ਚੰਡੀਗੜ੍ਹ: ਪਾਸਪੋਰਟ ਨਾ ਕੇਵਲ ਇੱਕ ਵਿਅਕਤੀ ਦੀ ਨਾਗਰਿਕਤਾ ਦਾ ਸਬੂਤ ਹੁੰਦਾ ਹੈ ਬਲਕਿ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਵਾਸਤੇ ਜਾਰੀ ਕੀਤਾ ਹੋਇਆ ਇੱਕ ਬਹੁਤ ਜ਼ਰੂਰੀ ਦਸਤਾਵੇਜ਼ ਵੀ ਹੁੰਦਾ ਹੈ। ਜਦੋਂ ਕੋਈ ਵੀ ਨਾਗਰਿਕ ਪਾਸਪੋਰਟ ਵਾਸਤੇ ਅਰਜ਼ੀ ਦਿੰਦਾ ਤਾਂ ਅਧਿਕਾਰੀ ਪਾਸਪੋਰਟ ਜਾਰੀ ਕਰਨ ਤੋਂ ਪਹਿਲਾਂ ਇੱਕ ਪਾਸੇ ਜਿੱਥੇ ਨਾਗਰਿਕ ਦੀ ਅਪਰਾਧਿਕ ਪਿਛੋਕੜ ਬਾਰੇ ਜਾਂਚ ਪੜਤਾਲ ਕਰਦੇ ਹਨ।
ਉਥੇ ਹੀ ਪੁਲਿਸ ਵੱਲੋਂ ਦਸਤਾਵੇਜ਼ ਦੀ ਵੀ ਗਹਿਰਾਈ ਨਾਲ ਘੋਖ ਕੀਤੀ ਜਾਂਦੀ ਹੈ। ਇਸ ਦੇ ਬਾਵਜੂਦ ਵੀ ਕਈ ਵਾਰ ਅਯੋਗ ਵਿਅਕਤੀ ਪਾਸਪੋਰਟ ਬਣਵਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਪਾਸਪੋਰਟ ਵਾਸਤੇ ਅਰਜ਼ੀ ਦੇਣ ਤੋਂ ਲੈ ਕੇ ਪਾਸਪੋਰਟ ਬਣਨ ਤੱਕ ਦੀ ਪ੍ਰਕਿਰਿਆ ਵਿੱਚ ਕੀ ਕੁਝ ਕਮੀਆਂ ਰਹਿ ਜਾਂਦੀਆਂ ਹਨ ਜਿਸ ਕਰਕੇ ਅਯੋਗ ਵਿਅਕਤੀ ਪਾਸਪੋਰਟ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ। ਇਸ ਉਪਰ ਪੇਸ਼ ਹੈ ਈਟੀਵੀ ਭਾਰਤ ਦੀ ਖਾਸ ਰਿਪੋਰਟ।
ਈਟੀਵੀ ਭਾਰਤ ਦੀ ਟੀਮ ਚੰਡੀਗੜ੍ਹ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਪਹੁੰਚੀ ਜਿੱਥੇ ਆਈਪੀਐਸ ਅਧਿਕਾਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਸਪੋਰਟ ਲਈ ਅਰਜ਼ੀ ਦੇਣ ਵਾਲੇ ਨਾਗਰਿਕ ਦੇ ਦਸਤਾਵੇਜ਼ ਦੀ ਹਰ ਪੱਖੋਂ ਜਾਂਚ ਕੀਤੀ ਜਾਂਦੀ ਹੈ ਅਤੇ ਪੁਲਿਸ ਵੈਰੀਫਿਕੇਸ਼ਨ ਲਈ ਦਸਤਾਵੇਜ਼ ਭੇਜੇ ਜਾਂਦੇ ਹਨ।
