ਚੰਡੀਗੜ੍ਹ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਲਗਾਇਆ ਗਿਆ ਹੈ ਤਾਂ ਜੋ ਲੋਕਾਂ ਨੂੰ ਇਸ ਦੀ ਲਾਗ ਤੋਂ ਬਚਾਇਆ ਜਾ ਸਕੇ। ਭਾਰਤ 'ਚ ਬੀਤੇ ਢਾਈ ਮਹੀਨੇ ਤੋਂ ਸਾਰਾ ਕੰਮਕਾਰ ਠੰਪ ਪਿਆ ਹੋਇਆ ਹੈ, ਲੋਕ ਘਰਾਂ 'ਚ ਬੰਦ ਹਨ। ਅਜਿਹੇ 'ਚ ਲੋਕਾਂ ਨੂੰ ਖਾਣ ਦੇ ਵੀ ਲਾਲੇ ਪਏ ਹੋਏ ਹਨ, ਪਰਵਾਸੀ ਮਜ਼ਦੂਰਾਂ ਨੇ ਪੈਦਲ ਹੀ ਸੜਕ ਦਾ ਰਸਤਾ ਨਾਪਨਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਮਜ਼ਦੂਰਾ ਤੇ ਕਿਸਾਨਾਂ ਨੂੰ ਰਾਹਤ ਦਿੰਦਿਆਂ ਕੁਝ ਦੁਕਾਨਾਂ, ਕਾਰੋਬਾਰ ਤੇ ਵਾਢੀ ਦਾ ਕੰਮ ਕੁੱਝ ਸ਼ਰਤਾਂ ਨਾਲ ਸ਼ੁਰੂ ਕਰ ਦਿੱਤਾ ਤਾਂ ਜੋ ਪਰਵਾਸੀ ਮਜ਼ਦੂਰ ਵਾਪਿਸ ਨਾ ਜਾਣ।
ਕੋਵਿਡ-19 ਦੇ ਚਲਦੇ ਲੌਕਡਾਊਨ ਦੀ ਮਾਰ ਝੱਲ ਰਹੇ ਵਪਾਰੀਆਂ ਦੇ ਸਬਰ ਦੀ ਸੀਮਾ ਹੁਣ ਜਵਾਬ ਦੇ ਰਹੀ ਹੈ। ਅਜਿਹੇ 'ਚ ਸੈਲੂਨ ਚਾਲਕਾ ਨੇ ਵੀ ਆਪਣਾ ਕੰਮ ਨਾ ਚਲਦਾ ਵੇਖ ਸਰਕਾਰ ਅੱਗੇ ਗੁਹਾਰ ਲਾਈ ਹੈ, ਕਿ ਉਨ੍ਹਾਂ ਦਾ ਕੰਮ ਵੀ ਚੱਲ ਸਕੇ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਫਰਿਆਦ 'ਤੇ ਕੋਈ ਵੀ ਕਦਮ ਨਹੀਂ ਚੁੱਕੇ ਜਾ ਰਹੇ ਹਨ। ਇਨ੍ਹਾਂ ਹਾਲਾਤਾਂ ਨੂੰ ਵੇਖ ਕੇ ਚੰਡੀਗੜ੍ਹ 'ਚ ਇੱਕ ਸੈਲੂਨ ਮਾਲਕ ਨੇ ਕੁੱਝ ਸਮੇਂ ਲਈ ਆਪਣਾ ਧੰਧਾ ਛੱਡ ਸਬਜ਼ੀ ਵੇਚਣਾ ਸ਼ੁਰੂ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਲੌਕਡਾਊਨ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਬੰਦ ਹੋਏ 3 ਮਹੀਨੇ ਹੋ ਗਏ ਹਨ। ਅਜਿਹੇ 'ਚ ਉਨ੍ਹਾਂ ਨੂੰ ਪਰਿਵਾਰ ਦਾ ਪਾਲਣ ਪੋਸ਼ਣ ਕਰਨ 'ਚ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸੈਲੂਨ 'ਚ ਕੰਮ ਕਰਨ ਵਾਲੇ ਵਰਕਰਾਂ ਦਾ ਵੀ ਖਰਚ ਉਨ੍ਹਾਂ ਨੂੰ ਹੀ ਕਰਨਾ ਪੈ ਰਿਹਾ ਹੈ ਇਸ ਲਈ ਉਨ੍ਹਾਂ ਸਬਜ਼ੀ ਵੇਚਣ ਦਾ ਕੰਮ ਕਰਨਾ ਹੀ ਸਹੀ ਸਮਝਿਆ। ਸੈਲੂਨ ਮਾਲਕ ਰਾਮਵੀਰ ਸ਼ਰਮਾ ਨੇ ਦੱਸਿਆ ਕਿ ਉਹ ਤੜਕਸਾਰ ਹੀ ਮੰਡੀ ਵਿੱਚ ਸਬਜ਼ੀਆਂ ਦੀ ਖਰੀਦ ਕਰਨ ਜਾਂਦੇ ਹਨ ਤੇ ਫਿਰ ਪਾਰਲਰ ਦੀ ਦੁਕਾਨ ਮੁਹਰੇ ਸਬਜ਼ੀ ਵੇਚਣ ਨੂੰ ਲਗਾ ਦਿੰਦੇ ਹਨ।
ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਭਰੋਸੇ ਰਹਿਣ ਦੀ ਬਜਾਏ ਜਾਂ ਕਿਸੇ ਤੋਂ ਮੰਗਣ ਦੀ ਬਜਾਏ ਆਪਣਾ ਕੰਮ ਕਰਕੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਪਹਿਲਾ ਹੀ ਮੈਡੀਕਲ ਅਤੇ ਹੋਰ ਚੀਜ਼ਾਂ ਵਾਸਤੇ ਖਰਚ ਕਰ ਰਹੀ ਹੈ ਅਤੇ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੇ ਫਸੇ ਹਨ, ਉਨ੍ਹਾਂ ਵਾਸਤੇ ਵੀ ਸਰਕਾਰ ਖਾਣ-ਪੀਣ ਦਾ ਪ੍ਰਬੰਧ ਕਰ ਰਹੀ ਹੈ। ਅਜਿਹੇ 'ਚ ਜਨਤਾ ਨੂੰ ਵੀ ਸਰਕਾਰ ਦਾ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਬੰਦੇ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਸਰਕਾਰ ਦੇ ਉੱਪਰ ਬੋਝ ਨਾ ਬਣ ਕੇ ਆਪਣਾ ਕੁੱਝ ਕੰਮਕਾਰ ਕਰਨ ਤੇ ਆਪਣਾ ਗੁਜ਼ਾਰਾ ਖੁਦ ਚਲਾਉਣ।