ਚੰਡੀਗੜ੍ਹ: ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ ਨੇ ਪੰਜਾਬ ਵਾਸੀਆਂ ਨੂੰ ਪੰਜਾਬ ’ਚ ਬਣੇ ਬਿਜਲੀ ਸੰਕਟ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੰਦਿਆਂ ਕਿਹਾ ਕਿ ਸੂਬੇ ’ਚ ਵੱਧਦੀ ਗਰਮੀ ਕਾਰਨ ਪਿਛਲੇ ਸਾਲ ਦੇ ਮੁਕਾਬਲੇ 40 ਫੀਸਦੀ ਬਿਜਲੀ ਦੀ ਮੰਗ ਵਧ ਗਈ ਹੈ, ਜਿਸ ਦੀ ਪੂਰਤੀ ਕਰਨ ਲਈ ਪੰਜਾਬ ਸਰਕਾਰ ਹਰ ਸੰਭਵ ਯਤਨ ਕਰ ਰਹੀ ਹੈ।
ਵੀਰਵਾਰ ਨੂੰ ਪਾਰਟੀ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਰਾਹੀਂ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਬਣੇ ਨੂੰ ਅਜੇ ਇੱਕ ਮਹੀਨਾ ਹੋਇਆ ਹੈ। ਭਾਵੇਂ ਬਿਜਲੀ ਸੰਕਟ ਦੀ ਸਰਕਾਰ ਅੱਗੇ ਚੁਣੌਤੀ ਬਹੁਤ ਵੱਡੀ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਪੰਜਾਬ ਸਰਕਾਰ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੀ ਹੈ ਤਾਂ ਜੋ ਪੰਜਾਬੀਆਂ ਨੂੰ 7 ਦਿਨ 24 ਘੰਟੇ ਬਿਜਲੀ ਦਿੱਤੀ ਜਾ ਸਕੇ, ਜਿਸ ਦੇ ਲਈ ਸਰਕਾਰ ਬਿਜਲੀ ਪਲਾਟਾਂ ਨੂੰ ਨਵਿਆਉਣ ਅਤੇ ਪੁਰਾਣੀ ਬਿਜਲੀ ਵਿਵਸਥਾ ਨੂੰ ਵੀ ਠੀਕ ਕਰ ਰਹੀ ਹੈ। ‘ਆਪ’ ਸਰਕਾਰ ਸੂਬੇ ਨੂੰ ਬਿਜਲੀ ਸੰਕਟ ਤੋਂ ਕੱਢਣ ਲਈ ਵਚਨਬੱਧ ਹੈ।
ਵਿਧਾਇਕਾ ਨੇ ਕਿਹਾ ਕਿ 75 ਸਾਲਾਂ ਤੱਕ ਪੰਜਾਬ ਦੀ ਸੱਤਾ ਵਿੱਚ ਰਹੀਆਂ ਪਿਛਲੀਆਂ ਸਰਕਾਰਾਂ ਨੇ ਬਿਜਲੀ ਵਿਵਸਥਾ ਖ਼ਰਾਬ ਬਣਾਈ ਰੱਖੀ ਹੈ ਅਤੇ ਬਿਜਲੀ ਪਲਾਟਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਅਤੇ ਇਨਾਂ ਦਾ ਨਵੀਨੀਕਰਨ ਨਹੀਂ ਕੀਤਾ। ਆਲਮ ਇਹ ਹੈ ਕਿ ਬੀਤੀ 26 ਅਪ੍ਰੈਲ ਨੂੰ ਤਕਨੀਕੀ ਨੁਕਸ ਪੈਣ ਕਾਰਨ 800 ਮੈਗਾਵਾਟ ਦੇ ਤਲਵੰਡੀ ਸਾਬੋ ਅਤੇ ਰੋਪੜ ਥਰਮਲ ਪਲਾਟ ਬੰਦ ਹੋ ਗਏ ਸਨ, ਜਿਸ ਕਾਰਨ ਸੂਬੇ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋ ਗਈ। ਸੂਬੇ ’ਚ ‘ਆਪ’ ਦੀ ਸਰਕਾਰ ਬਣਨ ਤੋਂ ਪਹਿਲਾਂ ਕਾਂਗਰਸ ਸਰਕਾਰ ਸੂਬੇ ’ਚ ਕਾਬਜ ਸੀ, ਪਰ ਕਾਂਗਰਸ ਸਰਕਾਰ ਨੇ ਗਰਮੀ ਦੇ ਇਸ ਸੀਜਨ ਲਈ ਕੋਈ ਵੀ ਤਿਆਰੀ ਨਹੀਂ ਕੀਤੀ, ਜਿਸ ਕਾਰਨ ਹੁਣ ਬਿਜਲੀ ਘਾਟ ਦੀ ਵੱਡੀ ਸਮੱਸਿਆ ਸਾਹਮਣੇ ਆ ਗਈ ਹੈ।
ਜੀਵਨਜੋਤ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਪੂਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਬਿਜਲੀ ਵਿਭਾਗ ਬਿਜਲੀ ਸਪਲਾਈ ਠੀਕ ਕਰਨ ਲਈ ਦਿਨ ਰਾਤ ਕੰਮ ਕਰ ਰਿਹਾ ਹੈ। ਖੁੱਦ ਮੁੱਖ ਮੰਤਰੀ ਭਗਵੰਤ ਮਾਨ ਦੋ ਦਿਨ ਪਹਿਲਾਂ ਹੀ ਦਿੱਲੀ ’ਚ ਕੇਂਦਰੀ ਬਿਜਲੀ ਮੰਤਰੀ ਨੂੰ ਮਿਲੇ ਸਨ ਅਤੇ ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਸੀ ਕਿ ਪੰਜਾਬ ਦੀ ਇਸ ਸਮੱਸਿਆ ਨੂੰ ਦੇਖਦਿਆਂ ਮਦਦ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸੂਬੇ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੀ ਨੇ ਵੀ ਕੇਂਦਰੀ ਬਿਜਲੀ ਮੰਤਰੀ ਨਾਲ ਕੁੱਝ ਦਿਨ ਪਹਿਲਾਂ ਮੁਲਾਕਾਤ ਕਰਕੇ ਝੋਨੇ ਦੇ ਸੀਜਨ ’ਚ ਨਿਰਵਿਘਨ ਬਿਜਲੀ ਸਪਲਾਈ ਮੰਗ ਰੱਖੀ ਸੀ।
ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਰਾਹਤ ਦੀ ਗੱਲ ਇਹ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਤੋਂ ਬਾਅਦ ਰੋਪੜ ਥਰਮਲ ਪਲਾਟ ਦੀ ਇਕਾਈ ਸ਼ੁਰੂ ਹੋਈ ਹੈ। ਤਲਵੰਡੀ ਸਾਬੋ ਵਾਲਾ ਪਲਾਟ ਕੱਲ ਸਵੇਰੇ ਤੱਕ ਸ਼ੁਰੂ ਹੋ ਜਾਵੇਗਾ, ਜਿਸ ਨਾਲ ਬਿਜਲੀ ਸਪਲਾਈ ਦੀ ਸਥਿਤੀ ਕਾਫ਼ੀ ਹੱਦ ਤੱਕ ਠੀਕ ਹੋ ਜਾਵੇਗੀ।
ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਘਾਟ ਹੋਣ ਦੀ ਸਮੱਸਿਆ ਕੇਵਲ ਪੰਜਾਬ ਦੀ ਨਹੀਂ, ਸਗੋਂ ਪੂਰੇ ਦੇਸ਼ ’ਚ ਬਿਜਲੀ ਦੀ ਘਾਟ ਬਣੀ ਹੋਈ ਹੈ। ਪਿਛਲੇ ਇੱਕ ਹਫ਼ਤੇ ’ਚ ਦੇਸ਼ ਵਿੱਚ ਗਹਿਰਾਏ ਬਿਜਲੀ ਸੰਕਟ ਕਾਰਨ 623 ਮਿਲੀਅਨ ਯੂਨਿਟਾਂ ਦੀ ਕਮੀ ਆਈ ਸੀ। ਹੁਣ ਪੂਰੀ ਉਮੀਦ ਹੈ ਕਿ ਕੇਂਦਰ ਸਰਕਾਰ ਜਲਦੀ ਹੀ ਦੇਸ਼ ’ਚ ਬਣੇ ਬਿਜਲੀ ਸੰਕਟ ਦਾ ਹੱਲ ਕਰਨ ਲਈ ਢੁੱਕਵੇ ਕਦਮ ਚੁੱਕੇਗੀ।
ਇਹ ਵੀ ਪੜ੍ਹੋ:ਪੰਚਾਇਤ ਮੰਤਰੀ ਦੀ ਵੱਡੀ ਰੇਡ, 29 ਏਕੜ ਸਰਕਾਰੀ ਜ਼ਮੀਨ ਤੋਂ ਛੁਡਵਾਇਆ ਕਬਜ਼ਾ