ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਵੱਲੋਂ ਸੂਬਾ ਸਰਕਾਰ 'ਤੇ ਕੋਵਿਡ ਸੰਭਾਲ ਕਿੱਟਾਂ ਦੀ ਖਰੀਦ 'ਚ ਘੁਟਾਲੇ ਦੇ ਲਾਏ ਇਲਜ਼ਾਮਾਂ ਦਾ ਜਵਾਬ ਦਿੱਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਖਰੀਦ ਵਿੱਚ ਘਪਲੇਬਾਜ਼ੀ ਦੇ ਦੋਸ਼ ਲਾਉਣ ਨੂੰ ਹਾਸੋਹੀਣਾ ਤੇ ਬੇਤੁਕਾ ਕਰਾਰ ਦਿੱਤਾ ਹੈ ਜਿਨ੍ਹਾਂ ਦਾ ਕੋਈ ਸਿਰ-ਪੈਰ ਨਹੀਂ ਹੈ।
ਆਪ ਵਿਧਾਇਕ ਅਮਨ ਅਰੋੜਾ ਵੱਲੋਂ ਕਿੱਟਾਂ ਖਰੀਦਣ ਵਿੱਚ ਘਪਲੇਬਾਜ਼ੀ ਦੇ ਲਾਏ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ 'ਤੇ ਹਰ ਵੇਲੇ ਹਮਲਾ ਕਰਨ ਦੀ ਤਾਂਘ ਵਿੱਚ ਰਹਿੰਦੀ ਆਮ ਆਦਮੀ ਪਾਰਟੀ ਗਲਤ ਤੇ ਸਹੀ ਵਿੱਚ ਪਰਖ ਕਰਨਾ ਹੀ ਭੁੱਲ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਕਿੱਟਾਂ ਦੀ ਖਰੀਦ ਲਈ ਟੈਂਡਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਹੀ ਅਮਨ ਅਰੋੜਾ ਨੇ ਘਪਲੇਬਾਜ਼ੀ ਦੇ ਦੋਸ਼ ਲਾ ਦਿੱਤੇ ਹਨ। ਉਨ੍ਹਾਂ ਖੁਲਾਸਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਨੇ 360 ਰੁਪਏ (ਜੀ.ਐਸ.ਟੀ. ਵੱਖਰੀ) ਦੇ ਨਬਜ਼ ਔਕਸੀਮੀਟਰ ਦੇ ਨਾਲ ਕਿੱਟ ਦੀ ਲਾਗਤ ਨੂੰ 748 ਰੁਪਏ ਅੰਤਿਮ ਰੂਪ ਦਿੱਤਾ ਹੈ।
ਆਪ ਵਿਧਾਇਕ ਨੇ ਇੱਕ ਰੇਟ ਲਿਸਟ (ਜਿਹੜੀ ਉਨ੍ਹਾਂ ਨੇ ਵੀ ਸਿਹਤ ਵਿਭਾਗ ਨੂੰ ਭੇਜੀ ਹੈ) 'ਤੇ ਆਧਾਰਿਤ ਦੋਸ਼ ਲਾਏ ਹਨ ਜਿਸ ਵਿੱਚ ਅਸਲ 'ਚ 13 ਆਈਟਮਾਂ ਦੀ ਸੂਚੀ ਦਿੱਤੀ ਗਈ ਹੈ ਜਦੋਂ ਕਿ ਸਰਕਾਰੀ ਕਿੱਟ ਲਈ 16 ਆਈਟਮਾਂ ਖਰੀਦੀਆਂ ਜਾ ਰਹੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਅਰੋੜਾ ਦੀ ਸੂਚੀ ਵਿੱਚ ਕੈਪਸੂਲ ਵਿਟਾਮਿਨ ਡੀ, ਬੀਟਾਡਿਨ ਗਾਰਗਿਲ ਤੇ ਬੈਲੂਨਜ਼ ਸ਼ਾਮਲ ਹੀ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਸੂਚੀ ਵਿੱਚ 100 ਮਿਲੀਲੀਟਰ ਦਾ ਸੈਨੀਟਾਈਜ਼ਰ ਹੈ ਜਦੋਂ ਕਿ ਸਰਕਾਰੀ ਕਿੱਟ ਵਿੱਚ 500 ਮਿਲੀਲੀਟਰ ਦਾ ਸੈਨੀਟਾਈਜ਼ਰ ਹੈ। ਉਨ੍ਹਾਂ ਅੱਗੇ ਕਿਹਾ ਕਿ ਬਜ਼ਾਰ ਵਿੱਚ 10 ਰੁਪਏ ਦਾ ਤਰਲ ਕਾੜਾ ਮੌਜੂਦ ਹੀ ਨਹੀਂ ਹੈ। ਸ਼ਾਇਦ ਆਮ ਆਦਮੀ ਪਾਰਟੀ ਅਜਿਹੇ ਕੁਝ ਕਾੜੇ ਆਪਣੇ ਪੱਧਰ ਉਤੇ ਜਾਂ ਦਿੱਲੀ ਦੇ ਬਜ਼ਾਰ ਵਿੱਚ ਬਣਾ ਰਹੀ ਹੈ।
