ਚੰਡੀਗੜ੍ਹ: ਪੰਜਾਬ ਡੀਜੀਪੀ ਗੌਰਵ ਯਾਦਵ ਸਿੱਧੂ ਮੂਸੇ ਵਾਲਾ ਕਤਲਕਾਂਡ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰ ਰਹੇ ਹਨ। ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਕਤਲਕਾਂਡ ਵਿੱਚ ਫੜ੍ਹੇ ਆਖ਼ਰੀ ਸ਼ੂਟਰ ਦੀਪਕ ਮੁੰਡੀ ਨੂੰ ਲੈ ਕੇ ਕਈ ਅਹਿਮ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਦੀਪਕ ਮੁੰਡੀ ਫੇਕ ਪਾਸਪੋਰਟ ਉੱਤੇ ਦੁਬਈ ਭੇਜਣ ਦੀ ਫਿਰਾਕ (Sidhu moose wala murder case) ਵਿੱਚ ਸੀ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਦੀਪਕ ਮੁੰਡੀ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ। ਉਨ੍ਹਾਂ ਕਿਹਾ ਕਿ ਮੁੰਡੀ ਬਿਹਾਰ ਤੋਂ ਨੇਪਾਲ ਬਾਰਡਰ ਪਹੁੰਚਿਆ ਸੀ। ਉਹ ਫੇਕ ਪਾਸਪੋਰਟ ਜ਼ਰੀਏ ਦੁਬਈ ਭੱਜਣ ਦੀ ਫਿਰਾਕ ਵਿੱਚ ਸੀ। ਉਨ੍ਹਾਂ ਕਿਹਾ ਕਿ ਜਲਦ ਹੀ ਗੋਲਡੀ ਬਰਾੜ ਨੂੰ ਵੀ ਗ੍ਰਿਫਤਾਰ ਕਰਕੇ ਪੰਜਾਬ ਲਿਆਂਦਾ ਜਾਵੇਗਾ। ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 23 ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ।
ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦਾ ਬਿਆਨ: ਉਨ੍ਹਾਂ ਕਿਹਾ ਕਿ ਸ਼ਨੀਵਾਰ ਨੂੰ ਅਸੀਂ ਮੂਸੇਵਾਲਾ ਕਤਲ ਕੇਸ ਵਿੱਚ 3 ਗ੍ਰਿਫਤਾਰੀਆਂ ਕੀਤੀਆਂ ਹਨ। ਦੀਪਕ ਮੁੰਡੀ ਸਮੇਤ 3 ਗ੍ਰਿਫਤਾਰ ਕੀਤੇ ਗਏ ਹਨ। ਇਹ ਗ੍ਰਿਫਤਾਰੀਆਂ ਦਿੱਲੀ ਪੁਲਿਸ ਅਤੇ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਕੀਤੀਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਗੋਲਡੀ ਬਰਾੜ ਇਸ ਮਾਮਲੇ ਵਿੱਚ ਮਾਸਟਰ ਮਾਈਂਡ ਹੈ। ਕਪਿਲ ਨਾਂਅ ਦੇ ਵਿਅਕਤੀ ਨੇ ਦੀਪਕ ਮੁੰਡੀ ਨੂੰ ਨੇਪਾਲ ਵਿੱਚ ਸ਼ਰਨ ਦਿੱਤੀ ਸੀ। ਉਨ੍ਹਾਂ ਦੀ ਯੋਜਨਾ ਦੀਪਕ ਮੁੰਡੀ ਨੂੰ ਦੁਬਈ ਭੇਜਣ ਦੀ ਸੀ। ਸਲਮਾਨ ਖਾਨ ਦੀ ਰੇਕੀ ਵੀ ਕਪਿਲ ਪੰਡਿਤ ਨਾਂਅ ਦੇ ਵਿਅਕਤੀ ਨੇ ਕੀਤੀ ਸੀ। ਮਨਪ੍ਰੀਤ ਭਾਊ ਅਤੇ ਮਨਪ੍ਰੀਤ ਮੰਨਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਨੂੰ ਇਸ ਬਾਰੇ ਸਭ ਤੋਂ ਪਹਿਲਾਂ ਜਾਣਕਾਰੀ ਮਿਲੀ। ਅਸੀਂ ਵਿਦੇਸ਼ ਬੈਠੇ ਮੁਲਜ਼ਮਾਂ ਨੂੰ ਫੜਨ ਦੀ ਵੀ ਕੋਸ਼ਿਸ਼ ਕਰ ਰਹੇ ਹਾਂ।
ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਖੁਦ ਹਰ ਦੋ ਹਫ਼ਤਿਆਂ ਬਾਅਦ ਪੂਰੇ ਮਾਮਲੇ ਦੀ ਸਮੀਖਿਆ ਕਰ ਰਹੇ ਹਨ। ਇਸ ਮਾਮਲੇ 'ਚ ਹੁਣ ਤੱਕ 23 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇੱਕ ਦੇਸ਼ ਦੀ ਏਜੰਸੀ ਗੈਂਗਸਟਰਾਂ ਨੂੰ ਦੇਸ਼ ਵਿਰੋਧੀ ਗਤੀਵਿਧੀਆਂ ਲਈ ਵਰਤ ਰਹੀ ਹੈ। ਵਿਸਫੋਟਕ ਅਤੇ ਨਸ਼ੀਲੇ ਪਦਾਰਥ ਹੁਣ ਸਰਹੱਦ ਪਾਰੋਂ ਡਰੋਨਾਂ ਰਾਹੀਂ ਆ ਰਹੇ ਹਨ, ਕਿਉਂਕਿ ਬੀਐਸਐਫ ਨੇ ਸਰਹੱਦ 'ਤੇ ਚੌਕਸੀ ਵਧਾ ਦਿੱਤੀ ਹੈ। ਹੁਣ ਤਸਕਰੀ ਲਈ ਨਵੇਂ ਤਰੀਕੇ ਵਰਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਬੀਤੇ ਦਿਨੀਂ ਮੂਸੇਵਾਲਾ ਕਤਲ ਮਾਮਲੇ 'ਚ ਲੋੜੀਂਦਾ ਛੇਵਾਂ ਗੈਂਗਸਟਰ ਦੀਪਕ ਮੁੰਡੀ ਦੋ ਸਾਥੀਆਂ ਸਮੇਤ ਪੱਛਮੀ ਬੰਗਾਲ ਦੀ ਸਰਹੱਦ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਜਿਥੇ ਪੁਲਿਸ ਨੇ ਦੀਪਕ ਮੁੰਡੀ ਨੂੰ ਮਾਨਸਾ ਅਦਾਲਤ 'ਚ ਪੇਸ਼ ਕਰਕੇ ਸੱਤ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਵਲੋਂ 17 ਸਤੰਬਰ ਨੂੰ ਮੁੜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਦੇਰ ਰਾਤ ਪੰਜਾਬ ਲੈਕੇ ਆਈ ਸੀ ਪੁਲਿਸ: ਪੰਜਾਬ ਪੁਲਿਸ ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਨੂੰ ਲੈਕੇ ਦੇਰ ਰਾਤ ਪੰਜਾਬ ਪਹੁੰਚੀ ਸੀ। ਜਿਥੋਂ ਪੁਲਿਸ ਵਲੋਂ ਸ਼ੂਟਰ ਦੀਪਕ ਮੁੰਡੀ ਸਮੇਤ ਰਜਿੰਦਰ ਜੋਕਰ ਅਤੇ ਕਪਿਲ ਪੰਡਿਤ ਨੂੰ ਮਾਨਸਾ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਚੈੱਕਅੱਪ ਦੇ ਲਈ ਲਿਆਂਦਾ। ਹਸਪਤਾਲ 'ਚ ਚੈਕਅੱਪ ਤੋਂ ਬਾਅਦ ਪੁਲਿਸ ਵਲੋਂ ਉਕਤ ਤਿੰਨਾਂ ਨੂੰ ਮਾਨਸਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਪੁਲਿਸ ਨੂੰ ਦੀਪਕ ਮੁੰਡੀ ਅਤੇ ਉਸ ਦੇ ਦੋ ਸਾਥੀਆਂ ਦਾ ਸੱਤ ਦਿਨਾਂ ਦਾ ਰਿਮਾਂਡ ਮਿਲਿਆ।
ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਦੀ ਪੋਸਟ: ਦੀਪਕ ਮੁੰਡੀ ਅਤੇ ਉਸ ਦੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਦੀ ਪੋਸਟ ਵੀ ਸਾਹਮਣੇ ਆਈ ਹੈ। ਜਿਸ 'ਚ ਉਸ ਦਾ ਡਰ ਸਾਫ ਦਿਖਾਈ ਦੇ ਰਿਹਾ ਹੈ। ਗੋਲਡੀ ਬਰਾੜ ਨੇ ਪੋਸਟ 'ਚ ਲਿਖਿਆ ਕਿ 'ਸਾਡੇ ਜਿਹੜੇ ਤਿੰਨ ਭਰਾ ਨੇਪਾਲ ਬਾਰਡਰ ਤੋਂ ਫੜੇ ਗਏ ਨੇ(ਦੀਪਕ ਮੁੰਡੀ, ਪੰਡਿਤ, ਜੋਕਰ), ਇੰਨ੍ਹਾਂ ਨੂੰ ਨੇਪਾਲ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਨਾ ਕਿ ਦਿੱਲੀ ਪੁਲਿਸ ਨੇ ਅਤੇ ਨਾ ਹੀ ਪੰਜਾਬ ਪੁਲਿਸ ਨੇ। ਇੰਨ੍ਹਾਂ ਵੀਰਾਂ ਨੂੰ ਠੀਕ ਠਾਕ ਪੰਜਾਬ ਲਿਆਂਦਾ ਜਾਵੇ ਅਤੇ ਹੋ ਬਣਦੀ ਕਾਰਵਾਈ ਕੀਤੀ ਜਾਵੇ। ਇੰਨ੍ਹਾਂ ਨਾਲ ਨਜਾਇਜ਼ ਧੱਕਾ ਨਾ ਕੀਤਾ ਜਾਵੇ।'
ਬੋਲੇਰੋ ਮਾਡਿਊਲ ਦਾ ਹਿੱਸਾ ਸੀ ਦੀਪਕ ਮੁੰਡੀ: ਜ਼ਿਕਰਯੋਗ ਹੈ ਕਿ ਦੀਪਕ ਮੁੰਡੀ ਪਿਛਲੇ ਕਰੀਬ ਚਾਰ ਮਹੀਨਿਆਂ ਤੋਂ ਫਰਾਰ ਸੀ। ਮੁੰਡੀ ਦੀ ਪਹਿਲਾਂ ਸਰਹੱਦੀ ਖੇਤਰ ਵਿੱਚ ਹੋਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਹੋਰ ਏਜੰਸੀਆਂ ਸਰਗਰਮ ਹੋ ਗਈਆਂ। ਮੂਸੇਵਾਲਾ ਕਤਲ ਕਾਂਡ ਵਿੱਚ ਬੋਲੈਰੋ ਅਤੇ ਕੋਰੋਲਾ ਕਾਰਾਂ ਦੀ ਵਰਤੋਂ ਕੀਤੀ ਗਈ ਸੀ। ਦੀਪਕ ਮੁੰਡੀ ਬੋਲੇਰੋ ਮਾਡਿਊਲ ਦਾ ਹਿੱਸਾ ਸੀ, ਜਿਸ ਦੀ ਅਗਵਾਈ ਹਰਿਆਣਾ ਦੇ ਸ਼ੂਟਰ ਪ੍ਰਿਆਵਰਤ ਫੌਜੀ ਕਰ ਰਿਹਾ ਸੀ। ਅੰਕਿਤ ਸੇਰਸਾ ਅਤੇ ਕਸ਼ਿਸ਼ ਵੀ ਉਸ ਦੇ ਨਾਲ ਸੀ। ਮੂਸੇਵਾਲਾ ਨੂੰ ਮਾਰਨ ਤੋਂ ਬਾਅਦ ਚਾਰੋਂ ਗੁਜਰਾਤ ਭੱਜ ਗਏ। ਉਥੋਂ ਅੰਕਿਤ ਸੇਰਸਾ ਅਤੇ ਮੁੰਡੀ ਕਿਸੇ ਹੋਰ ਥਾਂ ਭੱਜ ਗਏ। ਇਸ ਤੋਂ ਬਾਅਦ ਸੇਰਸਾ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਗ੍ਰਿਫਤਾਰ ਕੀਤਾ ਗਿਆ। ਉਦੋਂ ਤੱਕ ਮੁੰਡੀ ਉਥੋਂ ਭੱਜ ਚੁੱਕਾ ਸੀ।
ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ: ਦੱਸ ਦਈਏ ਕਿ ਸੂਬਾ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਤੋਂ ਇਕ ਦਿਨ ਬਾਅਦ 29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਅਣਪਛਾਤੇ ਹਮਲਾਵਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਘਟਨਾ ਸਮੇਂ ਮੂਸੇਵਾਲਾ ਦਾ ਭਰਾ ਅਤੇ ਦੋਸਤ ਵੀ ਉਨ੍ਹਾਂ ਦੀ ਗੱਡੀ 'ਚ ਸਵਾਰ ਸਨ। ਅਪਰਾਧੀਆਂ ਨੇ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਹਮਲਾਵਰਾਂ ਨੇ ਮੂਸੇਵਾਲਾ 'ਤੇ ਕਰੀਬ 30 ਰਾਊਂਡ ਫਾਇਰ ਕੀਤੇ ਸੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਦੀਪਕ ਮੁੰਡੀ ਤੇ ਸਾਥੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਨੇ ਪਾਈ ਪੋਸਟ, ਕਹੀ ਇਹ ਗੱਲ