ਚੰਡੀਗੜ੍ਹ: ਪੰਜਾਬ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਨਿਰਦੇਸ਼ਾਂ ‘ਤੇ ਕੰਮ ਕਰ ਰਹੇ ਸਨ। ਮੋਹਾਲੀ ਦੇ ਸੀਨੀਅਰ ਪੁਲਿਸ ਕਪਤਾਨ ਵਿਵੇਕ ਸ਼ੀਲ ਸੋਨੀ ਨੇ ਮੰਗਲਵਾਰ ਨੂੰ ਦੱਸਿਆ ਕਿ ਗਗਨਦੀਪ ਸਿੰਘ ਉਰਫ ਗਾਗੀ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਨੂੰ ਮੋਹਾਲੀ ਵਿੱਚ ਹਥਿਆਰਾਂ ਅਤੇ ਗੋਲਾ ਬਾਰੂਦ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਦੋਵੇਂ ਹਥਿਆਰਾਂ ਦੀ ਖੇਪ ਪਹੁੰਚਾਉਣ ਜਾ ਰਹੇ ਕਿਸੇ ਥਾਂ 'ਤੇ ਪਹੁੰਚਾਉਣ ਜਾ ਰਰੇ ਸਨ। ਦੋਵੇਂ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਕਿੰਗਰਾ ਅਤੇ ਡੱਬਵਾਲੀ ਦੇ ਰਹਿਣ ਵਾਲੇ ਹਨ।
ਇਸ ਮਾਮਲੇ ਨੂੰ ਲੈ ਕੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਉਨ੍ਹਾਂ ਕੋਲੋਂ 32 ਕੈਲੀਬਰ ਦੇ 2 ਪਿਸਤੌਲਾਂ ਸਮੇਤ 8 ਜਿੰਦਾ ਕਾਰਤੂਸ ਅਤੇ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਇੱਕ ਐਸਯੂਵੀ ਬਰਾਮਦ ਕੀਤੀ ਗਈ ਹੈ। ਇਨ੍ਹਾਂ ਖ਼ਿਲਾਫ਼ ਮੋਹਾਲੀ ਵਿਖੇ ਅਸਲਾ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਸੋਨੀ ਨੇ ਕਿਹਾ ਕਿ ਦੋਵੇਂ ਗੈਂਗਸਟਰ ਮਨਪ੍ਰੀਤ ਸਿੰਘ ਉਰਫ ਮੰਨਾ ਰਾਹੀਂ ਗੋਲਡੀ ਬਰਾੜ ਦੇ ਸੰਪਰਕ ਵਿੱਚ ਸਨ, ਜਿਸ ਨੇ ਕਥਿਤ ਤੌਰ 'ਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਹਮਲਾਵਰਾਂ ਨੂੰ ਕਾਰ ਮੁਹੱਈਆ ਕਰਵਾਈ ਸੀ।
ਐਸਐਸਪੀ ਨੇ ਅਧਿਕਾਰਕ ਬਿਆਨ ਵਿੱਚ ਕਿਹਾ ਕਿ ਦੋਵੇਂ ਮੁਲਜ਼ਮ ਗੋਲਡੀ ਬਰਾੜ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਹੇ ਸਨ ਅਤੇ ਪੰਜਾਬ ਅਤੇ ਰਾਜਸਥਾਨ ਦੇ ਸਰਹੱਦੀ ਖੇਤਰਾਂ ਤੋਂ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਸੋਨੀ ਨੇ ਦੱਸਿਆ ਕਿ ਗੁਪਤ ਸੂਚਨਾ 'ਤੇ ਕਾਰਵਾਈ ਕਰਦਿਆਂ ਮੋਹਾਲੀ ਪੁਲਿਸ ਵੱਲੋਂ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨਾਲ ਮਿਲ ਕੇ ਇੱਕ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਸਨ ਅਤੇ ਪੁਲਿਸ ਵੱਲੋਂ ਅਗਲੇਰੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲਕਾਂਡ: 14 ਦਿਨ ਦੀ ਨਿਆਂਇਕ ਹਿਰਾਸਤ ’ਚ ਕੇਕੜਾ