ਚੰਡੀਗੜ੍ਹ: ਵਿਸ਼ਵ ਭਰ ’ਚ ਚੌਥੇ ਗੁਰੂ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਪੁਰਬ (Prakash Purab Shri Guru Ramdas Ji) ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸੰਗਤਾਂ ਵੱਡੀ ਗਿਣਤੀ ’ਚ ਗੁਰੂ ਘਰਾਂ ਵਿਖੇ ਹਾਜ਼ਰੀ ਲਵਾ ਰਹੀਆਂ ਹਨ।
ਇਹ ਵੀ ਪੜੋ: International Day of Girl Child: ਇਸ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਸਾਡੀਆਂ ਬਾਲੜੀਆਂ
ਜਨਮ ਤੇ ਮਾਤਾ-ਪਿਤਾ: ਸ੍ਰੀ ਗੁਰੂ ਰਾਮ ਦਾਸ ਜੀ (Guru Ram Das Ji) ਦਾ ਜਨਮ 1534 ਈਸਵੀ ਨੂੰ ਪਿਤਾ ਸ੍ਰੀ ਹਰਦਾਸ ਜੀ ਤੇ ਮਾਤਾ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਚੂਨਾ ਮੰਡੀ, ਲਾਹੌਰ ਵਿਖੇ ਹੋਇਆ। ਆਪ ਜੀ ਦਾ ਨਾਂ ਜੇਠਾ ਰੱਖਿਆ ਗਿਆ। ਬਾਲ ਅਵਸਥਾ ਵਿੱਚ ਹੀ ਆਪ ਜੀ ਦੇ ਸਿਰ ਤੋਂ ਮਾਤਾ-ਪਿਤਾ ਦਾ ਸਾਇਆ ਉੱਠ ਗਿਆ। ਬਚਪਨ ਦਾ ਬਹੁਤਾ ਸਮਾਂ ਨਾਨਕੇ ਘਰ ਪਿੰਡ ਬਾਸਰਕੇ ਜ਼ਿਲ੍ਹਾ ਅੰਮ੍ਰਿਤਸਰ ਵਿਚ ਬੀਤਿਆ, ਜਿਥੇ ਗ਼ਰੀਬੀ ਦੀ ਹਾਲਤ ਵਿਚ ਆਪ ਘੁੰਗਣੀਆਂ ਵੇਚ ਕੇ ਉਪਜੀਵਕਾ ਕਮਾਉਂਦੇ ਰਹੇ।
ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੀ ਤਾਂਘ ਸਦਕਾ ਆਪ ਸ੍ਰੀ ਗੋਇੰਦਵਾਲ ਸਾਹਿਬ ਆ ਗਏ। ਇਥੇ ਆਪ ਗੁਰੂ-ਦਰਬਾਰ ਵਿਚ ਸਵੇਰੇ-ਸ਼ਾਮ ਕਥਾ-ਕੀਰਤਨ ਸਰਵਣ ਕਰਦੇ, ਗੁਰੂ-ਘਰ ਦੀ ਨਿਸ਼ਕਾਮ ਸੇਵਾ ਵੀ ਡੱਟ ਕੇ ਕਰਦੇ, ਪਰ ਆਪਣਾ ਨਿਰਬਾਹ ਘੁੰਗਣੀਆਂ ਵੇਚ ਕੇ ਹੀ ਕਰਦੇ। ਆਪ ਦੀ ਨਿਮਰਤਾ, ਸੇਵਾ-ਸਿਮਰਨ, ਕਿਰਤ ਅਤੇ ਨੇਕ ਸੁਭਾਅ ਨੂੰ ਵੇਖ ਕੇ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਰਿਸ਼ਤਾ ਆਪ ਜੀ ਨਾਲ ਕਰ ਦਿੱਤਾ।