ਅਰੋੜਾ ਦੇ ਘਪਲੇ ਦੇ ਦੋਸ਼ਾਂ ਨੂੰ ਊਟ-ਪਟਾਂਗ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖਰੀਦ ਤੋਂ ਪਹਿਲਾਂ ਹੀ ਦੋਸ਼ ਲਾ ਕੇ ਆਪ ਵਿਧਾਇਕ ਨੇ ਆਪਣੀ ਪਾਰਟੀ ਦੀ ਸੂਬਾ ਸਰਕਾਰ ਵਿਰੁੱਧ ਤੱਥ ਰਹਿਤ ਨਕਰਾਤਮਕ ਪ੍ਰਚਾਰ ਕਰਨ ਦੀ ਰਣਨੀਤੀ ਨੂੰ ਉਜਾਗਰ ਕਰ ਦਿੱਤਾ ਹੈ।
ਉਨ੍ਹਾਂ ਕਿਹਾ, ''ਤੁਸੀਂ ਸਿੱਧ ਕਰ ਦਿੱਤਾ ਹੈ ਕਿ ਤੁਸੀਂ ਪੰਜਾਬ ਵਿੱਚ ਆਪਣਾ ਸਿਆਸੀ ਏਜੰਡਾ ਅੱਗੇ ਵਧਾਉਣ ਲਈ ਮੇਰੀ ਸਰਕਾਰ ਵਿਰੁੱਧ ਕਿਸੇ ਵੀ ਪੱਧਰ ਤੱਕ ਜਾ ਸਕਦੇ ਹੋ, ਚਾਹੇ ਪੂਰੀ ਤਰ੍ਹਾਂ ਕਾਲਪਨਿਕ ਤੇ ਝੂਠੇ ਦੋਸ਼ ਹੀ ਲਾਉਣੇ ਪੈਣ।'' ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪ ਦੇ ਇਸ ਡਰਾਮੇ ਅਤੇ ਝੂਠੇ ਪ੍ਰਚਾਰ 'ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਕਰਨਗੇ।
ਮੁੱਖ ਮੰਤਰੀ ਨੇ ਕਿਹਾ ਕਿ ਘਰਾਂ ਤੇ ਹਸਪਤਾਲਾਂ ਵਿੱਚ ਏਕਾਂਤਵਾਸ 'ਤੇ ਗਏ ਲੋਕਾਂ ਨੂੰ ਮੁਫਤ ਕਿੱਟਾਂ ਦੇ ਐਲਾਨ ਕਰਨ ਮੌਕੇ ਉਨ੍ਹਾਂ ਵੱਖ-ਵੱਖ ਆਈਟਮਾਂ ਦੀ ਬਜ਼ਾਰੀ ਕੀਮਤ 'ਤੇ ਆਧਾਰਿਤ ਅਨੁਮਾਨਤ ਲਾਗਤ ਦਿੱਤੀ ਸੀ। ਬਜ਼ਾਰੀ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਆਉਂਦਾ ਰਹਿੰਦਾ ਹੈ ਜਿਸ ਬਾਰੇ ਅਰੋੜਾ ਜਾਂ ਤਾਂ ਅਣਜਾਨ ਹੈ ਜਾਂ ਫੇਰ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਜਾਣਬੁੱਝ ਕੇ ਨਜ਼ਰਅੰਦਾਜ਼ ਕਰ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਦੱਸਿਆ ਕਿ ਉਨ੍ਹਾਂ ਦੁਆਰਾ ਪਹਿਲਾਂ ਐਲਾਨਿਆ ਗਿਆ 1700 ਰੁਪਏ ਦਾ ਅਨੁਮਾਨ ਉਸ ਕੀਮਤ 'ਤੇ ਅਧਾਰਤ ਸੀ ਜਿਸ 'ਤੇ ਪੰਜਾਬ ਪੁਲਿਸ ਸਥਾਨਕ ਬਾਜ਼ਾਰਾਂ ਵਿੱਚੋਂ ਇਹ ਕਿੱਟਾਂ ਬਾਜ਼ਾਰੀ ਕੀਮਤ 4000 ਰੁਪਏ ਦੇ ਮੁਕਾਬਲੇ ਆਪਣੀ ਲੋੜ ਅਨੁਸਾਰ ਥੋੜ੍ਹੀ ਗਿਣਤੀ ਵਿੱਚ ਖਰੀਦ ਰਹੀ ਸੀ। ਉਨ੍ਹਾਂ ਅੱਗੇ ਕਿਹਾ ਕਿ ਖਰੀਦ ਪ੍ਰਕਿਰਿਆ ਟੈਂਡਰ-ਆਧਾਰਿਤ ਹੈ, ਜਿਸ ਦਾ ਉਨ੍ਹਾਂ ਨੇ ਆਪਣੇ ਐਲਾਨ ਵਿੱਚ ਸਪੱਸ਼ਟ ਤੌਰ 'ਤੇ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਅਖੀਰ ਵਿੱਚ ਸੂਬਾ ਸਰਕਾਰ ਨੂੰ ਕਿੱਟ ਲਈ ਜੋ ਅੰਤਿਮ ਕੀਮਤ ਪ੍ਰਾਪਤ ਹੋਈ, ਉਹ ਬਹੁਤ ਘੱਟ ਨਿਕਲੀ। ਉਨ੍ਹਾਂ ਕਿਹਾ ਕਿ ਜਿਵੇਂ ਕਿ ਪਹਿਲਾਂ ਹੀ ਐਲਾਨ ਕੀਤਾ ਗਿਆ ਹੈ ਇਹ ਕਿੱਟਾਂ ਹਸਪਤਾਲ ਅਤੇ ਘਰੇਲੂ ਏਕਾਂਤਵਾਸ ਅਧੀਨ ਕੋਵਿਡ ਦੇ ਸਾਰੇ ਮਰੀਜ਼ਾਂ ਨੂੰ ਮੁਫਤ ਵੰਡੀਆਂ ਜਾਣਗੀਆਂ।