾਲੇ ਲੋਕ ਆਪਣੀ ਜਾਣਕਾਰੀ ਕਰਵਾਉਣ ਅਪਡੇਟ’