ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਾਂਗਰਸ ਵਿੱਚ ਸ਼ਾਮਲ (Singer sidhu moose wala joined Congress) ਹੋ ਗਏ ਹਨ। ਚੰਡੀਗੜ੍ਹ ਪੰਜਾਬ ਭਵਨ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਇੰਚਾਰਜ ਹਰੀਸ਼ ਚੌਧਰੀ ਤੇ ਕਈ ਹੋਰ ਕਾਂਗਰਸੀ ਆਗੂਆਂ ਦੀ ਮੌਜੂਦਗੀ ਵਿੱਚ ਮੂਸੇਵਾਲਾ ਨੇ ਕਾਂਗਰਸ ਦਾ ਪੱਲਾ ਫੜ੍ਹ ਲਿਆ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਵੱਲੋਂ ਸਿੱਧੂ ਮੂਸੇਵਾਲਾ ਦਾ ਸੁਆਗਤ ਕੀਤਾ ਗਿਆ ਹੈ।
ਕਾਂਗਰਸ ਦਾ ਪੱਲਾ ਫੜ੍ਹਨ ਵਾਲੇ ਮੂਸੇਵਾਲਾ ਨੇ ਕਿਹਾ ਕਿ ਮੈਂ ਪਿੰਡ ਨਾਲ ਜੁੜਿਆ ਹੋਇਆ ਹਾਂ, ਉਹਨਾਂ ਨੇ ਕਿਹਾ ਕਿ ਲੋਕ ਮੇਰੇ ਨਾਲ ਜੁੜੇ ਹੋਏ ਹਨ ਤੇ ਲੋਕ ਚਾਹੁੰਦੇ ਹਨ ਕਿ ਮੈਂ ਉਹਨਾਂ ਦੀ ਮਦਦ ਕਰਾਂ। ਮੂਸੇਵਾਲਾ ਨੇ ਕਿਹਾ ਕਿ ਪੰਜਾਬ ਬੇਸ਼ੱਕ ਤਰੱਕੀ ਕਰ ਗਿਆ ਹੈ, ਪਰ ਮਾਨਸਾ ਅਜੇ ਵੀ ਪੱਛੜਿਆ ਹੋਇਆ ਹੈ ਇਲਾਕਾ ਹੈ। ਉਹਨਾਂ ਨੇ ਕਿਹਾ ਕਿ ਮੇਰਾ ਰਾਜਨੀਤੀ ਵਿੱਚ ਆਉਣ ਦਾ ਮਕਸਦ ਮੇਰੇ ਹਲਕੇ ਦਾ ਵਿਕਾਸ ਕਰਨਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਸ ਪਾਰਟੀ ਰਾਹੀਂ ਆਪਣੇ ਹਲਕੇ ਦੇ ਲੋਕਾਂ ਦੀ ਆਵਾਜ ਚੁੱਕਾਂਗਾ।
ਇਹ ਵੀ ਪੜੋ: Assembly Elections 2022: ਵਿਕਾਸ ਨੂੰ ਲੈ ਕੇ ਕੀ ਬੋਲੇ ਹਲਕਾ ਚੱਬੇਵਾਲ ਦੇ ਨਿਵਾਸੀ ?
ਉਹਨਾਂ ਨੇ ਕਿਹਾ ਕਿ ਮੇਰਾ ਕਾਂਗਰਸ ਪਾਰਟੀ ਦੀ ਚੋਣ ਕਰਨ ਪਿੱਛੇ ਇਹ ਕਾਰਨ ਹੈ ਕਿ ਇਸ ਪਾਰਟੀ ਵਿੱਚ ਜੋ ਆਗੂ ਹਨ ਉਹ ਗਰੀਬ ਪਰਿਵਾਰਾਂ ਤੋਂ ਉੱਠ ਕੇ ਆਏ ਹਨ ਤੇ ਉਹਨਾਂ ਨੂੰ ਲੋਕਾਂ ਦੀ ਮੁਸ਼ਕਿਲਾਂ ਤਾਂ ਪਤਾ ਹੈ, ਇਸ ਲਈ ਮੈਂ ਕਾਂਗਰਸ ਦਾ ਪੱਲ੍ਹਾ ਫੜ੍ਹਿਆ ਹੈ।
ਮੂਸੇਵਾਲਾ ਨੇ ਕਿਹਾ ਕਿ ਜਿਵੇਂ ਲੋਕਾਂ ਨੇ ਮੇਰੇ ਗਾਇਕੀ ਵਿੱਚ ਸਾਥ ਦਿੱਤਾ ਹੈ ਉਸ ਤਰ੍ਹਾਂ ਮੈਨੂੰ ਉਮੀਦ ਹੈ ਕਿ ਲੋਕ ਹੁਣ ਵੀ ਮੇਰਾ ਸਾਥ ਦੇਣਗੇ।
ਸਿੱਧੂ ਮੂਸੇਵਾਲਾ ਦਾ ਸੁਆਗਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਬਹੁਤ ਵੱਡਾ ਕ੍ਰਾਂਤੀਕਾਰੀ ਦਿਨ ਹੈ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਆਮ ਪਰਿਵਾਰ ਵਿੱਚੋਂ ਉੱਠ ਪੂਰੇ ਵਿਸ਼ਵ ਵਿੱਚ ਨਾਂ ਰੋਸ਼ਨ ਕੀਤਾ ਹੈ। ਉਹਨਾਂ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਵਿੱਚ ਮੂਸੇਵਾਲਾ ਦਾ ਬੰਬੀਹਾ ਬੋਲੇਗਾ।
