ਚੰਡੀਗੜ੍ਹ: ਮਿਲਕਫੈਡ ਜੋ ਕਿ ਪੰਜਾਬ ਦੇ ਸਭ ਤੋਂ ਪ੍ਰਭਾਵਸ਼ਾਲੀ ਸਹਿਕਾਰੀ ਅਦਾਰਿਆਂ ਵਿੱਚੋਂ ਇੱਕ ਹੈ, ਕੋਵਿਡ-19 ਮਹਾਂਮਾਰੀ ਦੇ ਅਜੋਕੇ ਦੌਰ ਜਦੋਂ ਪੂਰਾ ਦੇਸ਼ ਉਦਯੋਗ ਅਤੇ ਸੇਵਾ ਖੇਤਰ ਵਿੱਚ ਆਰਥਿਕ ਮੰਦੀ ਨਾਲ ਜੂਝ ਰਿਹਾ ਹੈ, ਦੇ ਬਾਵਜੂਦ ਪ੍ਰਬੰਧਨ ਦੀਆਂ ਸਮਰੱਥਾਵਾਂ ਨਾਲ ਜੁੜੇ ਵੱਖ-ਵੱਖ ਪ੍ਰਾਜੈਕਟਾਂ ਨੂੰ ਚਲਾ ਰਿਹਾ ਹੈ। ਇਹ ਗੱਲ ਸ਼ੁੱਕਰਵਾਰ ਇਥੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਿਲਕਫੈਡ ਵਿਖੇ ਇੰਜੀਨੀਅਰਿੰਗ, ਸੂਚਨਾ ਤਕਨਾਲੋਜੀ, ਮਾਰਕੀਟਿੰਗ ਅਤੇ ਪਸ਼ੂ ਪਾਲਣ ਖੇਤਰ ਵਿੱਚ 27 ਉਮੀਦਵਾਰਾਂ ਨੂੰ ਸਹਾਇਕ ਮੈਨੇਜਰ ਦੀਆਂ ਅਸਾਮੀਆਂ ਦੇ ਨਿਯੁਕਤੀ ਪੱਤਰ ਸੌਂਪਣ ਦੇ ਮੌਕੇ ਕੀਤਾ।
ਮੌਜੂਦਾ ਪ੍ਰਾਜੈਕਟਾਂ ਬਾਰੇ ਮੰਤਰੀ ਨੇ ਕਿਹਾ ਕਿ 254 ਕਰੋੜ ਰੁਪਏ ਦੇ ਵਿਕਾਸ ਅਤੇ ਪਸਾਰ ਪ੍ਰਾਜੈਕਟ ਜਲੰਧਰ, ਲੁਧਿਆਣਾ, ਮੁਹਾਲੀ ਅਤੇ ਪਟਿਆਲਾ ਡੇਅਰੀ ਵਿਖੇ ਕੰਮ ਪ੍ਰਗਤੀ ਅਧੀਨ ਹੈ। ਇਸਤੋਂ ਇਲਾਵਾ ਰਾਜ ਸਰਕਾਰ ਅਤੇ ਨਾਬਾਰਡ ਤੋਂ ਸਹਾਇਤਾ ਪ੍ਰਾਪਤ ਕੁਲ 138 ਕਰੋੜ ਰੁਪਏ ਦੀ ਲਾਗਤ ਵਾਲਾ ਮੈਗਾ ਡੇਅਰੀ ਪ੍ਰਾਜੈਕਟ ਬੱਸੀ ਪਠਾਣਾਂ ਵਿਖੇ ਪ੍ਰਗਤੀ ਅਧੀਨ ਹੈ, ਜੋ ਅਗਲੇ ਸਾਲ ਜੂਨ ਵਿੱਚ ਮੁਕਮਲ ਹੋਣ ਦੀ ਉਮੀਦ ਹੈ।
ਵਿੱਤੀ ਸਾਲ 2020-21 ਦੌਰਾਨ ਮਿਲਕਫੈਡ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਰੰਧਾਵਾ ਨੇ ਕਿਹਾ ਕਿ ਕੋਵਿਡ -19 ਮਹਾਂਮਾਰੀ ਦੇ ਬਾਵਜੂਦ, ਘਿਓ (ਸੀਪੀ) ਅਤੇ ਯੂਐਚਟੀ ਮਿਲਕ ਦੀ ਵਿਕਰੀ ਵਿੱਚ ਪਿਛਲੇ ਸਾਲ ਦੇ ਇਸ ਸਮੇਂ ਦੇ ਮੁਕਾਬਲੇ 30 ਪ੍ਰਤੀਸ਼ਤ ਅਤੇ 91 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਅਕਤੂਬਰ, 2020 ਦੌਰਾਨ ਘਿਓ (ਸੀਪੀ) ਵਿੱਚ 44 ਪ੍ਰਤੀਸ਼ਤ, ਯੂਐਚਟੀ ਦੁੱਧ ਵਿੱਚ 33 ਪ੍ਰਤੀਸ਼ਤ, ਆਈਸ ਕਰੀਮ ਵਿੱਚ 33 ਪ੍ਰਤੀਸ਼ਤ ਅਤੇ ਫ਼ਲੇਵਰਡ ਮਿਲਕ ਵਿੱਚ 60 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ।
ਇਸਤੋਂ ਇਲਾਵਾ, 2020-21 ਦੇ ਅਰਸੇ ਦੌਰਾਨ ਮਿਲਕਫੈਡ ਨੇ ਕਈ ਨਵੇਂ ਉਤਪਾਦ ਜਿਵੇਂ ਕਿ ਹਲਦੀ ਦੁੱਧ, ਆਈਸ ਕਰੀਮ ਦੇ ਜਾਇਕੇ ਵਾਲੇ ਕਾਜੂ ਅੰਜੀਰ, ਅਫ਼ਗਾਨ ਡ੍ਰਾਈ ਫ਼ਰੂਟ, ਬ੍ਰਾਂਡ ਐਮੂਰ ਦੇ ਅਧੀਨ ਚੌਕੋ ਡੀਲਾਈਟ, ਪੀਓ ਦੇ ਸੁਆਦ ਵਾਲੇ ਦੁੱਧ ਨੂੰ ਨਾ ਟੁੱਟਣ ਵਾਲੀਆਂ ਪੀਪੀ ਬੋਤਲਾਂ ਵਿੱਚ ਲਾਂਚ ਕੀਤਾ ਹੈ।