ਚੰਡੀਗੜ੍ਹ:ਪੰਜਾਬ 'ਚ 14 ਫਰਵਰੀ ਨੂੰ ਨਗਰ ਨਿਗਮ / ਨਗਰ ਕੌਂਸਲ ਦੀਆਂ ਚੋਣਾਂ ਦੇ ਨਤੀਜੇ 17 ਫਰਵਰੀ ਨੂੰ ਐਲਾਨੇ ਗਏ । ਇਸ 'ਚ ਕਾਂਗਰਸ ਸਭ ਤੋਂ ਮੋਹਰੀ ਪਾਰਟੀ ਰਹੀ। ਇਸ ਦੌਰਾਨ ਪਹਿਲਾਂ ਪੰਜਾਬ ਦੀਆਂ ਕਈ ਨਗਰ ਕੌਂਸਲਾਂ 'ਤੇ ਕਾਬਿਜ਼ ਰਹਿਣ ਵਾਲਾ ਸ਼੍ਰੋਮਣੀ ਅਕਾਲੀ ਦਲ ਦੂਜੇ ਨੰਬਰ 'ਤੇ ਰਿਹਾ। ਇਸ ਵਾਰ ਆਜ਼ਾਦ ਪਾਰਟੀ ਦੇ ਉਮੀਵਾਰਾਂ ਨੂੰ ਵੀ ਜਿੱਤ ਮਿਲੀ। ਆਮ ਆਦਮੀ ਪਾਰਟੀ ਤੇ ਭਾਜਪਾ ਸਭ ਤੋਂ ਪਿੱਛੇ ਰਹੇ। ਇਸ ਵਾਰ ਕਾਂਗਰਸ ਨੂੰ ਮਿਲੀ ਜਿੱਤ ਦਾ ਵੱਡਾ ਕਾਰਨ ਕਿਸਾਨ ਅੰਦੋਲਨ ਦਾ ਪ੍ਰਭਾਵ ਮੰਨਿਆ ਜਾ ਰਿਹਾ ਹੈ। ਕਿਸਾਨ ਅੰਦੋਲਨ ਕਾਰਨ ਭਾਜਪਾ ਨੂੰ ਵੱਡੀ ਹਾਰ ਝੱਲਣੀ ਪਈ।ਵੋਟਾਂ ਦੀ ਗਿਣਤੀ ਦੌਰਾਨ ਅਕਾਲੀ ਦਲ ਦੇ ਵਰਕਰਾਂ ਵਿਚਾਲੇ ਉਮੀਦ ਮੁਤਾਬਕ ਨਤੀਜੇ ਨਾ ਆਉਣ ਦੀ ਚਰਚਾ ਰਹੀ
ਚੋਣ ਦੀਆਂ ਮੁੱਖ ਗੱਲਾਂ
- ਕਾਂਗਰਸ ਦੀ ਵੱਡੀ ਜਿੱਤ ਦੇ ਬਾਵਜੂਦ, ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਦੀ ਪਤਨੀ ਡਾ. ਰਾਜਿੰਦਰ ਕੌਰ, ਮੋਗਾ ਦੇ ਵਾਰਡ ਨੰਬਰ 1 ਤੋਂ ਚੋਣ ਹਾਰ ਗਏ।
- ਇਸ ਦੇ ਨਾਲ ਹੀ ਪੰਜਾਬ ਦੇ ਨੂਰ ਮਹਿਲ 'ਚ ਸਾਰੀਆਂ ਹੀ ਸਿਆਸੀ ਪਾਰਟੀਆਂ ਨੂੰ ਹਰਾ ਕੇ 12 ਆਜ਼ਾਦ ਉਮੀਦਵਾਰ ਜਿੱਤੇ।
ਚੋਣ ਨਤੀਜਿਆਂ 'ਤੇ ਇੱਕ ਨਜ਼ਰ
- ਅਬੋਹਰ ਨਗਰ ਕੌਂਸਲ ਦੇ 50 ਵਾਰਡਾਂ ਚੋਂ ਕਾਂਗਰਸ ਨੇ 49 ਵਾਰਡ ਜਿੱਤੇ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਜ਼ ਇੱਕ ਵਾਰਡ ਦੀ ਸੀਟ ਜਿੱਤੀ।
- ਬਠਿੰਡਾ ਦੇ 50 ਵਾਰਡਾਂ ਚੋਂ ਕਾਂਗਰਸ ਨੇ 43 ਤੇ ਸ਼੍ਰੋਮਣੀ ਅਕਾਲੀ ਦਲ ਨੇ 7 ਵਾਰਡ ਜਿੱਤੇ।
