ਚੰਡੀਗੜ੍ਹ: ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਮਾਮਲਿਆਂ ਵਿਚ ਵਿਸ਼ੇਸ਼ ਜਾਂਚ ਟੀਮ (ਸਿੱਟ) (Special Investigation Team) ਹੁਣ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ (Dera Sirsa Chairperson Vipasna) ਤੋਂ ਵੀ ਪੁੱਛਗਿੱਛ ਕਰੇਗੀ। ਉਸ ਤੋਂ ਇਲਾਵਾ ਵਾਈਸ ਚੇਅਰਪਰਸਨ ਡਾ ਪੀ.ਆਰ. ਨੈਨ (Vice Chairperson Dr. P.R.Nain) ਵੀ ਸਿੱਟ ਦੇ ਸ਼ੱਕ ਦੇ ਦਾਇਰੇ ਵਿੱਚ ਹੈ। ਸਿੱਟ ਨੇ ਦੋਵਾਂ ਕੋਲੋਂ ਪੁਛਗਿੱਛ ਲਈ ਉਨ੍ਹਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।
ਰਾਮ ਰਹੀਮ ਤੋਂ ਪੁੱਛਗਿੱਛ ਉਪਰੰਤ ਅਹੁਦੇਦਾਰਾਂ ’ਤੇ ਟਿਕੀ ਸੂਈ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਪੁੱਛਗਿੱਛ ਕਰ ਉਪਰੰਤ ਹੁਣ ਡੇਰੇ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਤੋਂ ਵੀ ਪੁੱਛਗਿੱਛ ਕਰਨ ਜਾ ਰਹੀ ਹੈ। ਭਰੋਸੇਯੋਗ ਸੂਤਰਾਂ ਨੂੰ ਮਿਲੀ ਜਾਣਕਾਰੀ ਅਨੁਸਾਰ ਵਿਸ਼ੇਸ਼ ਜਾਂਚ ਟੀਮ ਵਲੋਂ ਡੇਰੇ ਦੀਆਂ ਦੋਹਾਂ ਅਹੁਦੇਦਾਰਾਂ ਨੂੰ ਪੁੱਛਗਿੱਛ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਅਤੇ ਅਗਲੇ ਕੁਝ ਦਿਨਾਂ ਅੰਦਰ ਉਨ੍ਹਾਂ ਤੋਂ ਪੁੱਛਗਿਛ ਕਰਕੇ ਜਾਂਚ ਵਿਚ ਸ਼ਾਮਲ ਕੀਤਾ ਜਾਵੇਗਾ।
ਵਿਪਾਸਨਾ ਤੇ ਨੈਨ ਨੂੰ ਜਾਂਚ ਲਈ ਸੱਦਿਆ
ਹੁਣ ਵੇਖਣਾ ਹੋਵੇਗਾ ਕਿ ਕੀ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਇੰਸਾਂ ਅਤੇ ਵਾਈਸ ਚੇਅਰਪਰਸਨ ਡਾਕਟਰ ਪੀ.ਆਰ. ਨੈਨ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੁੰਦੇ ਹਨ ਜਾਂ ਨਹੀਂ। ਰਾਮ ਰਹੀਮ ਨੇ ਫਰੀਦਕੋਟ ਅਦਾਲਤ ਵੱਲੋਂ ਉਸ ਦੇ ਜਾਰੀ ਪ੍ਰੋਡਕਸ਼ਨ ਵਾਰੰਟ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਸੀ ਤੇ ਨਾਲ ਹੀ ਇਸ ਮਾਮਲੇ ਵਿੱਚ ਅਗਾਉਂ ਜਮਾਨਤ ਦੀ ਅਰਜੀ ਦਾਖ਼ਲ ਕੀਤੀ ਸੀ। ਇਸੇ ਮਾਮਲੇ ਵਿੱਚ ਹਾਈਕੋਰਟ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਫਰੀਦਕੋਟ ਨਹੀਂ ਲਿਆਇਆ ਜਾ ਸਕਦਾ, ਲਿਹਾਜਾ ਸਿੱਟ ਸੁਨਾਰੀਆ ਜੇਲ੍ਹ ਵਿੱਚ ਜਾ ਕੇ ਪੁੱਛਗਿੱਛ ਕਰ ਸਕਦੀ ਹੈ।
ਰਾਮ ਰਹੀਮ ਕੋਲੋਂ ਸੁਨਾਰੀਆ ਜੇਲ੍ਹ ’ਚ ਪੁੱਛਗਿੱਛ
ਇਸ ਉਪਰੰਤ ਸਿੱਟ ਸੁਨਾਰੀਆ ਜੇਲ੍ਹ ਵਿੱਚ ਗਈ ਸੀ ਤੇ ਰਾਮ ਰਹੀਮ ਕੋਲੋਂ ਪੁੱਛਗਿੱਛ ਕੀਤੀ ਸੀ। ਇਸੇ ਦੌਰਾਨ ਹਾਈਕੋਰਟ ਕੋਲੋਂ ਸਿੱਟ ਨੇ ਜਾਂਚ ਰਿਪੋਰਟ ਦਾਖ਼ਲ ਕਰਨ ਲਈ ਸਮਾਂ ਮੰਗਿਆ ਸੀ ਤੇ ਰਾਮ ਰਹੀਮ ਕੋਲੋਂ ਪੁੱਛਗਿੱਛ ਲਈ ਸਿੱਟ ਦੁਬਾਰਾ ਸੁਨਾਰੀਆ ਜੇਲ੍ਹ ਗਈ ਸੀ। ਸਿੱਟ ਵੱਲੋਂ ਰਾਮ ਰਹੀਮ ਕੋਲੋਂ ਦੁਬਾਰਾ ਪੁੱਛਗਿੱਛ ਕੀਤੀ ਗਈ ਹੈ ਤੇ ਹੁਣ ਲਗੇ ਹੱਥ ਚੇਅਰਪਰਸਨ ਤੇ ਵਾਇਸ ਚੇਅਰਪਰਸਨ ਕੋਲੋਂ ਵੀ ਪੁੱਛਗਿੱਛ ਦੀ ਤਿਆਰੀ ਕੀਤੀ ਗਈ ਹੈ।
ਬੇਅਦਬੀ ਮੁੱਦਾ ਗਰਮਾਇਆ
ਜਿਕਰਯੋਗ ਹੈ ਕਿ ਪੰਜਾਬ ਵਿੱਚ ਬੇਅਦਬੀ ਦਾ ਮੁੱਦਾ ਗਰਮਾਇਆ ਹੋਇਆ ਹੈ। ਵਿਰੋਧੀਆਂ ਤੋਂ ਇਲਾਵਾ ਸੱਤਾ ਧਿਰ ਕਾਂਗਰਸ ਦੇ ਆਪਣੇ ਪ੍ਰਧਾਨ ਬੇਅਦਬੀ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕਰਨ ਦਾ ਦੋਸ਼ ਲਗਾਉਂਦੇ ਆ ਰਹੇ ਹਨ। ਇਸੇ ਕਾਰਨ ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਵਿੱਚ ਤੇਜੀ ਲਿਆਂਦੀ ਹੋਈ ਹੈ।