ਚੰਡੀਗੜ੍ਹ: ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ 11 ਨੌਜਵਾਨ ਉਮੀਦਵਾਰਾਂ ਨੂੰ ਮਿਲਕਫੈਡ ਵੱਲੋਂ ਉਤਪਾਦਨ, ਗੁਣਵੱਤਾ ਯਕੀਨੀ ਬਣਾਉਣ ਅਤੇ ਖ਼ਰੀਦ ਦੇ ਖੇਤਰ ਨਾਲ ਸਬੰਧਿਤ ਸਹਾਇਕ ਮੈਨੇਜਰਾਂ ਦੀਆਂ ਅਸਾਮੀਆਂ ਵਿਰੁੱਧ ਨਿਯੁਕਤੀ ਪੱਤਰ ਦਿੱਤੇ। ਇਸੇ ਦੌਰਾਨ ਰੰਧਾਵਾ ਨੇ ਵੇਰਕਾ ਦੀ ਚਾਰ ਕਿਸਮਾਂ ਦੀ 'ਨੈਚੂਰਲ ਫਰੂਟ ਆਈਸ ਕ੍ਰੀਮ' ਵੀ ਲਾਂਚ ਕੀਤੀ।
ਸੈਕਟਰ-34 ਸਥਿਤ ਮਿਲਕਫੈਡ ਦੇ ਮੁੱਖ ਦਫ਼ਤਰ ਵਿਖੇ ਹੋਏ ਸਮਾਰੋਹ ਦੌਰਾਨ ਰੰਧਾਵਾ ਨੇ ਕਿਹਾ ਕਿ ਕੈਂਪਸ ਇੰਟਰਵਿਊ ਰਾਹੀਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਿਟੀਸ ਲੁਧਿਆਣਾ ਤੋਂ 11 ਨੌਜਵਾਨ ਭਰਤੀ ਕੀਤੇ ਗਏ ਹਨ। ਇਹ ਅਧਿਕਾਰੀ ਦੋ ਸਾਲ ਟਰੇਨੀ ਵਜੋਂ ਸੇਵਾਵਾਂ ਦੇਣਗੇ ਅਤੇ ਟਰੇਨਿੰਗ ਦਾ ਸਮਾਂ ਪੂਰਾ ਹੋਣ ਦੇ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਸਹਾਇਕ ਮੈਨੇਜਰ ਵੱਜੋਂ ਨਿਯੁਕਤ ਕੀਤਾ ਜਾਵੇਗਾ। ਸਹਿਕਾਰਤਾ ਮੰਤਰੀ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਡਿਪਟੀ ਮੈਨੇਜਰ, ਸਹਾਇਕ ਮੈਨੇਜਰ ਤੇ ਸੀਨੀਅਰ ਐਗਜ਼ੀਕਿਊਟਵ ਦੀਆਂ 125 ਅਸਾਮੀਆਂ ਉਤੇ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 540 ਤਕਨੀਕੀ ਪੋਸਟਾਂ ਦੀ ਭਰਤੀ ਦਾ ਅਮਲ ਚੱਲ ਰਿਹਾ ਹੈ।
ਸਹਿਕਾਰਤਾ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਲੋਕਾਂ ਨੂੰ ਕੁਦਰਤੀ ਅਸਲ ਫਲਾਂ ਨਾਲ ਬਣੀ ਆਈਸ ਕਰੀਮ ਮੁਹੱਈਆ ਕਰਨ ਲਈ ਵੇਰਕਾ ਦੀ ਚਾਰ ਕਿਸਮਾਂ ਦੀ 'ਨੈਚੁਰਲ ਫਰੂਟ ਆਈਸ ਕਰੀਮ' ਲਾਂਚ ਕੀਤੀ ਗਈ ਹੈ। ਜ਼ਿਆਦਾਤਰ ਹੋਰ ਆਈਸ ਕਰੀਮ ਦੇ ਬਰਾਂਡਾਂ ਵੱਲੋਂ ਬਣਾਵਟੀ/ਸਿੰਥੈਟਿਕ ਫਰੂਟ ਫਲੇਵਰ ਵਰਤੇ ਜਾਂਦੇ ਹਨ ਜਦੋਂ ਕਿ ਇਸ ਸਮੇਂ ਵੇਰਕਾ ਵੱਲੋਂ ਸਭ ਤੋਂ ਵਧੀਆ ਨੈਚੁਰਲ ਅਸਲ ਫਲਾਂ ਦੇ ਮਿਸ਼ਰਨ ਨੂੰ ਇਸਤੇਮਾਲ ਕਰਕੇ ਵੇਰਕਾ ਨੈਚੁਰਲ ਫਰੂਟ ਆਈਸ ਕਰੀਮ ਦੀਆਂ ਚਾਰ ਕਿਸਮਾਂ ਬਣਾਈਆਂ ਗਈਆਂ ਹਨ। ਇਹ ਆਈਸ ਕਰੀਮ 125 ਮਿਲੀਲੀਟਰ ਦੇ ਕੱਪ ਵਿੱਚ 40 ਰੁਪਏ ਦੀ ਕੀਮਤ 'ਤੇ ਪਿੰਕ ਅਮਰੂਦ, ਸਟਰਾਅਬੇਰੀ, ਲੀਚੀ ਅਤੇ ਮੈਂਗੋ ਫਲੇਵਰ ਵਿੱਚ ਮਾਰਕੀਟ ਵਿੱਚ ਉਪਲਬੱਧ ਹੋਵੇਗੀ।
ਰੰਧਾਵਾ ਨੇ ਕਿਹਾ ਕਿ ਇਸ ਵੇਲੇ ਲੁਧਿਆਣਾ, ਜਲੰਧਰ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ ਕਰੀਬ 254 ਕਰੋੜ ਰੁਪਏ ਦੇ ਪ੍ਰਾਜੈਕਟ ਚੱਲ ਰਹੇ ਹਨ। ਇਸ ਤੋਂ ਇਲਾਵਾ ਨਾਬਾਰਡ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਬੱਸੀ ਪਠਾਣਾ ਵਿਖੇ 138 ਕਰੋੜ ਰੁਪਏ ਦੀ ਲਾਗਤ ਨਾਲ ਮੈਗਾ ਡੇਅਰੀ ਦੇ ਪਹਿਲੇ ਪੜਾਅ ਦਾ ਕੰਮ ਵੀ ਜ਼ੋਰਾਂ 'ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਮਨੁੱਖੀ ਸੋਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਵੀ ਮਿਲਕਫੈਡ ਲਗਾਤਾਰ ਉਪਰਾਲੇ ਕਰ ਰਹੀ ਹੈ।