ਚੰਡੀਗੜ੍ਹ: ਲੋਕ-ਪੱਖੀ ਪਹਿਲਕਦਮੀ ਤਹਿਤ, ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਰਿਜ਼ਰਵਡ ਨੰਬਰਾਂ (ਫ਼ੈਂਸੀ ਨੰਬਰ) ਲਈ ਇਕ ਉਪਭੋਗਤਾ ਪੱਖੀ ਈ-ਆਕਸ਼ਨ ਨੀਤੀ ਦੀ ਸ਼ੁਰੂਆਤ ਕੀਤੀ ਹੈ, ਜਿਸ ਨਾਲ ਆਮ ਲੋਕਾਂ ਨੂੰ ਰਜਿਸਟਰਿੰਗ ਅਥਾਰਟੀ ਦੇ ਦਫ਼ਤਰ ਜਾਣ ਤੋਂ ਛੋਟ ਮਿਲੇਗੀ ਅਤੇ ਉਹ ਆਪਣੇ ਘਰ ਤੋਂ ਇਸ ਪ੍ਰਕਿਰਿਆ ਵਿਚ ਸ਼ਾਮਲ ਹੋ ਸਕਣਗੇ।
ਪੰਜਾਬ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਇਹ ਇਕ ਮਹੱਤਵਪੂਰਨ ਪਹਿਲਕਦਮੀ ਹੈ। ਉਨ੍ਹਾਂ ਕਿਹਾ ਕਿ ਰਾਖਵੇਂ ਨੰਬਰਾਂ (ਫ਼ੈਂਸੀ ਨੰਬਰਾਂ) ਦੀ ਈ-ਆਕਸ਼ਨ ਵੈਬ ਐਪਲੀਕੇਸ਼ਨ 'ਵਾਹਨ 4.0' ਰਾਹੀਂ ਕੀਤੀ ਜਾਵੇਗੀ ਜੋ ਭਾਰਤ ਸਰਕਾਰ ਵੱਲੋਂ ਡਿਜ਼ਾਇਨ ਅਤੇ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸਾਰੇ ਰਾਖਵੇਂ ਨੰਬਰਾਂ ਨੂੰ ਜਨਤਕ ਤੌਰ 'ਤੇ 24 ਘੰਟੇ ਅਤੇ ਸੱਤੋ ਦਿਨ ਉਪਲਬਧ ਕਰਵਾਉਣ ਹਿੱਤ ਇਹ ਨਵੀਂ ਉਪਭੋਗਤਾ ਅਨੁਕੂਲ ਈ-ਨਿਲਾਮੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਹਿੱਸਾ ਲੈਣ ਲਈ ਰਜਿਸਟ੍ਰੇਸ਼ਨ ਤਿੰਨ ਦਿਨਾਂ (ਐਤਵਾਰ ਤੋਂ ਮੰਗਲਵਾਰ) ਲਈ ਖੁੱਲ੍ਹੀ ਰਹੇਗੀ।
ਈ-ਨਿਲਾਮੀ ਦੀ ਸ਼ੁਰੂਆਤ ਕਰਨ ਤੋਂ ਬਾਅਦ, ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਨੰਬਰਾਂ ਦੀ ਬੋਲੀ ਅਗਲੇ ਦੋ ਦਿਨਾਂ (ਬੁੱਧਵਾਰ ਅਤੇ ਵੀਰਵਾਰ ) ਨੂੰ ਲਗਾਈ ਜਾ ਸਕੇਗੀ। ਸਫ਼ਲ ਬੋਲੀਕਾਰ ਅਗਲੇ ਦੋ ਦਿਨਾਂ ਭਾਵ ਸ਼ਨੀਵਾਰ ਅੱਧੀ ਰਾਤ ਤੱਕ ਆਨਲਾਈਨ ਈ-ਨਿਲਾਮੀ ਪਲੇਟਫਾਰਮ 'ਤੇ ਅਦਾਇਗੀ ਕਰਨਗੇ। ਇਹ ਸਹੂਲਤ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਉਪਲਬਧ ਹੋਵੇਗੀ।
ਟਰਾਂਸਪੋਰਟ ਮੰਤਰੀ ਨੇ ਅੱਗੇ ਕਿਹਾ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਹਰੇਕ ਰਾਖਵੇਂ ਨੰਬਰ ਲਈ 1,000 ਰੁਪਏ ਦੀ ਨਾ-ਮੋੜਣਯੋਗ ਰਜਿਸਟ੍ਰੇਸ਼ਨ ਫੀਸ ਹੋਵੇਗੀ ਅਤੇ ਬੋਲੀ ਪ੍ਰਕਿਰਿਆ ਦੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਸਫਲ ਅਤੇ ਅਸਫਲ ਬੋਲੀਕਾਰਾਂ ਦੇ ਨਤੀਜੇ 'ਵਾਹਨ 4.0' ਦੀ ਵੈਬਸਾਈਟ 'ਤੇ ਅਪਲੋਡ ਕੀਤੇ ਜਾਣਗੇ ਅਤੇ ਸਫ਼ਲ ਬੋਲੀਕਾਰਾਂ ਨੂੰ ਐਸ.