ਚੰਡੀਗੜ੍ਹ: ਪੰਜਾਬ ਦੀ ਭਗਵੰਤ ਮਾਨ ਸਰਕਾਰ ਸੂਬੇ ਦੇ ਵਿਧਾਇਕਾਂ ਨੂੰ ਇੱਕ ਹੋਰ ਵੱਡਾ ਵਿੱਤੀ ਝਟਕਾ ਦੇਣ ਦੀ ਤਿਆਰੀ 'ਚ ਹੈ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਸੋਮਵਾਰ ਨੂੰ ਇਹ ਐਲਾਨ ਕਰ ਸਕਦੇ ਹਨ ਕਿ ਵਿਧਾਇਕਾਂ/ਮੰਤਰੀਆਂ ਦਾ ਆਮਦਨ ਟੈਕਸ ਸਰਕਾਰੀ ਖਜਾਨੇ ਦੀ ਥਾਂ ਖੁਦ ਵਿਧਾਇਕ ਭਰਨਗੇ।
ਇਸ ਸਬੰਧੀ ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਵਲੋਂ ਟਵੀਟ ਵੀ ਕੀਤਾ ਗਿਆ ਹੈ। ਉਨ੍ਹਾਂ ਆਪਣੇ ਟਵੀਟ 'ਚ ਲਿਖਿਆ ਕਿ ਖਜਾਨੇ ਨੂੰ ਖਾਲੀ ਕਰਨ ਵਾਲੇ ਫੈਸਲੇ ਹੋਣਗੇ ਵਾਪਿਸ... ਖੁਦ ਦੀ ਆਮਦਨ ਦਾ ਟੈਕਸ ਖੁਦ ਭਰਨਗੇ ਵਿਧਾਇਕ। ਇਹ @BhagwantMann ਸਰਕਾਰ ਦਾ ਇਕ ਹੋਰ ਵਧੀਆ ਫ਼ੈਸਲਾ ਹੋਵੇਗਾ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵਲੋਂ ਇੱਕ ਵਿਧਾਇਕ ਇੱਕ ਪੈਨਸ਼ਨ ਦਾ ਵੀ ਵੱਡਾ ਫੈਸਲਾ ਕੀਤਾ ਸੀ। ਜਿਸ ਨੂੰ ਲੈਕੇ ਕਈ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਲੋਂ ਇਸ ਦਾ ਵਿਰੋਧ ਵੀ ਕੀਤਾ ਗਿਆ ਸੀ। ਇਸ ਦੇ ਨਾਲ ਹੀ ਦੱਸ ਦਈਏ ਕਿ ਵਿਧਾਇਕਾਂ ਦਾ ਆਮਦਨ ਟੈਕਸ ਪਹਿਲਾਂ ਸਰਕਾਰੀ ਖ਼ਜ਼ਾਨੇ 'ਚੋਂ ਭਰਿਆ ਜਾਂਦਾ ਸੀ। ਜਿਸ ਦਾ ਪਿਛਲੀ ਸਰਕਾਰ ਸਮੇਂ ਆਮ ਆਦਮੀ ਪਾਰਟੀ ਵਲੋਂ ਵਿਰੋਧੀ ਧਿਰ ਹੁੰਦਿਆਂ ਮੁੱਦਾ ਵੀ ਚੁੱਕਿਆ ਗਿਆ ਸੀ।
ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਸਰਕਾਰ 117 ਵਿੱਚੋਂ 93 ਵਿਧਾਇਕਾਂ ਦਾ ਆਮਦਨ ਟੈਕਸ ਅਦਾ ਕਰ ਰਹੀ ਸੀ। ਸਰਕਾਰ ਨੇ 4 ਸਾਲਾਂ ਵਿੱਚ ਪੌਣੇ ਤਿੰਨ ਕਰੋੜ ਆਮਦਨ ਟੈਕਸ ਅਦਾ ਕੀਤਾ ਸੀ। ਖਾਸ ਗੱਲ ਇਹ ਸੀ ਕਿ ਇਸ 'ਚ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਸ਼ਾਮਲ ਸਨ।
ਦਿੱਗਜਾਂ ਨਾਲ ਆਪ ਵਿਧਾਇਕਾਂ ਦਾ ਵੀ ਸਰਕਾਰ ਭਰਦੀ ਸੀ ਟੈਕਸ: ਜਿਨ੍ਹਾਂ ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰੀ ਖ਼ਜ਼ਾਨੇ 'ਚੋਂ ਭਰਿਆ ਜਾਂਦਾ ਰਿਹਾ, ਉਨ੍ਹਾਂ 'ਚ 5 ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਨਾਂਅ ਵੀ ਸ਼ਾਮਲ ਹਨ।
ਇਸ ਦੇ ਨਾਲ ਹੀ ਖਾਸ ਗੱਲ ਇਹ ਹੈ ਕਿ ਪੰਜਾਬ ਦੀ ਸੱਤਾ 'ਤੇ ਕਾਬਜ਼ 'ਆਪ' ਦੇ 15 ਵਿਧਾਇਕਾਂ ਦੇ ਨਾਂ ਵੀ ਇਸ ਦਾ ਫਾਇਦਾ ਲੈਣ ਵਾਲਿਆਂ 'ਚ ਸ਼ਾਮਲ ਸਨ। ਜਿਸ ਵਿਚੋਂ ਅਮਨ ਅਰੋੜਾ, ਕੁਲਵੰਤ ਸਿੰਘ ਪੰਡੋਰੀ, ਪ੍ਰੋ. ਬਲਜਿੰਦਰ ਕੌਰ, ਬੁੱਧਰਾਮ, ਕੁਲਤਾਰ ਸਧਵਾਂ, ਗੁਰਮੀਤ ਸਿੰਘ ਮੀਤ ਹੇਅਰ, ਸਰਵਜੀਤ ਕੌਰ ਮਾਣੂੰਕੇ ਅਤੇ ਜੈਕਿਸ਼ਨ ਸਿੰਘ ਦਾ ਨਾਮ ਵੀ ਸ਼ਾਮਲ ਹੈ ਜੋ ਦੂਜੀ ਵਾਰ ਵਿਧਾਇਕ ਬਣੇ ਹਨ। ਇਨ੍ਹਾਂ ਵਿੱਚੋਂ ਕੁਲਤਾਰ ਸਧਵਾਂ ਹੁਣ ਵਿਧਾਨ ਸਭਾ ਦੇ ਸਪੀਕਰ ਅਤੇ ਗੁਰਮੀਤ ਮੀਤ ਸਿੱਖਿਆ ਮੰਤਰੀ ਬਣ ਗਏ ਹਨ।
ਕੈਪਟਨ ਸਮੇਤ ਇਹ ਆਗੂ ਖੁਦ ਭਰਦੇ ਰਹੇ ਆਮਦਨ ਟੈਕਸ: ਪਿਛਲੀ ਸਰਕਾਰ 'ਚ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਸਮੇਤ ਕੁਝ ਆਗੂ ਆਪਣੇ ਤੌਰ 'ਤੇ ਆਮਦਨ ਟੈਕਸ ਭਰਦੇ ਰਹੇ ਹਨ। ਇਨ੍ਹਾਂ 'ਚ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਤਤਕਾਲੀ ਲੀਡਰ ਅਤੇ ਮੌਜੂਦਾ ਵਿੱਤ ਮੰਤਰੀ ਹਰਪਾਲ ਚੀਮਾ ਦਾ ਨਾਮ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਸੁੱਖ ਸਰਕਾਰੀਆ, ਬਲਵੀਰ ਸਿੰਘ ਸਿੱਧੂ, ਬ੍ਰਹਮ ਮਹਿੰਦਰਾ, ਗੁਰਪ੍ਰੀਤ ਕਾਂਗੜ, ਭਾਰਤ ਭੂਸ਼ਣ ਆਸ਼ੂ, ਵਿਧਾਇਕ ਸਿਮਰਜੀਤ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ, ਕੁਲਜੀਤ ਨਾਗਰਾ ਸਮੇਤ 24 ਐਮ.ਐਲ.ਏ. ਦੇ ਨਾਮ ਸ਼ਾਮਲ ਹਨ।
ਖ਼ਜ਼ਾਨੇ ਨੂੰ ਮਿਲੇਗਾ ਲਾਭ: ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਸੀ ਕਿ ਹੁਣ ਤੋਂ ਵਿਧਾਇਕਾਂ ਨੂੰ ਸਿਰਫ਼ ਇੱਕ ਵਾਰ ਦੀ ਪੈਨਸ਼ਨ ਹੀ ਮਿਲੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕਈ ਵਾਰ ਪੈਨਸ਼ਨਾਂ ਦੇਣ ਨਾਲ ਖਜ਼ਾਨੇ 'ਤੇ ਪੈ ਰਿਹਾ ਵਾਧੂ ਬੋਝ ਘਟੇਗਾ। ਇਹ ਰਕਮ ਲੋਕਾਂ ਦੀ ਭਲਾਈ ਚ ਵਰਤੀ ਜਾਵੇਗੀ। ਹੁਣ ਜੇਕਰ ਸਰਕਾਰ ਵਲੋਂ ਵਿਧਾਇਕਾਂ ਦਾ ਆਮਦਨ ਟੈਕਸ ਸਰਕਾਰੀ ਖ਼ਜ਼ਾਨੇ ਦੀ ਥਾਂ ਉਨ੍ਹਾਂ ਦੀ ਖੁਦ ਦੀ ਜੇਬ੍ਹ ਤੋਂ ਭਰਨ ਦਾ ਫੈਸਲਾ ਕੀਤਾ ਤਾਂ ਸਰਕਾਰੀ ਖ਼ਜ਼ਾਨੇ ਨੂੰ ਇਸ ਦਾ ਕਾਫ਼ੀ ਲਾਭ ਮਿਲੇਗਾ।
ਇਹ ਵੀ ਪੜ੍ਹੋ: 'ਪਟਿਆਲਾ ਹਿੰਸਾ ਦਾ ਮੁੱਖ ਸਾਜ਼ਿਸ਼ਕਰਤਾ ਬਰਜਿੰਦਰ ਪਰਵਾਨਾ ਗ੍ਰਿਫ਼ਤਾਰ'