ਗੁਰੂ-ਘਰ ਦਾ ਦਾਮਾਦ ਬਣ ਕੇ ਵੀ ਆਪ ਜੀ ਨੇ ਲੋਕ ਲਾਜ ਦੀ ਪਰਵਾਹ ਨਾ ਕੀਤੀ ਅਤੇ ਦਿਨ-ਰਾਤ ਗੁਰੂ-ਘਰ ਦੀ ਸੇਵਾ ਵਿਚ ਤੱਤਪਰ ਰਹੇ। ਇਕ ਵਾਰ ਆਪ ਨੂੰ ਸੇਵਾ ਕਰਦਿਆਂ ਵੇਖ ਕੇ ਲਾਹੌਰ ਤੋਂ ਆਏ ਸ਼ਰੀਕੇ ਵਾਲਿਆਂ ਨੇ ਮਿਹਣਾ ਵੀ ਮਾਰਿਆ। ਉਨ੍ਹਾਂ ਸ੍ਰੀ ਗੁਰੂ ਅਮਰਦਾਸ ਜੀ ਨੂੰ ਵੀ ਉਲਾਂਭਾ ਦਿੱਤਾ ਤਾਂ ਗੁਰੂ ਜੀ ਨੇ ਕਿਹਾ ਕਿ ਸ੍ਰੀ ਰਾਮਦਾਸ ਦੇ ਸਿਰ ‘ਤੇ ਮਿੱਟੀ ਦੀ ਟੋਕਰੀ ਨਹੀਂ ਹੈ, ਸਗੋਂ ਦੀਨ-ਦੁਨੀਆਂ ਦਾ ਛਤਰ ਹੈ। ਗੁਰੂ ਸਾਹਿਬ ਦਾ ਇਹ ਪਵਿੱਤਰ ਬਚਨ ਸੱਚ ਹੋ ਨਿਬੜਿਆ।
ਗੁਰਗੱਦੀ: ਸਤੰਬਰ 1574 ਈਸਵੀ ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ (Guru Ram Das Ji) ਨੂੰ ਗੁਰਗੱਦੀ ਸੌਂਪ ਦਿੱਤੀ। ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ (ਰਾਮਦਾਤਪੁਰ) ਦੀ ਨੀਂਹ 1574 ਈਸਵੀ ਵਿੱਚ ਰੱਖੀ।
ਜੋਤਿ ਜੋਤ ਸਮਾਉਣਾ: ਗੁਰੂ ਘਰ ਪ੍ਰਤੀ ਸੱਚੀ ਲਗਨ ਅਤੇ ਨੇਚਾ ਨੂੰ ਵੇਖਦਿਆਂ ਹੋਇਆ ਆਪ ਨੇ ਅਰਜਨ ਦੇਵ ਜੀ ਨੂੰ ਇੱਕ ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਤੇ ਇਸੇ ਦਿਨ ਹੀ ਆਪ ਜੋਤਿ ਜੋਤ ਸਮਾ ਗਏ।
ਵਿਸ਼ੇਸ਼ ਸਮਾਗਮ: ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸਾਧ ਸੰਗਤਾਂ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਆਪਣਾ ਜੀਵਨ ਸਫ਼ਲ ਕਰ ਰਹੀਆਂ ਹਨ। ਕਈ ਦਿਨਾਂ ਤੋਂ ਨਗਰ ਕੀਰਤਨ ਕੱਢੇ ਜਾ ਰਹੇ ਹਨ। ਵੱਖ-ਵੱਖ ਜਗ੍ਹਾ 'ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਜਾ ਰਿਹਾ ਹੈ। ਇਸ ਮੌਕੇ ਪੂਰੀ ਗੁਰੂ ਨਗਰੀ ਅਤੇ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਗੁਰੂ ਜੀ ਦੇ ਨਾਂ ਉੱਤੇ ਬਣੇ ਹਵਾਈ ਅੱਡੇ ਨੂੰ ਵੀ ਸਜਾਇਆ ਗਿਆ ਹੈ। ਉਥੇ ਹੀ ਪੂਰਾ ਦਿਨ ਹਰਿਮੰਦਰ ਸਾਹਿਬ ਵਿਖੇ ਕੀਰਤਨ ਦਰਬਾਰ ਹੋਵੇਗਾ ਅਤੇ ਲਾਈਟਾਂ ਦੀ ਸਜਾਵਟ ਕੀਤੀ ਜਾਵੇਗੀ।
ਇਹ ਵੀ ਪੜੋ: Weather Report ਦੇਸ਼ ਭਰ ਵਿੱਚ ਭਾਰੀ ਮੀਂਹ, ਕਈ ਥਾਈਂ ਬਣੇ ਹੜ੍ਹਾਂ ਵਰਗੇ ਹਾਲਾਤ