ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨਾਲ ਹਰੀਸ਼ ਰਾਵਤ ਵਲੋਂ ਸਾਂਝੀ ਕੀਤੀ ਗਈ ਫੋਟੋ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਮੁਲਾਕਾਤ ਦੋਵਾਂ ਦੇ ਪ੍ਰੋਟੋਕੋਲ ਅਧੀਨ ਸੀ, ਕਿਉਂਕਿ ਦੋਵਾਂ ਦਾ ਸਟੇਟਸ ਇੱਕੋ ਜਿਹਾ ਸੀ, ਪਰ ਸਿੱਧੂ ਪੰਜਾਬ ਸਰਕਾਰ ਵਿੱਚ ਮੰਤਰੀ ਸਨ ਅਤੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਤੇ ਜਨਰਲ ਬਾਜਵਾ ਪਾਕਿਸਤਾਨੀ ਫੌਜ ਦੇ ਜਨਰਲ ਅਤੇ ਇਸ ਸਭ ਦਾ ਸਿੱਧੂ ਨਾਲ ਕੋਈ ਮੇਲ ਨਹੀਂ ਹੈ।
ਸਿੱਧੂ ‘ਤੇ ਉਨ੍ਹਾਂ ਦੀ ਪਾਰਟੀ ਦੇ ਹੀ ਕੈਪਟਨ ਨੇ ਲਗਾਏ ਦੋਸ਼
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਉਨ੍ਹਾਂ ਦੀ ਆਪਣੀ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ ਲਾਏ ਹਨ। ਸ਼ਰਮਾ ਨੇ ਕਿਹਾ ਕਿ ਜੇਕਰ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪਾਕਿਸਤਾਨੀ ਫੌਜ ਦੇ ਜਨਰਲ ਬਾਜਵਾ ਨਾਲ ਇੰਨੀ ਗੂੜ੍ਹੀ ਦੋਸਤੀ ਹੈ, ਤਾਂ ਸਿੱਧੂ ਪਾਕਿਸਤਾਨ ਤੋਂ ਪੰਜਾਬ ਵਿੱਚ ਡਰੋਨਾਂ ਰਾਹੀਂ ਆਉਣ ਵਾਲੇ ਹਥਿਆਰਾਂ, ਨਸ਼ੀਲੇ ਪਦਾਰਥਾਂ ਅਤੇ ਵਿਸਫੋਟਕਾਂ 'ਤੇ ਪਾਬੰਦੀ ਲਗਾਉਣ ਲਈ ਇਮਰਾਨ ਖਾਨ ਅਤੇ ਜਨਰਲ ਬਾਜਵਾ ਨਾਲ ਗੱਲ ਕਿਉਂ ਨਹੀਂ ਕਰਦੇ?
ਕਰਤਾਰਪੁਰ ਲਾਂਘੇ ਦਾ ਸਿਹਰਾ ਪੀਐਮ ਨੂੰ ਜਾਂਦਾ
ਪਾਰਟੀ ਪ੍ਰਧਾਨ ਨੇ ਕਿਹਾ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਦਾ ਸਿਹਰਾ ਕੇਂਦਰ ਸਰਕਾਰ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਂਦਾ ਹੈ। ਸ਼ਰਮਾ ਨੇ ਕਿਹਾ ਕਿ ਜੇ ਇਮਰਾਨ ਖਾਨ ਨਾਲ ਨਵਜੋਤ ਸਿੰਘ ਸਿੱਧੂ ਦੀ ਦੋਸਤੀ ਇੰਨੀ ਹੀ ਪੱਕੀ ਹੈ, ਤਾਂ ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਵਲੋਂ ਕਈ ਦਹਾਕਿਆਂ ਤੋਂ ਭਾਰਤੀ ਕਸ਼ਮੀਰ ਦੀ ਜਬਰੀ ਕਬਜਾਈ ਗਈ ਧਰਤੀ, ਪੀਓਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਜੋਂ ਜਾਣਿਆ ਜਾਂਦਾ ਹੈ, ਭਾਰਤ ਨੂੰ ਵਾਪਸ ਕਿਉਂ ਨਹੀਂ ਕਰਵਾਉਂਦੇ?