- ਬਟਾਲਾ ਨਗਰ ਕੌਂਸਲ, ਦੇ 35 ਵਾਰਡਾਂ 'ਚ ਕਾਂਗਰਸ ਨੇ 06, ਸ਼੍ਰੋਮਣੀ ਅਕਾਲੀ ਦਲ , ਭਾਜਪਾ ਨੂੰ 3 ਸੀਟਾਂ, ਆਮ ਆਦਮੀ ਪਾਰਟੀ ਨੇ 01 ਅਤੇ ਆਜ਼ਾਦ ਉਮੀਦਵਾਰਾਂ ਨੇ 01 ਸੀਟ ਜਿੱਤੀ।
- ਮੋਗਾ ਨਗਰ ਨਿਗਮ ਦੇ 50 ਵਾਰਡਾਂ ਤੋਂ ਕਾਂਗਰਸ ਨੇ 20, ਅਕਾਲੀ ਦਲ ਨੇ15, ਭਾਜਪਾ ਦੇ 1, ‘ਆਪ’ ਦੇ 4 ਅਤੇ 10 ਆਜ਼ਾਦ ਉਮੀਦਵਾਰ ਜਿੱਤੇ ਹਨ।
- ਪਠਾਨਕੋਟ ਨਗਰ ਨਿਗਮ 'ਚ ਕਾਂਗਰਸ ਦੇ 37, ਅਕਾਲੀ ਦਲ ਦੇ 1, ਭਾਜਪਾ ਦੇ 11 ਤੇ 01 ਆਜ਼ਾਦ ਉਮੀਦਵਾਰ ਜੇਤੂ ਰਿਹਾ।
- ਹੁਸ਼ਿਆਰਪੁਰ ਦੇ ਕੁੱਲ 50 ਵਾਰਡਾਂ ਚੋਂ ਕਾਂਗਰਸ ਨੇ 41, ਭਾਜਪਾ ਨੇ 4, ਆਪ ਨੇ 2 ਤੇ 3 ਹੋਰਨਾਂ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ।
- ਕਪੂਰਥਲਾ ਨਗਰ ਨਿਗਮ ਦੇ 50 ਵਾਰਡਾਂ ਚੋਂ 49 ਸੀਟਾਂ ਦੇ ਨਤੀਜੇ ਆਏ ਹਨ। ਇਨ੍ਹਾਂ ਚੋਂ ਕਾਂਗਰਸ ਨੇ 43, ਅਕਾਲੀ ਦਲ ਨੇ 3 ਵਾਰਡ ਜਿੱਤੇ, ਜਦੋਂ ਕਿ ‘ਆਪ’ ਤੇ ਭਾਜਪਾ ਇਥੇ ਖਾਤਾ ਨਹੀਂ ਖੋਲ੍ਹ ਸਕੀ।
- ਮੋਹਾਲੀ ਦੀਆਂ 7 ਨਗਰ ਕੌਂਸਲ ਕਮੇਟੀਆਂ ਚੋਂ ਕਾਂਗਰਸ ਨੇ 143 ਵਾਰਡਾਂ ਚੋਂ 85, ਭਾਜਪਾ 34, ਸ਼੍ਰੋਮਣੀ ਅਕਾਲੀ ਦਲ ਨੇ 5, ਆਮ ਆਦਮੀ ਪਾਰਟੀ 01 ਅਤੇ ਅਜ਼ਾਦ ਉਮੀਦਵਾਰ 20 ਥਾਵਾਂ 'ਤੇ ਜਿੱਤ ਹਾਸਲ ਕੀਤੀ।
ਕਾਂਗਰਸ ਦੀ ਜਿੱਤ 'ਤੇ ਬੋਲੇ ਸੁਨੀਲ ਜਾਖੜ
ਚੋਣ ਨਤੀਜਿਆਂ ਬਾਰੇ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਕਾਂਗਰਸ ਪਾਰਟੀ ਦੀਆਂ ਨੀਤੀਆਂ ‘ਤੇ ਭਰੋਸਾ ਪ੍ਰਗਟਾਇਆ ਹੈ। ਲੋਕ ਜਾਣਦੇ ਨੇ ਪੰਜਾਬ ਮੁਸ਼ਕਲ ਦੌਰ ਜਦੋਂ ਪੰਜਾਬ ਤੇ ਕੇਂਦਰ ਸਰਕਾਰ ਵਿਚਾਲੇ ਗੱਲਬਾਤ ਜਾਰੀ ਹੈ, ਤੇ ਕੋਵਿਡ 19 ਦੇ ਕਾਰਨ ਵਿਸ਼ਵਵਿਆਪੀ ਮੰਦੀ ਹੈ। ਇਨ੍ਹਾਂ ਹਲਾਤਾਂ 'ਚ ਕੈਪਟਨ ਅਮਰਿੰਦਰ ਸਿੰਘ ਇਕਲੌਤੇ ਵਿਅਕਤੀ ਹਨ ਜੋ ਰਾਜ ਵਿਚ ਅਮਨ ਅਤੇ ਸ਼ਾਂਤੀ ਬਣਾਈ ਰੱਖਦਿਆਂ ਰਾਜ ਨੂੰ ਵਿਕਾਸ ਦੇ ਰਾਹ 'ਤੇ ਲੈ ਜਾ ਸਕਦੇ ਹਨ।