ਉੱਥੇ ਹੀ ਪੁਲਿਸ ਇਨ੍ਹਾਂ ਦਸਤਾਵੇਜ਼ ਦੀ ਜਾਂਚ ਕਿਸ ਤਰੀਕੇ ਨਾ ਕਰਦੀ ਹੈ ਜਦੋਂ ਚੰਡੀਗੜ੍ਹ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਇਹ ਕਹਿ ਕੇ ਗੱਲ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿ ਸਾਡਾ ਅੰਦਰੂਨੀ ਮੁੱਦਾ ਪਰ ਖੇਤਰੀ ਪਾਸਪੋਰਟ ਅਫਸਰ ਵੱਲੋਂ ਅਯੋਗ ਵਿਅਕਤੀ ਨੂੰ ਪਾਸਪੋਰਟ ਜਾਰੀ ਹੋਣ ਦਾ ਕਾਰਨ ਗ਼ਲਤ ਪੁਲਿਸ ਰਿਪੋਰਟ ਅਤੇ ਪੁਲਿਸ ਅਧਿਕਾਰੀਆਂ ਦੀ ਮਿਲੀ ਭੁਗਤ ਹੀ ਦੱਸਿਆ ਗਿਆ।
ਉੱਥੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਅਤੇ ਮਾਹਿਰ ਬਲਤੇਜ ਸਿੰਘ ਨੇ ਜਾਣਕਾਰੀ ਦਿੱਤੀ ਕਿ ਹਾਲਾਂਕਿ ਕਿਸੇ ਵੀ ਨਾਗਰਿਕ ਨੂੰ ਪਾਸਪੋਰਟ ਦੇਣ ਤੋਂ ਮਨਾ ਨਹੀਂ ਕੀਤਾ ਜਾ ਸਕਦਾ, ਬਸ਼ਰਤ ਉਸ ਨੂੰ ਕੋਰਟ ਵਿਚੋਂ ਦੋ ਸਾਲ ਤੋਂ ਵੱਧ ਦੀ ਸਜ਼ਾ ਨੈਤਿਕ ਚਰਿੱਤਰਹੀਣ ਦੇ ਤਹਿਤ ਨਾ ਹੋਈ ਹੋਵੇ। ਨਾਲ ਹੀ ਉਨ੍ਹਾਂ ਨੇ ਸਾਫ ਕੀਤਾ ਕਿ ਅਯੋਗ ਵਿਅਕਤੀ ਨੂੰ ਪਾਸਪੋਰਟ ਜਾਰੀ ਹੋਣ ਦਾ ਮੁੱਖ ਕਾਰਨ ਪੁਲਿਸ ਵੈਰੀਫਿਕੇਸ਼ਨ ਉਹਦੀ ਖਾਮੀਆਂ ਦਾ ਹੀ ਇੱਕ ਕਾਰਨ ਹੈ।
ਅਯੋਗ ਵਿਅਕਤੀ ਨੂੰ ਪਾਸਪੋਰਟ ਜਾਰੀ ਹੋਣ ਦੇ ਕੁਝ ਮੁੱਖ ਕਾਰਨ
1. ਪੁਲਿਸ ਵੈਰੀਫਿਕੇਸ਼ਨ ਰਿਪੋਰਟ ਠੀਕ ਨਾ ਹੋਣਾ
2. ਪੁਲਿਸ ਅਤੇ ਅਯੋਗ ਵਿਅਕਤੀ ਦੀ ਮਿਲੀ ਭੁਗਤ ਕਾਰਨ ਪਾਸਪੋਰਟ ਦਫ਼ਤਰ ਨੂੰ ਗਲਤ ਜਾਣਕਾਰੀ ਦੇਣਾ
3. ਪੁਲਿਸ ਅਧਿਕਾਰੀਆਂ ਨੇ ਵਿਅਕਤੀ ਦੇ ਅਸਲ ਪਤੇ ਉੱਤੇ ਜਾ ਕੇ ਪੂਰੀ ਤਫਤੀਸ਼ ਨਾ ਕਰਨਾ