ਪਾਕਿ ਨਾਲ ਦੋਸਤੀ ਦੀ ਸਹੀ ਵਰਤੋਂ ਕਰਨ ਸਿੱਧੂ
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਸਰਹੱਦ 'ਤੇ ਜੰਗਬੰਦੀ ਦੀ ਉਲੰਘਣਾ ਕਰਕੇ ਕੀਤੇ-ਨਾ-ਕਿਤੇ ਸਰਹੱਦ ‘ਤੇ ਹਰ ਰੋਜ਼ ਸਾਡੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਕੀਤੇ ਜਾਂਦੇ ਹਨ, ਜੇਕਰ ਸਿੱਧੂ ਦੀ ਜਨਰਲ ਬਾਜਵਾ ਨਾਲ ਦੋਸਤੀ ਇੰਨੀ ਹੀ ਪੱਕੀ ਹੈ, ਤਾਂ ਉਹ ਇਸ' ਬਾਰੇ ਪਾਕਿਸਤਾਨ ਨਾਲ ਗੱਲ ਕਰਕੇ ਉਨ੍ਹਾਂ ਨੂੰ ਜੰਗਬੰਦੀ ਦੇ ਨਿਯਮਾਂ ਦੀ ਪਾਲਣ ਲਈ ਮਜਬੂਰ ਕਿਉਂ ਨਹੀਂ ਕਰਦੇ? ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹਰੀਸ਼ ਰਾਵਤ ਕਹਿ ਰਹੇ ਹਨ ਕਿ ਵਿਧਾਨ ਸਭਾ ਚੋਣਾਂ ਨਵਜੋਤ ਸਿੱਧੂ ਦੇ ਚਿਹਰੇ 'ਤੇ ਲੜੀਆਂ ਜਾਣਗੀਆਂ।
ਕੈਪਟਨ ਦਾ ਬਿਆਨ ਕੀਤਾ ਫਾਲੋ
ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਨੂੰ ਫਾਲੋ ਕਰਦਿਆਂ ਸ਼ਰਮਾ ਨੇ ਕਿਹਾ ਕਿ ਸਿੱਧੂ ਇੱਕ ਅਸਫਲ ਨੇਤਾ ਹਨ, ਕਿਉਂਕਿ ਜਿਹੜਾ ਨੇਤਾ ਸਰਕਾਰ ਵਿੱਚ ਕੈਬਨਿਟ ਮੰਤਰੀ ਹੁੰਦਿਆਂ ਆਪਣਾ ਵਿਭਾਗ ਨਹੀਂ ਸੰਭਾਲ ਸਕਿਆ, ਉਹ ਪੰਜਾਬ ਜਾਂ ਪੰਜਾਬ ਦੇ ਲੋਕਾਂ ਨੂੰ ਕੀ ਸੰਭਾਲੇਗਾ ਅਤੇ ਉਹ ਲੋਕਾਂ ਲਈ ਕੀ ਕਰੇਗਾ? ਸਿੱਧੂ ਨੂੰ ਸਿਰਫ ਮੁੱਖ ਮੰਤਰੀ ਬਣਨ ਦੀ ਲਾਲਸਾ ਅਤੇ ਚਿੰਤਾ ਹੈ।
ਖਜਾਨਾ ਖਾਲੀ ਤੇ ਚੰਨੀ ਉਡ ਰਹੇ ਚਾਰਟਰ ਜਹਾਜਾਂ ‘ਚ
ਸ਼ਰਮਾ ਨੇ ਕਿਹਾ ਕਿ ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਦੀ ਮੁੱਖ ਮੰਤਰੀ ਵਜੋਂ ਨਿਯੁਕਤੀ ਕਾਂਗਰਸ ਹਾਈ ਕਮਾਂਡ ਦੀ ਸੋਚੀ ਸਮਝੀ ਸਾਜ਼ਿਸ਼ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਹੈ ਅਤੇ ਪੰਜਾਬ ਸਿਰ ਲੱਖਾਂ ਕਰੋੜ ਦਾ ਕਰਜ਼ਾ ਹੈ ਅਤੇ ਨਵ-ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਉਪ ਮੁੱਖ-ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਓ.ਪੀ.ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਨੂੰ ਟੈਕਸ ਨੂੰ ਆਪਣੀ ਐਸ਼ਪਰਸਤੀ ਕਿਉਂ ਬਰਬਾਦ ਕਰ ਰਹੇ ਹਨ? ਉਨ੍ਹਾਂ ਕਿਹਾ ਕਿ ਇੱਕ ਪਾਸੇ ਪੰਜਾਬ ਕਾਂਗਰਸ ਸਰਕਾਰ ਆਪਣੇ ਮੰਤਰੀਆਂ ਦੇ ਖਰਚੇ ਘਟਾਉਣ ਦੀ ਗੱਲ ਕਰਦੀ ਹੈ ਅਤੇ ਦੂਜੇ ਪਾਸੇ ਨਵੇਂ ਮੁੱਖ ਮੰਤਰੀ ਚੰਨੀ ਅਤੇ ਉਨ੍ਹਾਂ ਦੇ ਸਿਪਾਸਲਾਰ ਨਿੱਜੀ ਜਹਾਜ਼ਾਂ ਵਿੱਚ ਸਫਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸੱਭਿਆਚਾਰ ਦੇਸ਼ ਅਤੇ ਸੂਬੇ ਨੂੰ ਬਰਬਾਦ ਕਰਨਾ ਹੈ, ਪਰ ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।
ਇਹ ਵੀ ਪੜ੍ਹੋ:'ਆਮ ਆਦਮੀ ਦੀ ਗੱਲ ਕਰਨ ਵਾਲਾ ਲੈ ਰਿਹਾ ਪ੍ਰਾਈਵੇਟ ਜੈਟ ਦੇ ਝੂਟੇ'