ਜਾਖੜ ਨੇ ਕਾਂਗਰਸ ਪਾਰਟੀ ਦੀ ਜਿੱਤ ਨੂੰ ਲੋਕਾਂ ਦੀ ਜਿੱਤ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਵੰਡਣ ਵਾਲੀਆਂ ਤਾਕਤਾਂ ਨੂੰ ਪੰਜਾਬ ਨੇ ਰੱਦ ਕਰ ਦਿੱਤਾ ਹੈ। ਲੋਕਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਵਿਕਾਸ ਦੇ ਝੰਡੇ ‘ਤੇ ਕਾਂਗਰਸ ਦੀ ਮੋਹਰ ਲਾਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਤੋਂ ਬਾਅਦ ਪਾਰਟੀ ਵੱਲੋਂ 2022 ਲਈ ਕੈਪਟਨ ਦੀ ਮੁਹਿੰਮ ਸ਼ੁਰੂ ਕੀਤੀ ਜਾਏਗੀ। ਜਾਖੜ ਨੇ ਇਨ੍ਹਾਂ ਚੋਣਾਂ 'ਚ ਵਿਰੋਧੀਆਂ ਦੀ ਹਾਰ ‘ਤੇ ਤਿੱਖੇ ਹਮਲੇ ਵੀ ਕੀਤੇ।ਉਨ੍ਹਾਂ ਕਿਹਾ ਕਿ ਜਿੱਥੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ, ਉਥੇ ਹੀ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਸ਼ੀਸ਼ਾ ਦਿਖਾਇਆ।
ਸ਼ੋਮਣੀ ਅਕਾਲੀ ਦਲ ਨੇ ਖ਼ੁਦ ਨੂੰ ਮੰਨਿਆ ਮੁੱਖ ਵਿਰੋਧੀ ਧਿਰ
ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਆਪ ਨੂੰ ਇਸ ਗੱਲ ਤੋਂ ਤਸੱਲੀ ਦਿੱਤੀ ਕਿ ਚੋਣਾਂ 'ਚ ਮੁੱਖ ਵਿਰੋਧੀ ਧਿਰ ਵਜੋਂ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਟੱਕਰ ਦਿੱਤੀ ਹੈ। ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਮੁੱਖ ਵਿਰੋਧੀ ਧਿਰ ਕਹਿੰਦੀ ਹੈ, ਪਰ ਅੱਜ ਜੋ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਕਾਲੀ ਦਲ ਤੇ ਕਾਂਗਰਸ ਮੁਕਾਬਲੇ 'ਚ ਸਨ। ਜਦੋਂ ਕਿ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਕਾਂਗਰਸ ਨੂੰ ਹਰ ਪਾਸਿਓ ਕੜੀ ਟੱਕਰ ਦੇਣ ਲਈ ਵਧਾਈ ਦਿੱਤੀ। ਉਨ੍ਹਾਂ ਕਾਂਗਰਸ 'ਤੇ ਲੋਕਤੰਤਰ ਦਾ ਘਾਣ ਕਰ ਜਿੱਤ ਹਾਸਲ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਜਨਤਾ ਕਾਂਗਰਸ ਨੂੰ ਆਪਣਾ ਜਵਾਬ ਦੇਵੇਗੀ।
ਸਾਂਸਦ ਦੀਪੇਂਦਰ ਹੁੱਡਾ ਨੇ ਮੁੱਖ ਮੰਤਰੀ ਨੂੰ ਜਿੱਤ ਲਈ ਦਿੱਤੀ ਵਧਾਈ
ਕਾਂਗਰਸ ਦੀ ਸੀਟ 'ਤੇ ਰਾਜ ਸਭਾ ਦੇ ਸਾਂਸਦ ਦੀਪੇਂਦਰ ਹੁੱਡਾ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਪੰਜਾਬ ਨਗਰ ਕੌਂਸਲ ਚੋਣਾਂ 'ਚ ਅਸਾਧਾਰਣ ਜਿੱਤ ਲਈ ਪੰਜਾਬ ਕਾਂਗਰਸ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬਾ ਕਾਂਗਰਸ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਵਧਾਈ ਦਿੱਤੀ।ਇਹ ਨਤੀਜੇ ਸਮੇਂ 'ਚ ਤਬਦੀਲੀ ਦਾ ਸੰਕੇਤ ਹਨ, ਇਹ ਕਿਸਾਨੀ, ਵਪਾਰੀ, ਕਰਮਚਾਰੀ, ਨੌਜਵਾਨਾਂ ਦੇ ਦਿਮਾਗ ਦੀ ਗੱਲ ਹੈ।
ਮੋਹਾਲੀ ਦੇ ਦੋ ਬੂਥਾਂ ‘ਤੇ 18 ਫਰਵਰੀ ਨੂੰ ਐਲਾਨੇ ਜਾਣਗੇ ਨਤੀਜੇ
ਦੱਸ ਦੇਈਏ ਕਿ 14 ਫਰਵਰੀ ਨੂੰ ਹੋਈਆਂ ਚੋਣਾਂ 'ਚ 70% ਤੋਂ ਵੱਧ ਪੋਲਿੰਗ ਹੋਈ ਸੀ ਅਤੇ ਅਬੋਹਰ, ਬਠਿੰਡਾ, ਬਟਾਲਾ, ਕਪੂਰਥਲਾ, ਮੁਹਾਲੀ, ਹੁਸ਼ਿਆਰਪੁਰ ਪਠਾਨਕੋਟ ਅਤੇ ਮੋਗਾ ਦੀਆਂ 8 ਨਗਰ ਨਿਗਮ ਦੇ 2302 ਵਾਰਡਾਂ ਅਤੇ 109 ਨਗਰ ਕੌਂਸਲਾਂ ਲਈ ਕੁੱਲ 9222 ਉਮੀਦਵਾਰਾਂ ਨੇ ਚੋਣਾਂ ਲੜੀਆਂ। ਇਥੇ ਇਹ ਵੀ ਦੱਸਣਯੋਗ ਹੈ ਕਿ ਨਗਰ ਨਿਗਮ ਮੋਹਾਲੀ ਦੇ ਦੋ ਬੂਥਾਂ ‘ਤੇ ਮੁੜ ਚੋਣ ਹੋਣ ਕਾਰਨ ਇਸ ਦੇ ਨਤੀਜੇ 18 ਫਰਵਰੀ ਨੂੰ ਐਲਾਨੇ ਜਾਣਗੇ।