ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਦੇ ਸਿਸਟਮ ਨੂੰ ਸੁਧਾਰਨ ਦੇ ਦਾਅਵੇ ਕੀਤੇ ਜਾ ਰਹੇ ਹਨ। ਇਸ ਨੂੰ ਲੈਕੇ ਸਰਕਾਰ ਵੱਲੋਂ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ। ਇੰਨ੍ਹਾਂ ਫੈਸਲਿਆਂ ਨੂੰ ਲੈਕੇ ਵਿਰੋਧੀ ਪਾਰਟੀਆਂ ਮਾਨ ਸਰਕਾਰ ਉੱਪਰ ਹਮਲਾਵਰ ਹੁੰਦੀਆਂ ਵਿਖਾਈ ਦੇ ਰਹੀਆਂ ਹਨ।
ਕਾਂਗਰਸ ਦਾ ਮਾਨ ਸਰਕਾਰ ਖਿਲਾਫ਼ ਮੋਰਚਾ: ਪੰਜਾਬ ਕਾਂਗਰਸ ਵੱਲੋਂ ਭਗਵੰਤ ਮਾਨ ਸਰਕਾਰ ਦੇ ਫੈਸਲਿਆਂ ਖਿਲਾਫ਼ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਅਗਵਾਈ ਵਿੱਚ ਕਾਂਗਰਸ ਵਫਦ ਵੱਲੋਂ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ। ਮੁਲਕਾਤ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ। ਮੰਗ ਪੱਤਰ ਦੇਣ ਸਬੰਧੀ ਰਾਜਾ ਵੜਿੰਗ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪੰਜਾਬ ਦੇ ਮਸਲਿਆਂ ਨੂੰ ਲੈਕੇ ਰਾਜਪਾਲ ਨਾਲ ਮੁਲਾਕਾਤ ਕੀਤੀ ਗਈ ਹੈ।
ਦੋ ਮੁੱਖ ਮਸਲਿਆਂ ਨੂੰ ਲੈਕੇ ਰਾਜਪਾਲ ਨੂੰ ਮਿਲਿਆ ਵਫਦ: ਉਨ੍ਹਾਂ ਦੱਸਿਆ ਪੰਜਾਬ ਦੇ 2 ਮੁੱਖ ਮਸਲਿਆਂ ਨੂੰ ਲੈਕੇ ਉਹ ਰਾਜਪਾਲ ਨੂੰ ਮਿਲੇ ਹਨ। ਵੜਿੰਗ ਨੇ ਦੱਸਿਆ ਕਿ ਭਗਵੰਤ ਮਾਨ ਸਰਕਾਰ ਵੱਲੋਂ ਜੋ ਦਿੱਲੀ ਦੇ ਨਾਲ ਨਾਲੇਜ ਸ਼ੇਅਰਿੰਗ ਨੂੰ ਲੈਕੇ ਜੋ ਸਮਝੌਤਾ ਕੀਤਾ ਗਿਆ ਹੈ ਉਹ ਸੰਵਿਧਾਨ ਦੀ ਸ਼ਰੇਆਮ ਉਲੰਘਣਾ ਹੈ। ਕਾਂਗਰਸ ਪ੍ਰਧਾਨ ਨੇ ਦੱਸਿਆ ਕਿ ਅਜਿਹਾ ਸਮਝੌਤਾ ਦੋ ਮੁੱਖ ਮੰਤਰੀਆਂ ਵਿਚਕਾਰ ਹੋ ਹੀ ਨਹੀਂ ਸਕਦਾ ਹੈ ਜਿਸਨੂੰ ਲੈਕੇ ਉਹ ਰਾਜਪਾਲ ਨੂੰ ਮਿਲੇ ਹਨ ਅਤੇ ਉਨ੍ਹਾਂ ