ਤਰਨ ਤਾਰਨ: ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨਦੇ ਮੈਂਬਰ ਰਾਜ ਕੁਮਾਰ ਹੰਸ ਵੱਲੋਂ ਅੱਜ ਜ਼ਿਲ੍ਹੇ ਦੇ ਪਿੰਡ ਲਾਲਪੁਰਾ ਤਹਿਸੀਲ ਖਡੂਰ ਸਾਹਿਬ ਵਿਖੇ ਹੋਈ ਸਿ਼ਕਾਇਤ ਦੇ ਸਬੰਧ ਵਿੱਚ ਦੌਰਾ ਕੀਤਾ ਗਿਆ।
ਪਿੰਡ ਲਾਲਪੁਰਾ ਵਿਖੇ ਹੈੱਲਥ ਕਲੱਬ ਵਿਖੇ ਜਗਦੀਪ ਸਿੰਘ ਦੇ ਹੋਏ ਕਤਲ ਦੇ ਸਬੰਧ ਵਿੱਚ ਸਿ਼ਕਾਇਤ ਕਰਤਾ ਲੜਕੇ ਦੇ ਪਿਤਾ ਵੱਲੋ ਦੱਸਿਆ ਗਿਆ ਕਿ ਉਸਦੇ ਲੜਕੇ ਜਗਦੀਪ ਸਿੰਘ ਨੂੰ ਬਿਜਲੀ ਦੇ ਪੋਲ ਵਿੱਚ ਟਰੈਕਟਰ ਵੱਜਣ ਕਾਰਨ ਹੋਈ ਤਕਰਾਰ ਦੌਰਾਨ ਝਗੜਾ ਹੋ ਗਿਆ ਸੀ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਫੈਸਲਾ ਕਰਵਾ ਦਿੱਤਾ ਗਿਆ ਸੀ, ਪਰ ਦੋਸ਼ੀਆਂ ਨੂੰ ਇਹ ਫੈਸਲਾ ਮਨਜੂਰ ਨਹੀ ਸੀ।ਦੋਸ਼ੀਆਂ ਵੱਲੋ ਜਗਦੀਪ ਸਿੰਘ ਦੇ ਖਿਲਾਫ ਰੰਜਿਸ਼ਬਾਜੀ ਰੱਖਦੇ ਸੀ।ਜਿਸ ਕਰਕੇ ਦੋਸ਼ੀਆਂ ਨੇ ਮੇਰੇ ਲੜਕੇ ਜਗਦੀਪ ਸਿੰਘ ਦੇ ਸਿਰ ਵਿੱਚ ਲੋਹੇ ਦੀ ਰਾਡ ਮਾਰ ਕੇ ਅਤੇ ਪੇਟ ਵਿੱਚ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਦੋਸ਼ੀਆਂ ਖਿਲਾਫ ਕੋਈ ਵੀ ਕਾਰਵਾਈ ਨਹੀ ਹੋਈ ਹੈ।
ਮਾਨਯੋਗ ਮੈਂਬਰ ਸਹਿਬਾਨ ਵੱਲੋਂ ਪੁਲਿਸ ਨੂੰ ਸਬੰਧਤ ਵਿਅਕਤੀਆਂ ਖਿਲਾਫ ਐਫ. ਆਈ. ਆਰ ਅਤੇ ਐਸ. ਸੀ. ਐਸ. ਟੀ ਐਕਟ 1989 ਤਹਿਤ ਕੇਸ ਦਰਜ ਕਰਨ ਅਤੇ ਹੋਈ ਕਾਰਵਾਈ ਦੀ ਰਿਪੋਰਟ ਮਿਤੀ 11 ਜੂਨ, 2021 ਨੂੰ ਕਮਿਸ਼ਨ ਨੂੰ ਭੇਜਣ ਦੀ ਹਦਾਇਤ ਕੀਤੀ ਗਈ। ਇਸ ਮੌਕੇ ਐੱਸ. ਐੱਚ. ਓ. ਖਡੂਰ ਸਾਹਿਬ ਜਸਵੰਤ ਸਿੰਘ, ਤਹਿਸੀਲਦਾਰ ਖਡੂਰ ਸਾਹਿਬ ਹਰਵਿੰਦਰ ਸਿੰਘ ਗਿੱਲ, ਏ. ਐਸ. ਆਈ. ਖਡੂਰ ਸਾਹਿਬ ਅਤੇ ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ, ਖਡੂਰ ਸਾਹਿਬ ਮਨਜੀਤ ਸਿੰਘ ਹਾਜ਼ਰ ਸਨ।