ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ਼ ਐਫ.ਆਈ.ਆਰ ਦਰਜ ਹੋਣ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਹੜਕੱਪ ਮੱਚ ਗਿਆ ਹੈ। ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਇੱਕ ਪ੍ਰੈਸ ਕਾਨਫ਼ਰੰਸ ਕੀਤੀ।
ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ’ਤੇ ਉਸ ਪੁਲਿਸ ਅਫ਼ਸਰ ਦੀ ‘ਨਿੱਜੀ ਰਾਇ’ ਵਰਤਣ ਦਾ ਆਰੋਪ ਲਾਇਆ ਹੈ, ਜੋ ਬਿਕਰਮ ਸਿੰਘ ਮਜੀਠੀਆ ਦਾ ਰਿਸ਼ਤੇਦਾਰ ਹੈ ਅਤੇ ਸੌੜੇ ਹਿੱਤਾਂ ਖਾਤਰ ਮਜੀਠੀਆ ਖਿਲਾਫ਼ ਐਫ.ਆਈ.ਆਰ ਦਰਜ ਕਰਵਾਉਣੀ ਚਾਹੁੰਦਾ ਸੀ ਅਤੇ ਪਾਰਟੀ ਨੇ ਮੰਗ ਕੀਤੀ ਕਿ ਐਸ.ਟੀ.ਐਫ਼ ਮੁੱਖੀ ਹਰਪ੍ਰੀਤ ਸਿੱਧੂ ਦੀ ਰਿਪੋਰਟ ਸੌਂਪਣ ਤੋਂ ਬਾਅਦ ਹਾਈ ਕੋਰਟ ਦੇ ਕਹਿਣ ’ਤੇ ਹੋਈਆਂ 2 ਜਾਂਚਾਂ ਦੀ ਰਿਪੋਰਟ ਜਨਤਕ ਕੀਤੀ ਜਾਵੇ।
ਪਰਮਬੰਸ ਸਿੰਘ ਰੋਮਾਣਾ ਨੇ ਦਸਤਾਵੇਜ਼ੀ ਸਬੂਤ ਪੇਸ਼ ਕੀਤੇ
ਇੱਥੇ ਇਕ ਪ੍ਰੈਸ ਕਾਨਫ਼ਰੰਸ ਨੁੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਦਸਤਾਵੇਜ਼ੀ ਸਬੂਤ ਪੇਸ਼ ਕੀਤੇ, ਜਿਹਨਾਂ ਵਿੱਚ ਹਰਪ੍ਰੀਤ ਸਿੰਘ ਸਿੱਧੂ ਨੇ ਮੰਨਿਆ ਹੈ ਕਿ ਉਹ ਬਿਕਰਮ ਸਿੰਘ ਮਜੀਠੀਆ ਦਾ ਰਿਸ਼ਤੇਦਾਰ ਹੈ ਅਤੇ 15 ਸਾਲਾਂ ਤੋਂ ਉਹਨਾਂ ਦੀ ਮਜੀਠੀਆ ਪਰਿਵਾਰ ਨਾਲ ਬੋਲਚਾਲ ਬੰਦ ਹੈ।
ਉਹਨਾਂ ਕਿਹਾ ਕਿ ਇਸਦੇ ਬਾਵਜੁਦ ਜਾਅਲੀ ਐਫ਼.ਆਈ ਮਜੀਠੀਆ ਦੇ ਖਿਲਾਫ ਦਾਇਰ ਕੀਤੀ ਗਈ, ਜਿਸ ਲਈ ਹਰਪ੍ਰੀਤ ਸਿੱਧੂ ਦੀ ਰਿਪੋਰਟ ਨੁੰ ਆਧਾਰ ਬਣਾਇਆ ਗਿਆ। ਜਦੋਂ ਕਿ ਸਿੱਧੂ ਨੇ ਆਪ ਮੰਨਿਆ ਹੈ ਕਿ ਇਹ ਉਸਦੀ ਰਾਇ ਹੈ ਅਤੇ ਜਾਂਚ ਰਿਪੋਰਟ ਨਹੀਂ ਹੈ। ਅਫ਼ਸਰ ਨੇ ਮੰਨਿਆ ਹੈ ਕਿ ਉਸਨੇ ਆਪਣੀ ਰਿਪੋਰਟ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਰਿਕਾਰਡ ਦੇ ਆਧਾਰ ’ਤੇ ਤਿਆਰ ਕੀਤੀ ਹੈ। ਜੇਕਰ ਅਜਿਹਾ ਹੈ ਤਾਂ ਫਿਰ ਈ.