ਚੰਡੀਗੜ੍ਹ: ਪੰਜਾਬ ਵਿੱਚ ਜੀਓ ਦੇ ਮੋਬਾਇਲ ਟਾਵਰਾਂ ਦੀ ਭੰਨ-ਤੋੜ ਨੂੰ ਲੈ ਕੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਨੇ ਆਪਣੀ ਸਹਾਇਕ ਕੰਪਨੀ ਰਿਲਾਇੰਸ ਜੀਓ ਇੰਨਫੋਮਕਾਮ ਲਿਮਟਿਡ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ 'ਚ ਕੰਪਨੀ ਨੇ ਇਸ ਮਾਮਲੇ 'ਚ ਤੁਰੰਤ ਸਰਕਾਰੀ ਅਧਿਕਾਰੀਆਂ ਕੋਲੋਂ ਦਖ਼ਲ ਅੰਦਾਜ਼ੀ ਦੀ ਮੰਗ ਕੀਤੀ ਹੈ।
ਰਿਲਾਇੰਸ ਕੰਪਨੀ ਨੇ ਕਿਹਾ ਉਨ੍ਹਾਂ ਦਾ ਖੇਤੀ ਕਾਨੂੰਨਾਂ ਨਾਲ ਕੋਈ ਲੈਣਾ-ਦੇਣਾ ਨਹੀਂ
ਰਿਲਾਇੰਸ ਕੰਪਨੀ ਨੇ ਸਾਫ਼ ਕਿਹਾ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾਂ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ ਤੇ ਇਨ੍ਹਾਂ ਕਾਨੂੰਨਾਂ ਤੋਂ ਕੰਪਨੀ ਨੂੰ ਕਿਸੇ ਤਰ੍ਹਾਂ ਦਾ ਕੋਈ ਫ਼ਾਇਦਾ ਹੋਣ ਵਾਲਾ ਨਹੀਂ। ਕੰਪਨੀ ਨੇ ਕਦੇ ਵੀ ਕਾਰਪੋਰੇਟ ਜਾਂ ਕੰਟਰੈਕਟ ਖੇਤੀ ਨਹੀਂ ਕੀਤੀ ਹੈ ਤੇ ਨਾ ਹੀ ਭਵਿੱਖ ’ਚ ਇਸ ਕਾਰੋਬਾਰ ਵਿੱਚ ਉੱਤਰਨ ਦਾ ਕੋਈ ਇਰਾਦਾ ਹੈ।
ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਜਾ ਰਹੀ ਜੀਓ ਦੇ ਟਾਵਰਾਂ ਦੀ ਭੰਨ ਤੋੜ
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਜੀਓ ਦੇ ਟਾਵਰਾਂ ਦੀ ਭੰਨ ਤੋੜ ਕੀਤੀ ਜਾ ਰਹੀ ਹੈ ਅਤੇ ਜੀਓ ਬਾਰੇ ਗ਼ਲਤ ਜਾਣਕਾਰੀਆਂ ਫੈਲਾਈਆਂ ਜਾ ਰਹੀਆਂ ਹਨ। ਪਟੀਸ਼ਨ ਵਿੱਚ ਲਿਖਿਆ ਹੈ ਕਿ ਤੋੜ–ਭੰਨ ਦੀਆਂ ਘਟਨਾਵਾਂ ਕਾਰਨ ਰਿਲਾਇੰਸ ਦੇ ਹਜ਼ਾਰਾਂ ਮੁਲਾਜ਼ਮਾਂ ਦੀਆਂ ਜਾਨਾਂ ਵੀ ਖ਼ਤਰੇ ’ਚ ਪੈ ਗਈਆਂ ਹਨ।