ਜਲੰਧਰ: ਰਾਜਨੀਤੀ ਵਿੱਚ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਕਈ ਸਾਲਾਂ ਤੱਕ ਆਪਣੀ ਪਾਰਟੀ ਦੀ ਲਗਾਤਾਰ ਸੇਵਾ ਕਰਦੇ ਹਨ ਪਰ ਉਨ੍ਹਾਂ ਉਚਾਈਆਂ ਤੱਕ ਨਹੀਂ ਪਹੁੰਚ ਪਾਉਂਦੇ ਜਿੱਥੇ ਪਹੁੰਚਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਇਸਦੇ ਦੂਸਰੇ ਪਾਸੇ ਕੁੱਝ ਲੋਕ ਅਜਿਹੇ ਵੀ ਹੁੰਦੇ ਹਨ ਜੋ ਥੋੜ੍ਹੇ ਹੀ ਸਮੇਂ ਵਿੱਚ ਰਾਜਨੀਤੀ ਦੀਆਂ ਬੁਲੰਦੀਆਂ ਨੂੰ ਛੂਹ ਲੈਂਦੇ ਹਨ।
ਅਜਿਹਾ ਹੀ ਇੱਕ ਨਾਮ ਹੈ ਡਾ. ਵਿਜੈ ਸਿੰਗਲਾ ਦਾ। ਕੁਝ ਹੀ ਸਮੇਂ ਵਿੱਚ ਰਾਜਨੀਤੀ ਅੰਦਰ ਆਪਣੀ ਪਹਿਚਾਣ ਬਣਾਉਣ ਵਾਲੇ ਵਿਜੇ ਸਿੰਗਲਾ ਜਿੰਨੀ ਤੇਜ਼ੀ ਨਾਲ ਉੱਪਰ ਗਏ ਉਸਦੇ ਨਾਲੋਂ ਕਿਤੇ ਵੱਧ ਤੇਜ਼ੀ ਨਾਲ ਥੱਲੇ ਡਿੱਗੇ। ਵਿਜੇ ਸਿੰਗਲਾ ਪੰਜਾਬ ਦੀ ਰਾਜਨੀਤੀ ਵਿੱਚ ਸਭ ਤੋਂ ਜ਼ਿਆਦਾ ਲੀਡ ਨਾਲ ਚੋਣਾਂ ਜਿੱਤਣ ਵਾਲੇ ਆਗੂਆਂ ਵਿੱਚ ਤੀਜੇ ਨੰਬਰ ’ਤੇ ਸਨ। ਇਸ ਵਾਰ ਦੇ ਵਿਧਾਨ ਸਭਾ ਚੋਣਾਂ ਵਿੱਚ ਵਿਜੇ ਸਿੰਗਲਾ ਨੇ ਮਾਨਸਾ ਸੀਟ ਤੋਂ ਧਮਾਕੇਦਾਰ ਜਿੱਤ ਹਾਸਲ ਕੀਤੀ।
ਵੱਡੀ ਲੀਡ ਮੂਸੇਵਾਲਾ ਨੂੰ ਕੀਤਾ ਸੀ ਚਿੱਤ: ਉਨ੍ਹਾਂ ਨੂੰ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1,00023 ਵੋਟਾਂ ਮਿਲੀਆਂ ਜਦਕਿ ਇੰਨ੍ਹਾਂ ਦੇ ਵਿਰੋਧੀ ਕਾਂਗਰਸ ਦੇ ਉਮੀਦਵਾਰ ਸਿੱਧੂ ਮੂਸੇ ਵਾਲਾ ਨੂੰ ਮਹਿਜ਼ 37,700 ਵੋਟਾਂ ਨਾਲ ਹੀ ਸਬਰ ਕਰਨਾ ਪਿਆ। 63,323 ਵੋਟਾਂ ਨਾਲ ਜਿੱਤ ਕੇ ਵਿਜੇ ਸਿੰਗਲਾ ਮਾਨਸਾ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਣੇ। ਇਹੀ ਨਹੀਂ ਉਨ੍ਹਾਂ ਦੀ ਇਸ ਜਿੱਤ ਤੋਂ ਬਾਅਦ ਸਰਕਾਰ ਨੇ ਉਨ੍ਹਾਂ ਨੂੰ ਮੰਤਰੀ ਮੰਡਲ ਵਿੱਚ ਜਗ੍ਹਾ ਦਿੰਦੇ ਹੋਏ ਪੰਜਾਬ ਦਾ ਸਿਹਤ ਮੰਤਰੀ ਵੀ ਬਣਾ ਦਿੱਤਾ।
ਸਿੰਗਲਾ ਦੇ ਪਰਿਵਾਰਿਕ ਜੀਵਨ ’ਤੇ ਝਾਤ: ਕਿਸੇ ਸਮੇਂ ਇੱਕ ਡੈਂਟਲ ਕਲੀਨਿਕ ਚਲਾਉਣ ਵਾਲੇ ਵਿਜੇ ਸਿੰਗਲਾ ਦੇ ਮੰਤਰੀ ਬਣਨ ਤੋਂ ਬਾਅਦ ਉਨ੍ਹਾਂ ਦੇ ਇਲਾਕੇ ਦੇ ਲੋਕਾਂ ਨੂੰ ਉਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਸਨ। ਵਿਜੇ ਸਿੰਗਲਾ ਕਿਸੇ ਸਮੇਂ ਮਾਨਸਾ ਰੋਡ ਉੱਪਰ ਸਿੰਗਲਾ ਕਲੀਨਿਕ ਚਲਾਇਆ ਕਰਦੇ ਸਨ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਸਿੰਗਲਾ ਜੋ ਖੁਦ ਇੱਕ ਡਾਕਟਰ ਹਨ ਅਤੇ ਉਨ੍ਹਾਂ ਕੋਲ ਬੀ ਏ, ਐੱਮ ਐੱਸ ਦੀ ਡਿਗਰੀ ਹੈ। ਇਹੀ ਨਹੀਂ ਉਨ੍ਹਾਂ ਦਾ ਬੇਟਾ ਚੇਤਨ ਸਿੰਗਲਾ ਵੀ ਇਸ ਵੇਲੇ ਐਮ ਡੀ ਦੀ ਪੜ੍ਹਾਈ ਕਰ ਰਿਹਾ ਹੈ।
10 ਸਾਲਾਂ ’ਚ ਰਾਜਨੀਤੀ ਦੇ ਸਿਖਰ ’ਤੇ ਪਹੁੰਚੇ: ਵਿਜੇ ਸਿੰਗਲਾ ਕਰੀਬ ਅੱਜ ਤੋਂ ਦਸ ਸਾਲ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਇੱਕ ਡੈਂਟਲ ਕਲੀਨਿਕ ਚਲਾਉਣ ਵਿਜੇ ਸਿੰਗਲਾ ਨੇ ਜਦੋਂ ਇਸ ਵਾਰ ਚੋਣਾਂ ਜਿੱਤੀਆਂ ਤਾਂ ਆਮ ਆਦਮੀ ਪਾਰਟੀ ਵੱਲੋਂ ਉਨ੍ਹਾਂ ਨੂੰ ਕੈਬਨਿਟ ਮੰਤਰੀ ਵਜੋਂ ਨਵਾਜ਼ਦੇ ਹੋਏ ਸਿੱਧੇ ਸਿਹਤ ਮੰਤਰੀ ਦਾ ਅਹੁਦਾ ਦਿੱਤਾ। ਵਿਜੇ ਸਿੰਗਲਾ ਨੇ ਮਹਿਜ਼ ਦਸਾਂ ਸਾਲਾਂ ਵਿੱਚ ਰਾਜਨੀਤੀ ਦੇ ਅਸਮਾਨ ਨੂੰ ਛੂਹਿਆ ਪਰ ਅੱਜ ਜੋ ਕੁਝ ਵਿਜੇ ਸਿੰਗਲਾ ਨਾਲ ਹੋ ਰਿਹਾ ਹੈ ਉਸ ਤੋਂ ਸਾਫ਼ ਹੈ ਕਿ ਵਿਜੇ ਸਿੰਗਲਾ ਨੇ ਰਾਜਨੀਤੀ ਤਾਂ ਕੀਤੀ ਅਤੇ ਉਨ੍ਹਾਂ ਦੀ ਪਾਰਟੀ ਨੇ ਉਨ੍ਹਾਂ ਨੂੰ ਮੰਤਰੀ ਪਦ ਵੀ ਪੂਰਾ ਸਜਾ ਸੰਵਾਰ ਕੇ ਦਿੱਤਾ ਪਰ ਉਨ੍ਹਾਂ ਦੀ ਆਪਣੇ ਅਹੁਦੇ ਬਾਰੇ ਅਤੇ ਕੰਮ ਬਾਰੇ ਸਹੀ ਨੀਅਤ ਨਾ ਹੋਣ ਕਰਕੇ ਅੱਜ ਇਹੀ ਵਿਜੇ ਸਿੰਗਲਾ ਕਾਨੂੰਨ ਦੇ ਹੱਥੇ ਚੜ੍ਹ ਚੁੱਕੇ ਹਨ।
ਕਲੀਨਿਕ ਚਲਾਉਂਦੇ ਸਨ ਵਿਜੇ ਸਿੰਗਲਾ: ਵਿਜੇ ਸਿੰਗਲਾ ਦੋ ਮਹੀਨੇ ਪਹਿਲਾਂ ਸਰਕਾਰ ਵਿੱਚ ਮੰਤਰੀ ਬਣੇ ਅਤੇ ਅੱਜ ਕਾਨੂੰਨ ਦੇ ਹੱਥੀਂ ਚੜ੍ਹ ਚੁੱਕੇ ਹਨ ਅਤੇ ਹਵਾਲਾਤ ਵਿੱਚ ਕੈਦ ਹਨ। ਇਸੇ ਵਿੱਚ ਉਹੀ ਲੋਕ ਜੋ ਕੁਝ ਹੀ ਸਮੇਂ ਪਹਿਲਾਂ ਉਨ੍ਹਾਂ ਨੂੰ ਮੰਤਰੀ ਬਣਨ ਦੀਆਂ ਵਧਾਈਆਂ ਦੇ ਰਹੇ ਸੀ ਅੱਜ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇ ਰੱਬ ਨੇ ਉਨ੍ਹਾਂ ਨੂੰ ਵਧੀਆ ਕੁਰਸੀ ਦਿੱਤੀ ਸੀ ਤਾਂ ਸਿੰਗਲਾ ਨੂੰ ਉਸ ਦਾ ਇਸਤੇਮਾਲ ਵੀ ਸਹੀ ਢੰਗ ਨਾਲ ਕਰਨਾ ਚਾਹੀਦਾ ਸੀ।
ਇਹ ਵੀ ਪੜ੍ਹੋ: 27 ਮਈ ਤੱਕ ਪੁਲਿਸ ਰਿਮਾਂਡ ਉੱਤੇ ਵਿਜੇ ਸਿੰਗਲਾ, ਇਹ ਸੀ ਪੂਰਾ ਮਾਮਲਾ