ਡੀ ਨੁੰ ਜੇਕਰ ਮਜੀਠੀਆ ਦੇ ਖਿਲਾਫ਼ ਕੁੱਝ ਵੀ ਇਤਰਾਜ਼ਯੋਗ ਮਿਲਿਆ ਹੁੰਦਾ ਤਾਂ ਉਹ ਵੀ ਉਹਨਾਂ ਖਿਲਾਫ਼ ਚਲਾਨ ਪੇਸ਼ ਕਰ ਸਕਦੇ ਸੀ, ਪਰ ਉਹਨਾਂ ਨਹੀਂ ਕੀਤਾ।
ਪਰਮਬੰਸ ਸਿੰਘ ਰੋਮਾਣਾ ਨੇ ਇਹ ਵੀ ਦੱਸਿਆ ਕਿ ਜਿਸ ਕੇਸ ਦੀ ਗੱਲ ਹਰਪ੍ਰੀਤ ਸਿੱਧੂ ਕਰ ਰਹੇ ਹਨ ਜਗਦੀਸ਼ ਭੋਲਾ ਕੇਸ, ਉਹ ਜਨਵਰੀ 2019 ਦਾ ਖਤਮ ਹੋ ਚੁੱਕਾ ਹੈ । ਇਸ ਕੇਸ ਵਿਚ ਭੋਲਾ ਅਤੇ ਜਗਜੀਤ ਚਾਹਲ ਨੂੰ ਦੋਸ਼ੀ ਵੀ ਠਹਿਰਾਇਆ ਜਾ ਚੁੱਕਾ ਹੈ ਜਦੋਂ ਕਿ ਤੀਜੇ ਮੁਲਜ਼ਮ ਬਿੱਟੂ ਔਲਖ ਨੁੰ ਬਰੀ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਕਿ ਇਹਨਾਂ ਤੱਥਾਂ ਦੇ ਬਾਵਜੂਦ ਹਰਪ੍ਰੀਤ ਸਿੱਧੂ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਬਿੱਟੂ ਔਲਖ ਨੇ ਹੀ ਮੁਲਜ਼ਮਾਂ ਨੁੰ ਮਜੀਠੀਆ ਨਾਲ ਮਿਲਵਾਇਆ।
ਕਮੇਟੀ ਦੀ ਰਿਪੋਰਟ ਜਨਤਕ ਹੋਣੀ ਚਾਹੀਦੀ ਹੈ
ਰੋਮਾਣਾ ਨੇ ਇਹ ਵੀ ਦੱਸਿਆ ਕਿ ਸਿੱਧੂ ਦੀ ਰਿਪੋਰਟ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਐਸ.ਟੀ.ਐਫ਼ ਦੀ ਰਿਪੋਰਟ ਘੋਖਣ ਲਈ ਇਕ ਕਮੇਟੀ ਵੀ ਬਣਾਈ। ਇਸ ਕਮੇਟੀ ਵਿੱਚ ਐਡੀਸ਼ਨਲ ਚੀਫ਼ ਸੈਕਟਰੀ ਹੋਮ ਤੇ ਸੂਬੇ ਦੇ ਡੀ.ਜੀ.ਪੀ ਨੁੰ ਸ਼ਾਮਿਲ ਕੀਤਾ ਗਿਆ ਸੀ ਤੇ ਇਸ ਕਮੇਟੀ ਦੀ ਰਿਪੋਰਟ ਵੀ ਸੀਲਬੰਦ ਕਵਰ ਵਿੱਚ ਹਾਈਕੋਰਟ ਵਿੱਚ ਪਈ ਹੈ। ਇਹ ਵੀ ਜਨਤਕ ਹੋਣੀ ਚਾਹੀਦੀ ਹੈ। ਉਹਨਾਂ ਇਹ ਵੀ ਦੱਸਿਆ ਕਿ ਨਸ਼ਿਆਂ ਦੇ ਕੇਸ ਦੇ ਮੁਲਜ਼ਮਾਂ ਚਾਹਲ ਅਤੇ ਔਲਖ ਨੇ ਹਾਈ ਕੋਰਟ ਤੱਕ ਪਹੁੰਚ ਕੀਤੀ ਸੀ।