ਐਮ.ਐਸ. ਅਤੇ ਈਮੇਲ ਰਾਹੀਂ ਸੂਚਿਤ ਵੀ ਕੀਤਾ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਸਫ਼ਲ ਬੋਲੀਕਾਰ ਨੂੰ ਬੋਲੀ ਖ਼ਤਮ ਹੋਣ ਦੀ ਤਰੀਕ ਤੋਂ ਤਿੰਨ ਦਿਨਾਂ ਦੇ ਅੰਦਰ ਬੋਲੀ ਦੀ ਰਕਮ ਜਮ੍ਹਾ ਕਰਵਾਉਣੀ ਪਵੇਗੀ, ਨਹੀਂ ਤਾਂ ਉਨ੍ਹਾਂ ਦਾ ਨੰਬਰ ਰੱਦ ਕਰ ਦਿੱਤਾ ਜਾਵੇਗਾ ਅਤੇ ਉਹ ਨੰਬਰ ਅਗਲੀ ਈ-ਨਿਲਾਮੀ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਬੋਲੀਕਾਰ ਨੂੰ ਨਿਯਤ ਕੀਮਤ ਦਾ 50 ਫ਼ੀਸਦ ਜਮ੍ਹਾ ਕਰਾਉਣਾ ਪੈਂਦਾ ਸੀ ਅਤੇ ਦਿੱਕਤ ਇਹ ਸੀ ਕਿ ਅਸਫ਼ਲ ਬੋਲੀਕਾਰ ਨੂੰ ਰੀਫੰਡ ਲੈਣ ਵਿਚ ਕਾਫ਼ੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਸਫ਼ਲ ਬੋਲੀਕਾਰ ਵੱਲੋਂ ਲਿਆ ਗਿਆ ਫ਼ੈਂਸੀ ਨੰਬਰ ਅਲਾਟਮੈਂਟ ਲੈਟਰ ਮਿਲਣ ਤੋਂ 15 ਦਿਨਾਂ ਦੇ ਅੰਦਰ ਆਪਣੇ ਵਾਹਨ 'ਤੇ ਲਗਾਉਣਾ ਪਵੇਗਾ, ਨਹੀਂ ਤਾਂ ਇਹ ਰੱਦ ਹੋ ਜਾਵੇਗਾ ਅਤੇ ਅਗਲੀ ਈ-ਨਿਲਾਮੀ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ।
ਟਰਾਂਸਪੋਰਟ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਨਵੀਂ ਨੀਤੀ ਤਹਿਤ ਪਹਿਲਾਂ ਨਿਲਾਮ ਨਾ ਹੋਏ ਨੰਬਰ ਵੀ ਈ-ਨੀਲਾਮੀ ਲਈ ਉਪਲੱਬਧ ਰਹਿਣਗੇ ਅਤੇ ਹੋਰ ਜ਼ਿਆਦਾ ਲੋਕ ਰਾਖਵਾਂ ਨੰਬਰ ਪ੍ਰਾਪਤ ਕਰਨ ਲਈ ਬੋਲੀ ਵਿਚ ਹਿੱਸਾ ਲੈਣ ਸਕਣਗੇ। ਹੁਣ ਈ-ਨਿਲਾਮੀ ਵਿਚ ਐਕਟਿਵ ਸੀਰੀਜ਼ ਦੇ ਰਿਜ਼ਰਵਡ ਨੰਬਰ ਪੂਰਾ ਸਾਲ ਬੋਲੀ ਲਈ ਉਪਲਬਧ ਰਹਿਣਗੇ। ਇਸ ਪ੍ਰਕਿਰਿਆ ਸਬੰਧੀ ਵਿਸਥਾਰਤ ਨੋਟੀਫਿਕੇਸ਼ਨ www.punjabtransport.org 'ਤੇ ਉਪਲਬਧ ਹੈ। ਉਨ੍ਹਾਂ ਨਵੀਂ ਨੀਤੀ ਦੇ ਲਾਭਾਂ ਬਾਰੇ ਦੱਸਦਿਆਂ ਕਿਹਾ ਕਿ ਇਹ ਪਾਰਦਰਸ਼ੀ ਨੀਤੀ ਲੋਕਾਂ ਨੂੰ ਵਧੇਰੇ ਵਿਕਲਪ ਦੇਵੇਗੀ ਅਤੇ ਇਹ ਨੀਤੀ ਕਿਫਾਇਤੀ ਵੀ ਹੈ ਕਿਉਂਕਿ ਹੁਣ ਬੋਲੀ ਵਿੱਚ ਹਿੱਸਾ ਲੈਣ ਲਈ ਸਿਰਫ਼ 1,000 ਰੁਪਏ ਦੇਣ ਦੀ ਲੋੜ ਹੈ ਜਦੋਂ ਕਿ ਪਹਿਲਾਂ ਰਾਖਵੀਂ ਰਾਸ਼ੀ ਦਾ 50 ਫ਼ੀਸਦ ਜਮ੍ਹਾ ਕਰਵਾਉਣਾ ਪੈਂਦਾ ਸੀ।