ਚੰਡੀਗੜ੍ਹ: ਕਰੋੜਾਂ ਦੀ ਲਾਗਤ ਨਾਲ ਸ਼ਹਿਰ 'ਚ ਤਿਆਰ ਕੀਤੇ ਗਏ ਸਾਈਕਲ ਟ੍ਰੈਕਸ ਦਾ ਈਟੀਵੀ ਭਾਰਤ ਦੀ ਟੀਮ ਵੱਲੋਂ ਇੱਕ ਰਿਐਲਿਟੀ ਚੈੱਕ ਕੀਤਾ ਗਿਆ। ਇਸ ਦੌਰਾਨ ਸਾਈਕਲ ਟ੍ਰੈਕਸ 'ਤੇ ਜ਼ਿਆਦਾਤਰ ਗੰਦਗੀ ਵੇਖਣ ਨੂੰ ਮਿਲੀ ਤੇ ਨਾਲ ਹੀ ਕਈ ਥਾਈਂ ਟੋਏ ਵੀ ਨਜ਼ਰ ਆਏ। ਜੇ ਗੱਲ ਕਰੀਏ ਸਾਈਕਲ ਸਵਾਰਾਂ ਦੀ ਤਾਂ ਹੁਣ ਤੱਕ ਕਈ ਸਾਈਕਲ ਸਵਾਰ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ।
ਹਾਈ ਕੋਰਟ ਦੀ ਫਟਕਾਰ ਤੋਂ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਵੀ ਸਖ਼ਤੀ ਵਰਤੀ ਜਾ ਰਹੀ ਹੈ ਪਰ ਟ੍ਰੈਫਿਕ ਪੁਲਿਸ ਵੱਲੋਂ ਜਾਗਰੁਕਤਾ ਅਭਿਆਨ ਦਾ ਕੋਈ ਵੀ ਅਸਰ ਲੋਕਾਂ 'ਤੇ ਪੈਂਦਾ ਦਿਖਾਈ ਨਹੀਂ ਦੇ ਰਿਹਾ ਹੈ। ਲੋਕ ਆਪਣੀ ਮਰਜ਼ੀ ਕਰ ਰਹੇ ਹਨ।
ਜ਼ਿਆਦਾਤਰ ਚੰਡੀਗੜ੍ਹ ਸਾਊਥ ਦੇ ਸੈਕਟਰਾਂ ਵਿੱਚ ਸਾਈਕਲ ਟ੍ਰੈਕਸ ਉੱਤੇ ਲੋਕ ਗੱਡੀਆਂ ਪਾਰਕ ਕਰ ਰਹੇ ਹਨ। ਸਾਈਕਲ ਟ੍ਰੈਕਸ ਟੁੱਟੇ ਹੋਏ ਹਨ ਤੇ ਕਈ ਥਾਵਾਂ ਤੇ ਰਾਤ ਨੂੰ ਸਾਈਕਲਿੰਗ ਕਰਨ ਵਾਲਿਆਂ ਲਈ ਲਾਈਟਿੰਗ ਦੀ ਸਹੂਲਤ ਨਹੀਂ ਹੈ, ਜਿਸ ਦੇ ਚੱਲਦਿਆਂ ਕਈ ਲੋਕ ਜ਼ਖ਼ਮੀ ਹੋ ਰਹੇ ਹਨ।
90 ਕਿਲੋਮੀਟਰ ਤੋਂ ਵੱਧ ਦੇ ਸਾਈਕਲ ਟ੍ਰੈਕਸ 'ਤੇ ਰਾਤ ਨੂੰ ਲਾਈਟਿੰਗ ਦਾ ਕੋਈ ਪ੍ਰਬੰਧ ਨਹੀਂ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹ ਹੈ। ਸ਼ਹਿਰ ਵਿੱਚ ਫੈਲ ਰਹੀ ਗੰਦਗੀ ਕਾਰਨ ਚੰਡੀਗੜ੍ਹ ਦੀ ਸਵੱਛ ਭਾਰਤ ਤੋਂ ਰੈਂਕਿੰਗ ਲਗਾਤਾਰ ਹੇਠਾਂ ਜਾ ਰਹੀ ਹੈ।