ਜਿਸ ਮਗਰੋਂ ਆਈ.ਜੀ ਦੀ ਅਗਵਾਈ ਹੇਠ ਤਿੰਨ ਮੈਂਬਰੀ ਐਸ ਆਈ ਟੀ ਬਣਾਈ ਗਈ ਜਿਸਨੁੰ ਸਾਰੇ ਕੇਸ ਘੋਖਣ ਅਤੇ ਆਪਣੀ ਰਿਪੋਰਟ ਸੌਂਪਣ ਲਈ ਆਖਿਆ ਗਿਆ ਤੇ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਮੁਲਜ਼ਮ ਨੁੰ ਫਸਾਇਆ ਗਿਆ ਹੈ ਤਾਂ ਉਸਦਾ ਨਾਂ ਕੱਢਿਆ ਜਾਵੇ ਅਤੇ ਜੇਕਰ ਕਿਸੇ ਦਾ ਨਾਂ ਸ਼ਾਮਲ ਕਰਨਾ ਰਹਿ ਗਿਆ ਹੈ ਤਾਂ ਉਸਦਾ ਕੇਸਾਂ ਵਿਚ ਸ਼ਾਮਲ ਕੀਤਾ ਜਾਵੇ। ਉਹਨਾਂ ਦੱਸਿਆ ਕਿ ਐਸ ਆਈ ਟੀ ਨੇ ਕੇਸ ਵਿਚ 10 ਸਪਲੀਮੈਂਟ ਚਲਾਨ ਪੇਸ਼ ਕੀਤੇ ਤੇ ਆਪਣੀ ਅੰਤਿਮ ਰਿਪੋਰਟ ਵੀ ਪੇਸ਼ ਕੀਤੀ।
ਬਿਕਰਮ ਮਜੀਠੀਆ ਖਿਲਾਫ਼ ਕੇਸ ਮਨਘੜਤ
ਰੋਮਾਣਾ ਨੇ ਜ਼ੋਰ ਦੇ ਕੇ ਕਿਹਾ ਕਿ ਮਜੀਠੀਆ ਦੇ ਖਿਲਾਫ਼ ਕੇਸ ਮਨਘੜਤ ਹੈ। ਉਹਨਾਂ ਕਿਹਾ ਕਿ 2 ਡੀ.ਜੀ.ਪੀ ਬਦਲੇ ਗਏ ਤੇ ਤੀਜੇ ਡੀ.ਜੀ.ਪੀ ਸਿਧਾਰਥ ਚਟੋਪਾਧਿਆਏ ਨੁੰ ਇਸ ਅਹੁੱਦੇ ’ਤੇ ਲਗਾਇਆ ਗਿਆ, ਹਾਲਾਂਕਿ ਉਹ ਇਸਦੇ ਯੋਗ ਨਹੀਂ ਸੀ। ਕਿਉਂਕਿ ਉਸਦਾ ਨਾਂ ਰੈਗੂਲਰ ਡੀ.ਜੀ.ਪੀ ਨਿਯੁਕਤ ਹੋਣ ਲਈ ਯੂ.ਪੀ.ਐਸ.ਸੀ ਵੱਲੋਂ ਪ੍ਰਵਾਨ ਨਹੀਂ ਕੀਤਾ ਗਿਆ। ਯੂ.ਪੀ.ਐਸ.ਸੀ ਨੇ ਚਟੋਪਾਧਿਆਏ ਦੀ ਨਿਯੁਤੀ ਤੋਂ ਚਾਰ ਦਿਨ ਪਹਿਲਾਂ ਹੀ ਮੀਟਿੰਗ ਤੈਅ ਕੀਤੀ ਸੀ, ਪਰ ਪੰਜਾਬ ਸਰਕਾਰ ਨੇ ਉਸਦੀ ਨਿਯੁਕਤੀ ਕਰ ਦਿੱਤੀ। ਇਹ ਨਿਯੁਕਤੀ ਸੌਦੇ ਤਹਿਤ ਕੀਤੀ ਗਈ, ਜਿਸ ਤਹਿਤ ਚਟੋਧਿਆਏ ਨੂੰ ਡੀ.ਜੀ.ਪੀ ਲਗਾਇਆ ਗਿਆ ਤੇ ਬਦਲੇ ਵਿੱਚ ਉਸਨੇ ਮਜੀਠੀਆ ਖਿਲਾਫ਼ ਝੂਠਾ ਕੇਸ ਦਰਜ ਕਰਨ ਦਾ ਵਾਅਦਾ ਕੀਤਾ।
ਕਾਨੂੰਨੀ ਨਿਯਮਾਂ ਨੂੰ ਛਿੱਕੇ ਟੰਗਿਆ
ਰੋਮਾਣਾ ਨੇ ਕਿਹਾ ਕਿ ਨਵੇਂ ਡੀ.ਜੀ.ਪੀ ਨੇ ਮਜੀਠੀਆ ਦੇ ਖਿਲਾਫ਼ ਕੇਸ ਦਰਜ ਕਰਨ ਵਾਸਤੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਦਿੱਤੇ। ਇਹ ਪਹਿਲਾ ਅਜਿਹਾ ਮਾਮਲਾ ਹੈ, ਜਿਸ ਵਿੱਚ ਡੀ.ਜੀ.ਪੀ ਵੱਲੋਂ ਅਜਿਹਾ ਹੁਕਮ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਇਕ ਕੇਸ ਜਿਸਦਾ ਨਿਪਟਾਰਾ ਅਦਾਲਤਾਂ ਵਿੱਚ ਹੋ ਗਿਆ ਹੈ, ਉਸਦੀ ਮੁੜ ਜਾਂਚ ਲਈ ਉਸ ਤੋਂ ਉਪਰਲੀ ਅਦਾਲਤ ਤੋਂ ਪ੍ਰਵਾਨਗੀ ਲੈਣ ਤੋਂ ਬਗੈਰ ਹੀ ਮੁੜ ਜਾਂਚ ਕੀਤੀ ਜਾ ਰਹੀ ਹੈ।
