ਚੰਡੀਗੜ੍ਹ :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਵੈਕਸੀਨ ਦੀ ਉਪਲਬਧਤਾ ਲਈ ਸਿਹਤ ਵਿਭਾਗ ਨੂੰ ਨਵੀਂ ਹਦਾਇਤਾਂ ਜਾਰੀ ਕੀਤੀਆਂ। ਮੁਖ ਮੰਤਰੀ ਦੀ ਹਿਦਾਇਤਾਂ ਮੁਤਾਬਕ ਸਿਹਤ ਵਿਭਾਗ ਸੂਬੇ 'ਚ ਜਲਦ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਸਾਰੇ ਸੰਭਾਵਿਤ ਸਰੋਤਾਂ ਤੋਂ ਕੋਵਿਡ ਦੇ ਟੀਕਿਆਂ ਦੀ ਖਰੀਦ ਲਈ ਵਿਸ਼ਵਵਿਆਪੀ ਟੈਂਡਰ ਤੈਅ ਕਰਨ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ। ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਖ-ਵੱਖ ਕੋਵਿਡ ਟੀਕਿਆਂ ਦੀ ਸਿੱਧੀ ਖਰੀਦ ਲਈ ਸਾਰੇ ਟੀਕਾ ਨਿਰਮਾਤਾਵਾਂ ਤੱਕ ਪਹੁੰਚ ਕਰੇਗੀ। ਇਨ੍ਹਾਂ 'ਚ ਸਪੂਤਨਿਕ ਵੀ, ਫਾਈਜ਼ਰ, ਮੌਡਰਨਾ ਤੇ ਜਾਹਨਸਨ ਐਂਡ ਜਾਹਨਸਨ ਸ਼ਾਮਲ ਹਨ। ਮੁਖ ਮੰਤਰੀ ਨੇ ਕਿਹਾ ਕਿ ਸੂਬੇ 'ਚ ਟੀਕਿਆਂ ਦੀ ਸਿੱਧੀ ਖਰੀਦ ਲਈ ਪੰਜਾਬ ਸਰਕਾਰ ਵਿਸ਼ਵ ਪੱਧਰੀ ਨਿਰਮਾਤਾਵਾਂ ਨਾਲ ਸੰਪਰਕ ਕਰੇਗੀ।
ਕੋਰੋਨਾ ਟੀਕਿਆਂ ਦੀ ਉਪਲਬਧਤਾ ਲਈ ਪੰਜਾਬ ਸਰਕਾਰ ਕਰ ਰਹੀ ਹਰ ਸੰਭਵ ਕੋਸ਼ਿਸ਼
ਪੰਜਾਬ ਕੋਲ 35 ਲੱਖ ਸਪੂਤਨਿਕ ਵੀ ਟੀਕਿਆਂ ਦੀ ਸਟੋਰੇਜ਼ ਲਈ ਥਾਂ ਹੈ। ਇਸ ਲਈ ਘੱਟੋ- ਘੱਟ 18 ਡਿਗਰੀ ਸੈਲਸੀਅਸ ਤਾਪਮਾਨ ਦੀ ਲੋੜ ਹੁੰਦੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਟੀਕਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹੁਣ ਤੱਕ ਭਾਰਤ ਸਰਕਾਰ ਤੋਂ 44 ਲੱਖ ਤੋਂ ਘੱਟ ਖੁਰਾਕਾਂ ਮਿਲੀਆਂ ਹਨ, ਜਿਨ੍ਹਾਂ ਚੋਂ ਮਹਿਜ਼ 1 ਲੱਖ ਵਰਤੋਂ ਲਈ ਉਪਲੱਬਧ ਹਨ ਜੋ ਕਿ ਇੱਕ ਦਿਨ ਵਿੱਚ ਹੀ ਖਤਮ ਹੋ ਜਾਣਗੀਆਂ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਪਿਛਲੇ ਤਿੰਨ ਦਿਨਾਂ ਦੌਰਾਨ ਟੀਕਾ ਉਪਲੱਬਧ ਨਾ ਹੋਣ ਕਾਰਨ ਪਹਿਲੇ ਤੇ ਦੂਜੇ ਗੇੜ ਲਈ ਟੀਕਾਕਰਨ ਬੰਦ ਕਰਨ ਲਈ ਮਜਬੂਰ ਹੋ ਗਈ ਹੈ ਤੇ ਸਾਰੇ ਸਬੰਧਤ ਵਿਭਾਗਾਂ ਨੂੰ ਵੈਕਸੀਨ ਦੀ ਸਪਲਾਈ ਸਬੰਧੀ ਮੁੱਦਾ ਕੇਂਦਰ ਸਰਕਾਰ ਕੋਲ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।
ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾਵੇਗੀ ਤਰਜੀਹ
ਭਾਰਤ ਸਰਕਾਰ ਦੇ ਅਲਾਟਮੈਂਟ ਮੁਤਾਬਕ, ਤੀਜੇ ਗੇੜ (18-44 ਸਾਲ ਤੱਕ ਦੀ ਉਮਰ ਦੇ ਲੋਕਾਂ ) ਲਈ ਸੂਬਾ ਸਰਕਾਰ ਕੱਲ੍ਹ ਪ੍ਰਾਪਤ ਹੋਏ 63,000 ਵੈਕਸੀਨਾਂ ਨੂੰ ਮਿਲਾ ਕੇ ਹੁਣ ਤੱਕ ਸਿਰਫ 3.6 ਲੱਖ ਟੀਕਿਆਂ ਦੀ ਖਰੀਦਦਾਰੀ ਕਰ ਸਕੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕੁੱਲ 2.3 ਲੱਖ ਟੀਕਿਆਂ ਦੀ ਵਰਤੋਂ ਹੋ ਚੁੱਕੀ ਹੈ ਤੇ ਹੁਣ ਸਿਰਫ਼ 1.3 ਲੱਖ ਟੀਕੇ ਹੀ ਉਪਲੱਬਧ ਹਨ।ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਲਈ ਤਰਜੀਹ ਆਧਾਰ ‘ਤੇ ਟੀਕਾਕਰਨ ਮੁਤਾਬਕ ਤਕਰੀਬਨ 1 ਲੱਖ ਗੈਰ-ਰਜਿਸਟਰਡ ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਰਤ ਵਿਭਾਗ ਨੂੰ ਇਨ੍ਹਾਂ ਕਾਮਿਆਂ ਦੀ ਰਜਿਸਟ੍ਰੇਸ਼ਨ ਤਰਜੀਹ ਆਧਾਰ ‘ਤੇ ਯਕੀਨੀ ਬਣਾਉਣ ਲਈ ਕਿਹਾ।
ਕੋਵਿਡ ਸਮੀਖਿਆ ਮੀਟਿੰਗ ਦੌਰਾਨ ਕੋਵਿਡ ਮਾਹਿਰ ਸਮੂਹ ਦੇ ਮੁਖੀ ਡਾ. ਕੇ ਕੇ ਤਲਵਾੜ ਨੇ ਕਿਹਾ ਕਿ ਮੌਜੂਦਾ ਟੀਕੇ ਕੋਰੋਨਾ ਦੇ ਨਵੇਂ ਵਾਇਰਸ ਵਿਰੁੱਧ ਵੀ ਅਸਰਦਾਰ ਪਾਏ ਗਏ ਹਨ।ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੰਜਾਬ ਪੁਲਿਸ ਪਿਛਲੇ ਪੰਜ ਮਹੀਨਿਆਂ ਵਿੱਚ ਕੋਵਿਡ ਕਾਰਨ 21 ਕਰਮਚਾਰੀ ਗਵਾ ਚੁੱਕੀ ਹੈ ਅਤੇ ਇਨ੍ਹਾਂ ਵਿੱਚੋਂ 50 ਫ਼ੀਸਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਕੀਤਾ ਗਿਆ ਸੀ।