ਚੰਡੀਗੜ੍ਹ : ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸੰਕਲਪ ਸਕੀਮ ਤਹਿਤ ਬਲਾਕ ਮਾਜਰੀ ਅਤੇ ਡੇਰਾਬੱਸੀ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਇਥੋਂ ਦੇ ਵਧੀਕ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਹੇਠ ਬਲਾਕ ਮਾਜਰੀ ਅਤੇ ਡੇਰਾਬੱਸੀ ਵਿਖੇ ਬੇਰੋਜ਼ਗਾਰਾਂ ਨੂੰ ਸਵੈ ਰੋਜ਼ਗਾਰ ਬਾਰੇ ਚਲਾਏ ਜਾ ਰਹੇ ਕੋਰਸਾਂ ਬਾਰੇ ਜਾਗਰੂਕ ਕਰਨ ਲਈ ਜਾਗਰੂਕਤਾ ਅਤੇ ਰਜਿਸਟਰੇਸ਼ਨ ਕੈਂਪ ਲਾਇਆ ਗਿਆ। ਇਸ ਕੈਂਪ 'ਚ ਵੱਖ-ਵੱਖ ਪਿੰਡਾਂ ਦੇ ਨੌਜਵਾਨਾਂ ਨੇ ਭਾਗ ਲਿਆ। ਕੈਂਪ ਵਿੱਚ ਆਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਮਿਸ਼ਨ ਮੈਨੇਜਰ ਗੁਰਪ੍ਰੀਤ ਸਿੰਘ ਨੇ ਉਨਾਂ ਨੂੰ ਵੱਖ ਵੱਖ ਕੋਰਸਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤਾਂ ਜੋ ਉਹ ਕੋਰਸ ਕਰਕੇ ਆਪਣਾ ਕੰਮ ਸ਼ੁਰੂ ਕਰ ਸਕਣ ਅਤੇ ਆਪਣੇ ਪਰਿਵਾਰ ਦੀ ਆਮਦਨ ਦਾ ਹਿੱਸਾ ਬਣ ਸਕਣ।
ਹੋਰ ਪੜ੍ਹੋ :ਯੂਥ ਅਕਾਲੀ ਦਲ ਨੇ ਜਬਰ ਜਨਾਹ ਦੇ ਦੋਸ਼ਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
ਇਸ ਕੈਂਪ 'ਚ ਆਏ ਨੌਜਵਾਨਾਂ ਨੇ ਵੱਖ- ਵੱਖ ਕੋਰਸਾਂ ਲਈ ਆਪਣਾ ਰੁੱਝਾਨ ਵਿਖਾਉਂਦੇ ਹੋਏ ਰਜਿਸਟਰੇਸ਼ਨ ਕਰਵਾਇਆ। ਇਸ ਕੈਂਪ ਦੇ ਪ੍ਰਬੰਧਨ 'ਚ ਬਲਾਕ ਡਿਵੈਲਪਮੈਂਟ ਅਤੇ ਪੰਚਾਇਤ ਅਫ਼ਸਰ ਨੇ ਸਹਿਯੋਗ ਦਿੱਤਾ। ਇਸ ਮੌਕੇ ਬਲਾਕ ਸੋਸ਼ਲ ਮੋਬੀਲਾਈਜੇਸ਼ਨ ਮੈਨੇਜਰ ਜਗਪ੍ਰੀਤ ਸਿੰਘ ਅਤੇ ਮੈਨੇਜਰ ਟਰੇਨਿੰਗ ਅਤੇ ਪਲੇਸਮੈਂਟ ਮਾਨਸੀ ਭਾਂਬਰੀ ਨੇ ਵੀ ਨੌਜਵਾਨਾਂ ਨੂੰ ਪੰਜਾਬ ਹੁਨਰ ਵਿਕਾਸ ਮਿਸ਼ਨ ਦੀਆਂ ਸਕੀਮਾਂ ਪ੍ਰਤੀ ਜਾਗਰੂਕ ਕੀਤਾ।