ਮਜੀਠੀਆ ਨੂੰ ਫਸਾਉਣ ਲਈ ਚੀਮਾ ਨਾਲ ਸੌਦਾ ਕੀਤਾ ਗਿਆ
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਚਟੋਪਾਧਿਆਏ ਜੋ ਅਕਾਲੀ ਦਲ ਦੇ ਖ਼ਿਲਾਫ਼ ਬਦਲਾਖੋਰੀ ਲਈ ਧਿਰ ਬਣਿਆ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਬਿਊਰੋ ਆਫ਼ ਇਨਵੈਸਟੀਗੇਸ਼ਨ ਦੇ ਆਈ.ਜੀ ਗੌਤਮ ਚੀਮਾ ਨੂੰ ਰਾਜ਼ੀ ਕੀਤਾ ਗਿਆ ਕਿ ਉਹ ਆਪਣੇ ਬੌਸ ਐਸ.ਕੇ ਅਸਥਾਨਾ ਜੋ ਮਜੀਠੀਆ ਖ਼ਿਲਾਫ਼ ਕਾਰਵਾਈ ਦੇ ਤਰਕ ’ਤੇ ਸਵਾਲ ਚੁੱਕਣ ਤੋਂ ਬਾਅਦ ਛੁੱਟੀ ’ਤੇ ਚਲੇ ਗਏ ਸਨ, ਦੀ ਥਾਂ ’ਤੇ ਦਸਤਾਵੇਜ਼ਾਂ ’ਤੇ ਹਸਤਾਖਰ ਕਰਨ। ਗੌਤਮ ਚੀਮਾ ਇਕ ਦਾਗੀ ਅਫ਼ਸਰ ਹੈ। ਜਿਸਦਾ ਨਾਂ ਕਈ ਫੌਜਦਾਰੀ ਕੇਸਾਂ ਵਿੱਚ ਸ਼ਾਮਲ ਹੈ ਤੇ ਇਸੇ ਕਾਰਨ ਉਸਨੂੰ ਹੁਣ ਤੱਕ ਏ.ਡੀ.ਜੀ.ਪੀ ਵਜੋਂ ਪ੍ਰੋਮੋਟ ਨਹੀਂ ਕੀਤਾ ਗਿਆ। ਇਹ ਸਪੱਸ਼ਟ ਹੈ ਕਿ ਮਜੀਠੀਆ ਨੂੰ ਫਸਾਉਣ ਲਈ ਚੀਮਾ ਨਾਲ ਸੌਦਾ ਕੀਤਾ ਗਿਆ।
ਰੋਮਾਣਾ ਨੇ ਦੱਸਿਆ ਕਿ ਕਿਵੇਂ ਕਈ ਇਮਾਨਦਾਰ ਅਫ਼ਸਰਾਂ ਨੇ ਬਦਲਾਖੋਰੀ ਦੀ ਕਾਰਵਾਈ ਦਾ ਹਿੱਸਾ ਬਣਨ ਤੋਂ ਨਾਂਹ ਕਰ ਦਿੱਤੀ। ਉਹਨਾਂ ਦੱਸਿਆ ਕਿ ਬੀ.ਓ.ਆਈ ਦੇ 3 ਮੁਖੀਆਂ ਅਰਪਿਤ ਸ਼ੁਕਲਾ, ਵਰਿੰਦਰ ਕੁਮਾਰ ਤੇ ਐਸ.ਕੇ ਅਸਥਾਨਾਂ ਨੇ ਕੋਈ ਗੈਰ ਕਾਨੂੰਨੀ ਕੰਮ ਕਰਨ ਦੀ ਥਾਂ ਆਪਣੇ ਅਹੁੱਦੇ ਹੀ ਛੱਡ ਦਿੱਤੇ। ਐਸ.ਐਸ.ਪੀ ਪਟਿਆਲਾ ਨੇ ਵੀ ਛੁੱਟੀ ਜਾਣ ਤੋਂ ਪਹਿਲਾਂ ਲਿਖਤੀ ਇਹ ਗੱਲ ਕਹੀ ਕਿ ਮਜੀਠੀਆ ਖ਼ਿਲਾਫ਼ ਕੋਈ ਕੇਸ ਕਿਉਂ ਦਰਜ ਨਹੀਂ ਹੋ ਸਕਦਾ।
ਇਹ ਵੀ ਪੜੋ:- Bikram Majithia Drug Case: ਮਜੀਠੀਆ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