ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਨੇ ਹਰ ਥਾਂ 'ਤੇ ਤਾਲੇ ਲਗਵਾ ਦਿੱਤੇ ਸੀ ਤੇ ਹੁਣ 10 ਮਹੀਨਿਆਂ ਦੇ ਬਾਅਦ ਪੰਜਾਬ ਸਣੇ 10 ਸੂਬਿਆਂ 'ਚ ਸਕੂਲ ਖੁੱਲਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਅੱਜ ਤੋਂ ਸਾਰੇ ਸਰਕਾਰੀ, ਸਰਕਾਰੀ ਮਦਦ ਨਾਲ ਚੱਲਣ ਵਾਲੇ ਤੇ ਨਿਜੀ ਸਕੂਲਾਂ ਨੂੰ ਖੋਲਣ ਦਾ ਐਲਾਨ ਕੀਤਾ ਹੈ। ਇਸ ਬਾਬਤ ਸਕੂਲ ਸਿੱਖਿਆ ਮੰਤਰੀ ਵਿਜੇ ਸਿੰਗਲਾ ਨੇ ਜਾਣਕਾਰੀ ਦਿੱਤੀ ਸੀ।
ਸੂਬਾ ਸਰਕਾਰਾਂ 'ਤੇ ਇਹ ਫੈਸਲਾ
ਕੇਂਦਰੀ ਸਿੱਖਿਆ ਮੰਤਰਾਲੇ ਨੇ ਇਹ ਫੈਸਲਾ ਸੂਬਾ ਸਰਕਾਰਾਂ 'ਤੇ ਛੱਡ ਦਿੱਤਾ ਸੀ। ਹੁਣ ਹਲਾਤਾਂ 'ਚ ਸੁਧਾਰ ਨੂੰ ਦੇਖਦੇ ਹੋਏ ਸੂਬਿਆਂ 'ਚ ਸਕੂਲ ਖੋਲੇ ਜਾ ਰਹੇ ਹਨ। ਹਰ ਸੂਬੇ 'ਚ ਜਮਾਤਾਂ ਦੇ ਆਧਾਰ 'ਤੇ ਇਹ ਫੈਸਲਾ ਲਿਆ ਜਾ ਰਿਹਾ ਹੈ। ਦੱਸ ਦਈਏ ਕਿ ਕਈ ਸੂਬਿਆਂ 'ਚ ਫਰਵਰੀ ਦੇ ਦੂਜੇ ਹਫ਼ਤੇ ਕਲਾਸਾਂ ਸ਼ੁਰੂ ਕੀਤੀਆਂ ਜਾਣਗੀਆਂ।
ਸਕੂਲ ਪ੍ਰਬੰਧਕਾਂ ਕੋਰੋਨਾ ਹਦਾਇਤਾਂ ਦੀ ਪਾਲਣਾ ਦੀ ਹਦਾਇਤ
ਕੈਬਿਨੇਟ ਮੰਤਰੀ ਨੇ ਕਿਹਾ ਕਿ ਮਾਪਿਆਂ ਦੇ ਮਿਲੇ ਭਰਵੇਂ ਹੁੰਗਾਰੇ ਤੋਂ ਬਾਅਦ ਸਿੱਖਿਆ ਵਿਭਾਗ ਨੇ ਪੜਾਅ ਵਾਰ ਖੋਲੇ ਗਏ ਸਕੂਲਾਂ ਵਿੱਚ ਕੋਵਿਡ-19 ਮਹਾਂਮਾਰੀ ਸਬੰਧੀ ਪੰਜਾਬ ਸਰਕਾਰ ਦੀ ਜਾਰੀ ਹਦਾਇਤਾਂ ਦੀ ਸਿੱਖਿਆ ਅਧਿਕਾਰੀਆਂ ਅਤੇ ਹੋਰਨਾਂ ਸਕੂਲ ਪ੍ਰਬੰਧਕਾਂ ਨੂੰ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਵਿਭਾਗ ਨੇ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਦਾਇਤਾਂ ਵੀ ਜਾਰੀ ਕੀਤੀਆਂ ਹਨ।
ਬੱਚਿਆਂ ਦੀ ਸੁਰੱਖਿਆ ਵੱਲ ਦਿੱਤਾ ਜਾਵੇ ਖਾਸ ਧਿਆਨ
- ਵਿਜੈ ਇੰਦਰ ਸਿੰਗਲਾ ਨੇ ਵਿਭਾਗੀ ਅਧਿਕਾਰੀਆਂ ਅਤੇ ਸਕੂਲ ਪ੍ਰਬੰਧਕਾਂ ਨੂੰ ਹਦਾਇਤ ਦਿੰਦਿਆਂ ਕਿਹਾ ਕਿ 1 ਫਰਵਰੀ ਤੋਂ ਲੱਗਣ ਜਾ ਰਹੀਆਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਕਲਾਸਾਂ ਦੇ ਵਿਦਿਆਰਥੀ ਉਮਰ ’ਚ ਛੋਟੇ ਹੁੰਦੇ ਹਨ ਜਿਸ ਕਰਕੇ ਇਨ੍ਹਾਂ ਬੱਚਿਆਂ ਦਾ ਸਕੂਲ ਅਧਿਆਪਕਾਂ ਅਤੇ ਸਕੂਲ ਮੁਖੀਆਂ ਵੱਲੋਂ ਜ਼ਿਆਦਾ ਤਵੱਜੋ ਦੇ ਕੇ ਧਿਆਨ ਰੱਖਿਆ ਜਾਵੇ।
- ਉਨ੍ਹਾਂ ਨੇ ਕਿਹਾ ਕਿ ਬੱਚਿਆਂ ਦੀ ਆਪਸੀ ਦੂਰੀ ਦਾ ਧਿਆਨ ਰੱਖ ਕੇ ਸੀਟਿੰਗ ਪਲਾਨ ਤਿਆਰ ਕਰਨਾ, ਮਾਸਕ ਦੀ ਵਰਤੋਂ ਕਰਨੀ, ਥੋੜੇ ਸਮੇਂ ਦੇ ਅੰਤਰਾਲ ਨਾਲ ਵਾਰ-ਵਾਰ ਹੱਥਾਂ ਨੂੰ ਧੋਣ ਜਾਂ ਸੈਨੀਟਾਈਜ਼ ਕਰਨ ਆਦਿ ਬਾਰੇ ਵਾਰ-ਵਾਰ ਜਾਗਰੂਕ ਕਰਨਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।