ਚੰਡੀਗੜ੍ਹ :ਗੱਤਕਾ ਐਸੋਸੀਏਸ਼ਨ ਪੰਜਾਬ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ 9ਵੀਂ ਪੰਜਾਬ ਰਾਜ ਮਹਿਲਾ ਗੱਤਕਾ ਚੈਂਪੀਅਨਸ਼ਿਪ 6 ਤੇ 7 ਮਾਰਚ ਨੂੰ ਭਾਈ ਡੱਲ ਸਿੰਘ ਗੱਤਕਾ ਅਕੈਡਮੀ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਕਰਵਾਈ ਜਾ ਰਹੀ ਹੈ।
ਇਸ ਸੰਬੰਧੀ ਮੀਟਿੰਗ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਦੀ ਪ੍ਰਧਾਨਗੀ ਹੇਠ ਹੋਈ। ਇਸ 'ਚ ਮੀਤ ਪ੍ਰਧਾਨ ਡਾ. ਪ੍ਰੀਤਮ ਸਿੰਘ ਜਲੰਧਰ, ਗੱਤਕਾ ਐਸੋਸੀਏਸ਼ਨ ਪੰਜਾਬ ਦੇ ਚੇਅਰਮੈਨ ਅਵਤਾਰ ਸਿੰਘ ਪਟਿਆਲਾ, ਪ੍ਰਧਾਨ ਹਰਬੀਰ ਸਿੰਘ ਦੁੱਗਲ ਗੁਰੂ ਹਰਸਹਾਏ, ਮੀਤ ਪ੍ਰਧਾਨ ਹਰਜੀਤ ਸਿੰਘ ਗਿੱਲ ਰਾਮਪੁਰਾ ਫੂਲ, ਜਨਰਲ ਸਕੱਤਰ ਤਲਵਿੰਦਰ ਸਿੰਘ ਫਿਰੋਜ਼ਪੁਰ, ਸੰਯੁਕਤ ਸਕੱਤਰ ਬਲਜੀਤ ਸਿੰਘ ਸੈਣੀ, ਇਸਤਰੀ ਵਿੰਗ ਦੀ ਕੋਆਰਡੀਨੇਟਰ ਬਲਵਿੰਦਰ ਕੌਰ ਫਤਹਿਗੜ੍ਹ ਸਾਹਿਬ ਵੀ ਹਾਜ਼ਰ ਸਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਮੈਂਬਰਾਂ ਨੇ ਦੱਸਿਆ ਕਿ ਇਸ ਦੋ ਰੋਜਾ ਗੱਤਕਾ ਚੈਂਪੀਅਨਸ਼ਿਪ ਦੀ ਸਮਾਪਤੀ ਮੌਕੇ ਜੇਤੂਆਂ ਨੂੰ ਇਨਾਮ ਵੰਡੇ ਜਾਣਗੇ। ਇਨਾਮਾਂ ਦੀ ਵੰਡ ਨੈਸ਼ਨਲ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਕਰਨਗੇ। ਉਨ੍ਹਾਂ ਸਮੂਹ ਜ਼ਿਲ੍ਹਾ ਐਸੋਸੀਏਸ਼ਨਾਂ ਨੂੰ ਆਖਿਆ ਕਿ ਉਹ ਸਮੇਂ ਸਿਰ ਆਪੋ ਆਪਣੇ ਜ਼ਿਲ੍ਹਿਆਂ ਵਿੱਚੋਂ ਲੜਕੀਆਂ ਦੀਆਂ ਟੀਮਾਂ ਲੈ ਕੇ ਇਸ ਰਾਜ ਪੱਧਰੀ ਟੂਰਨਾਮੈਂਟ ਵਿੱਚ ਭਾਗ ਲੈਣ।