ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਜ਼ਿਲ੍ਹਾ ਪੱਧਰੀ ਕੈਟਲ ਪਾਂਡਜ਼ ਵਿੱਚ ਰਹਿ ਰਹੇ ਗਊਧਨ ਦੀ ਸਾਂਭ-ਸੰਭਾਲ ਲਈ 3 ਕਰੋੜ 12 ਲੱਖ 87 ਹਜ਼ਾਰ ਰੁਪਏ (3,12,87000/-) ਦੀ ਰਾਸ਼ੀ ਦਿੱਤੀ ਜਾਵੇਗੀ। ਅੱਜ ਇੱਥੋਂ ਜਾਰੀ ਬਿਆਨ ਵਿੱਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ ਮੰਤਰੀ ਸ. ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਰਾਸ਼ੀ ਜਾਰੀ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।
ਪਸ਼ੂ ਪਾਲਣ ਮੰਤਰੀ ਸ. ਬਾਜਵਾ ਨੇ ਦੱਸਿਆ ਕਿ ਪੰਜਾਬ ਦੇ 20 ਜ਼ਿਲ੍ਹਿਆਂ ਵਿੱਚ ਕੈਟਲ ਪੋਡਜ਼ ਸਥਾਪਿਤ ਕੀਤੇ ਗਏ ਹਨ, ਜਿੱਥੇ 10,424 ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ।ਇੰਨਾਂ ਜ਼ਿਲ੍ਹਾ ਪੱਧਰੀ ਕੈਟਲ ਪਾਂਡਜ ਵਿਖੇ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਬਣੀ ਕਮੇਟੀ ਵੱਲੋਂ ਸਮਾਜ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਰਲ ਕੇ ਕੀਤੀ ਜਾਂਦੀ ਹੈ। ਹੁਣ ਤੱਕ ਇਨ੍ਹਾਂ ਪਸ਼ੂਆਂ ਦੀ ਸੰਭਾਲ ਜ਼ਿਲ੍ਹਾ ਪਸ਼ੂ ਭਲਾਈ ਸੁਸਾਇਟੀਆਂ ਵੱਲੋਂ ਆਪਣੇ ਸਾਧਨਾਂ ਤੋਂ ਅਤੇ ਦਾਨ ਦੇ ਰੂਪ ਵਿੱਚ ਇੱਕਠੀ ਹੋਈ ਰਾਸ਼ੀ ਨਾਲ ਹੀ ਕੀਤੀ ਜਾ ਰਹੀ ਹੈ।
ਬਾਜਵਾ ਨੇ ਕਿਹਾ ਕਿ ਪਰ ਹੁਣ ਕੋਰੋਨਾ ਵਾਇਰਸ ਕਾਰਨ ਮਹਾਂਮਾਰੀ ਫੈਲਣ ਕਾਰਨ ਇਨ੍ਹਾਂ ਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਲਈ ਤੂੜੀ, ਹਰਾ-ਚਾਰਾ, ਦਾਣਾ, ਦਵਾਈਆਂ ਆਦਿ ਵਿੱਚ ਭਾਰੀ ਕਮੀ ਆ ਗਈ ਹੈ। ਮੰਤਰੀ ਨੇ ਦੱਸਿਆ ਕਿ ਜਿਸ ਨੂੰ ਦੇਖਦਿਆਂ ਸਰਕਾਰ ਨੇ 3 ਕਰੋੜ 12 ਲੱਖ 87 ਹਜ਼ਾਰ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ।
ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੈਟਲ ਪਾਂਡਜ ਵਿਖੇ ਪਸ਼ੂਆਂ ਦੀ ਸਾਂਭ ਸੰਭਾਲ ਲਈ ਜਲਦ ਹੀ ਮਨਜ਼ੂਰ ਹੋਈ ਰਾਸ਼ੀ ਪਹੂੰਚਦੀ ਕਰ ਦਿੱਤੀ ਜਾਵੇਗੀ।