ਚੰਡੀਗੜ੍ਹ: ਭਾਜਪਾ ਨੇ ਪੰਜਾਬ ਲਈ ਆਪਣੇ 27 ਨਵੇਂ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਸ ਵਿੱਚ ਵੱਡੇ ਚਿਹਰਿਆਂ ਵਿੱਚ ਬਟਾਲਾ ਤੋਂ ਮੌਜੂਦਾ ਵਿਧਾਇਕ ਫਤਿਹਜੰਗ ਬਾਜਵਾ, ਫਗਵਾੜਾ ਤੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਮੋਗਾ ਤੋਂ ਕਾਂਗਰਸ ਦੇ ਵਿਧਾਇਕ ਹਰਜੋਤ ਕਮਲ ਨੂੰ ਟਿਕਟ ਦਿੱਤੀ ਗਈ ਹੈ। ਇਸਦੇ ਨਾਲ ਹੀ ਰੋਪੜ ਤੋਂ ਇਕਬਾਲ ਸਿੰਘ ਲਾਲਪੁਰਾ ਚੋਣ ਲੜਨਗੇ।
ਹਰਜੀਤ ਗਰੇਵਾਲ ਦੀ ਟਿਕਟ ਕੱਟੀ
ਖਾਸ ਗੱਲ ਇਹ ਹੈ ਕਿ ਕੈਪਟਨ ਦੀ ਪਾਰਟੀ ਪੰਜਾਬ ਲੋਕ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ ਜਗਦੀਸ਼ ਜੱਗਾ ਨੂੰ ਰਾਜਪੁਰਾ ਤੋਂ ਟਿਕਟ ਦਿੱਤੀ ਗਈ ਹੈ। ਗਰੇਵਾਲ ਕਿਸਾਨ ਅੰਦੋਲਨ ਦੌਰਾਨ ਇਸ ਖਿਲਾਫ਼ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਕਾਫੀ ਚਰਚਾ 'ਚ ਰਹੇ ਸਨ। ਪੰਜਾਬ 'ਚ ਭਾਜਪਾ 65 ਸੀਟਾਂ 'ਤੇ ਚੋਣ ਲੜ ਰਹੀ ਹੈ। ਜਿੰਨ੍ਹਾਂ ਵਿੱਚੋਂ ਹੁਣ 62 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਜਪਾ ਨੇ ਰਾਜਪੁਰਾ ਤੋਂ ਹਰਜੀਤ ਗਰੇਵਾਲ ਦੀ ਟਿਕਟ ਕੱਟ ਦਿੱਤੀ ਹੈ।
ਭਾਜਪਾ ਨੇ ਦਿੱਗਜਾਂ ਖਿਲਾਫ਼ ਉਤਾਰੇ ਉਮੀਦਵਾਰ
ਭਾਜਪਾ ਨੇ ਪੰਜਾਬ 'ਚ ਦਿੱਗਜਾਂ ਦੀ ਸੀਟ 'ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇੰਨ੍ਹਾਂ ਵਿੱਚ ਮਜੀਠਾ ਤੋਂ ਬਿਕਰਮ ਮਜੀਠੀਆ ਖਿਲਾਫ਼ ਪ੍ਰਦੀਪ ਸਿੰਘ ਭੁੱਲਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਦੇ ਮੁਕਾਬਲੇ ਕੁਲਦੀਪ ਸਿੰਘ ਨੂੰ ਟਿਕਟ ਦਿੱਤੀ ਗਈ ਹੈ। ਕਾਦੀਆਂ ਤੋਂ ਵਿਧਾਇਕ ਫਤਿਹਜੰਗ ਬਾਜਵਾ ਨੂੰ ਕਾਂਗਰਸ ਛੱਡ ਕੇ ਬੀਜੇਪੀ ਵਿੱਚ ਆਉਣ ਤੋਂ ਬਾਅਦ ਬਟਾਲਾ ਤੋਂ ਟਿਕਟ ਦਿੱਤੀ ਗਈ ਹੈ। ਇਸ ਸੀਟ ਨੂੰ ਲੈ ਕੇ ਕਾਂਗਰਸ ਉਮੀਦਵਾਰ ਅਸ਼ਵਨੀ ਸ਼ੇਖੜੀ ਅਤੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵਿਚਾਲੇ ਟੱਕਰ ਹੈ।
ਵਿਧਾਨਸਭਾ ਹਲਕਾ ਚਮਕੌਰ ਸਾਹਿਬ ਤੋਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਮੁਕਾਬਲੇ ਦਰਸ਼ਨ ਸਿੰਘ ਸ਼ਿਵਜੋਤ ਨੂੰ ਟਿਕਟ ਦਿੱਤੀ ਗਈ ਹੈ। ਰਾਕੇਸ਼ ਢੀਂਗਰਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਚੋਣ ਪਿੜ ਚ ਉਤਾਰਿਆ ਗਿਆ ਹੈ। ਰਣਦੀਪ ਸਿੰਘ ਦਿਓਲ ਧੂਰੀ ਤੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ਼ ਚੋਣ ਲੜਨਗੇ। ਇਸਦੇ ਨਾਲ ਹੀ ਰੋਪੜ 'ਚ 'ਆਪ' ਦੇ ਸੀਨੀਅਰ ਆਗੂ ਦਲਜੀਤ ਚੀਮਾ ਦੇ ਮੁਕਾਬਲੇ ਇਕਬਾਲ ਸਿੰਘ ਲਾਲਪੁਰਾ ਨੂੰ ਟਿਕਟ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਕਾਂਗਰਸ ਲਈ ਨਵਾਂ ਸਿਆਪਾ ! ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ 5 ਕਾਂਗਰਸੀ ਸਾਂਸਦਾਂ ਨੇ ਬਣਾਈ ਦੂਰੀ