ਇਹ ਵੀ ਪੜੋ: ਗੁਰਦਾਸਪੁਰ ‘ਚੋਂ ਇੱਕ ਹੋਰ ਟਿਫਨ ਬੰਬ ਬਰਾਮਦ
ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਸਾਡੇ ਲਈ ਬਹੁਤ ਵਡਭਾਗਾਂ ਦਿਨ ਹੈ ਕਿ ਸਿੱਧੂ ਮੂਸੇਵਾਲਾ ਸਾਡੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਨੇ ਕਿਹਾ ਕਿ ਅੱਜ ਅਸੀਂ ਇਹਨਾਂ ਦੀ ਮੀਟਿੰਗ ਹਾਈਕਮਾਡ ਨਾਲ ਵੀ ਕਰਾਵਾਂਗੇ। ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਨੇ ਸੰਗੀਤ ਦੀ ਦੁਨੀਆ ਨੂੰ ਬਦਲ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਿਰਫ਼ 3 ਤੋਂ 4 ਸਾਲਾਂ ਵਿੱਚ ਸਿੱਧੂ ਮੂਸੇਵਾਲੇ ਨੇ ਬਹੁਤ ਵੱਡਾ ਨਾਂ ਬਣਾ ਲਿਆ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੂਸੇਵਾਲਾ ਨੇ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੰਜਾਬੀਆਂ ਦਾ ਨਾਂ ਰੋਸ਼ਨ ਕੀਤਾ ਹੈ।
ਮਾਨਸਾ ਤੋਂ ਲੜ੍ਹ ਸਕਦੈ ਚੋਣ
ਖ਼ਬਰਾਂ ਇਹ ਮਿਲ ਰਹੀਆਂ ਹਨ ਕਿ ਗਾਇਕ ਸਿੱਧੂ ਮੂਸੇਵਾਲਾ ਸੀਟ ਤੋਂ ਚੋਣ ਲੜ ਸਕਦਾ ਹੈ। ਜਦਕਿ ਦੂਜੇ ਪਾਸੇ ਮੂਸੇਵਾਲਾ ਨੇ ਆਪਣੇ ਬਿਆਨ ਵਿੱਚ ਵੀ ਸ਼ਪੱਸਟ ਕਰ ਦਿੱਤਾ ਹੈ ਕੇ ਉਹਨਾਂ ਨੇ ਜ਼ਿਲ੍ਹੇ ਦਾ ਵਿਕਾਸ ਨਹੀਂ ਹੋਇਆ ਹੈ ਇਸ ਲਈ ਉਹ ਲੋਕਾਂ ਦੀ ਸੇਵਾ ਕਰਨ ਅਤੇ ਆਪਣੇ ਹਲਕੇ ਦਾ ਵਿਕਾਸ ਕਰਨ ਲਈ ਸਿਆਸਤ ਵਿੱਚ ਆਏ ਹਨ।
ਵਿਵਾਦਾਂ ’ਚ ਰਹੇ ਹਨ ਮੂਸੇਵਾਲਾ
ਦੱਸ ਦਈਏ ਕਿ ਗਾਇਕ ਸਿੱਧੂ ਮੂਸੇਵਾਲਾ ਦਾ ਨਾਤਾ ਵਿਵਾਦਾਂ ਨਾਲ ਜੁੜਿਆ ਹੋਇਆ ਹੈ। ਜਿੱਥੇ ਸਿੱਧੂ ਮੂਸੇਵਾਲਾ ਆਪਣੇ ਗਾਣਿਆ ਕਾਰਨ ਵਿਵਾਦਾਂ ਨਾਲ ਜੁੜੇ ਹੋਏ ਹਨ, ਉਥੇ ਹੀ ਉਹਨਾਂ ’ਤੇ ਕਈ ਮਾਮਲੇ ਵੀ ਦਰਜ ਹੋਏ ਹਨ। ਇਸ ਦੇ ਨਾਲ ਹੀ ਗਾਣੇ ਦੇ ਬੋਲ ਕਾਰਨ ਮੂਸੇਵਾਲਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਤਲਬ ਵੀ ਕੀਤਾ ਗਿਆ ਸੀ, ਜਿਸ ਮੂਸੇਵਾਲਾ ਨੇ ਪੇਸ਼ ਹੋ ਮੁਆਫੀ ਮੰਗੀ ਸੀ।
ਮਾਨਸਾ ਜ਼ਿਲ੍ਹੇ ਨਾਲ ਰੱਖਦੇ ਹਨ ਸਬੰਧੀ
ਸਿੱਧੂ ਮੂਸੇਵਾਲਾ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਹੈ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਸਾਬਕਾ ਫੌਜੀ ਹਨ ਤੇ ਮਾਤਾ ਪਿੰਡ ਦੇ ਮੌਜੂਦਾ ਸਰਪੰਚ ਹਨ।