ਚੰਡੀਗੜ੍ਹ: ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਵਿੱਚ 40 ਲੱਖ ਨੌਜਵਾਨ ਬੇਰੁਜ਼ਗਾਰ ਹੋਣ ਦਾ ਦਾਅਵਾ ਕਰਨ ਵਾਲੀ ਕਾਂਗਰਸ ਨੂੰ ਸੱਤਾ ਸੰਭਾਲਦੇ ਹੀ ਸਿਰਫ਼ 212 ਬੇਰੋਜ਼ਗਾਰ ਮਿਲੇ ਸਨ। ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਬਾਅਦ 2017-18 ਵਿੱਚ 212 ਬੇਰੁਜ਼ਗਾਰਾਂ ਨੂੰ ਹਰ ਮਹੀਨੇ ਬੇਰੁਜ਼ਗਾਰੀ ਭੱਤਾ ਦਿੱਤਾ ਅਤੇ ਇਹ ਬੇਰੁਜ਼ਗਾਰ ਲਗਾਤਾਰ ਘਟਦੇ ਹੀ ਜਾ ਰਹੇ ਹਨ ।
ਸੂਚਨਾ ਦੇ ਅਧਿਕਾਰ ਰਾਹੀਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਵਿੱਤੀ ਸਾਲ 2017-18 'ਚ ਕੁਲ 212 ਬੇਰੁਜ਼ਗਾਰ ਸਨ, ਜੋ 2018-19 ਵਿੱਚ ਸਿਰਫ 97 ਅਤੇ 2019-20 ਵਿੱਚ ਸਿਰਫ 42 ਰਹਿ ਗਏ। ਇੰਨਾਂ ਹੀ ਨਹੀਂ ਇਨ੍ਹਾਂ ਬੇਰੁਜ਼ਗਾਰਾਂ ਨੂੰ ਜੋ ਭੱਤਾ ਦਿੱਤਾ ਜਾ ਰਿਹਾ ਹੈ ਉਹ ਵੀ ਕਾਫ਼ੀ ਹੈਰਾਨ ਕਰਨ ਵਾਲਾ ਹੈ, ਕਿਉਂਕਿ ਕੋਈ ਜ਼ਿਆਦਾ ਵੱਡਾ ਨਹੀਂ ਸਗੋਂ ਸਰਕਾਰ ਵੱਲੋਂ ਲੱਗਭਗ 106 ਰੁਪਏ ਪ੍ਰਤੀ ਮਹੀਨਾ ਇਨ੍ਹਾਂ ਨੂੰ ਭੱਤਾ ਦਿੱਤਾ ਜਾ ਰਿਹਾ ਹੈ। ਸ਼ਾਇਦ ਜੋ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਦੀ ਹਰ ਜ਼ਰੂਰਤ ਨੂੰ ਪੂਰਾ ਵੀ ਕਰ ਰਿਹਾ ਹੋਵੇਗਾ।
ਸੂਚਨਾ ਦੇ ਅਧਿਕਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2019-20 ਵਿੱਚ 42 ਬੇਰੁਜ਼ਗਾਰਾਂ ਨੂੰ ਕੁੱਲ 53 ਹਜ਼ਾਰ 550 ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਗਿਆ ਹੈ। ਜਿਸ ਅਨੁਸਾਰ 1 ਸਾਲ ਦੌਰਾਨ ਇੱਕ ਬੇਰੁਜ਼ਗਾਰ ਨੂੰ 1275 ਰੁਪਏ ਮਿਲੇ ਅਤੇ ਜੇ ਅੰਦਾਜ਼ਾ ਲਾਈਏ ਤਾਂ ਇੱਕ ਮਹੀਨੇ 'ਚ ਤਕਰੀਬਨ 106 ਰੁਪਏ ਬਣਦੇ ਹਨ।
ਸੂਚਨਾ ਦੇ ਅਧਿਕਾਰ ਤੋਂ ਮਿਲੀ ਇਸ ਜਾਣਕਾਰੀ 'ਤੇ ਆਮ ਲੋਕ ਵੀ ਹੈਰਾਨ ਹੋ ਰਹੇ ਹਨ। ਇਸ ਨੂੰ ਲੈਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕੱਚੇ ਮੁਲਾਜ਼ਮਾਂ 'ਚ ਗਗਨ ਦਾ ਕਹਿਣਾ ਕਿ ਸਰਕਾਰ ਨੇ ਬੜੀ ਹਾਸੋਹੀਣੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰਾ ਪੰਜਾਬ ਬੇਰੁਜ਼ਗਾਰੀ ਨਾਲ ਹੀ ਭਰਿਆ ਪਿਆ ਹੈ। ਬੇਰੁਜ਼ਗਾਰ ਇਸ ਸਮੇਂ ਪਾਣੀ ਦੀਆਂ ਟੈਂਕੀਆਂ, ਟਾਵਰਾਂ ਅਤੇ ਬਿਲਡਿੰਗਾਂ 'ਤੇ ਚੜ੍ਹੇ ਹੋਏ ਨਜ਼ਰ ਆ ਰਹੇ ਹਨ।
ਇਸ ਮੌਕੇ ਨੋਕਰੀ ਲਈ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ ਦਾ ਕਹਿਣਾ ਕਿ ਸਰਕਾਰ ਦੇ ਅੰਕੜੇ ਬਿਲਕੁਲ ਗਲਤ ਹਨ । ਉਨ੍ਹਾਂ ਦਾ ਕਹਿਣਾ ਕਿ 308 ਬੰਦੇ ਤਾਂ ਉਹ ਧਰਨਾ ਲਗਾਈ ਬੈਠੇ ਹਨ, ਜੋ ਬੇਰੁਜ਼ਗਾਰ ਹਨ।
ਬਹਰਹਾਲ ਸਵਾਲ ਹੁਣ ਇਹ ਉੱਠਦਾ ਹੈ ਕਿ ਪੰਜਾਬ ਵਿੱਚ ਕੀ ਸੱਚਮੁੱਚ ਬੇਰੁਜ਼ਗਾਰੀ ਖ਼ਤਮ ਹੋ ਗਈ ਹੈ ? ਜੇ ਅਜਿਹੀ ਗੱਲ ਹੈ ਤਾਂ ਪੰਜਾਬ ਦੀਆਂ ਸੜਕਾਂ 'ਤੇ ਸਰਕਾਰਾਂ ਖ਼ਿਲਾਫ਼ ਧਰਨਾ ਲਾਈ ਬੈਠੇ ਬੇਰੁਜ਼ਗਾਰ ਨੌਜਵਾਨ ਕਿੱਥੋਂ ਦੇ ਹਨ?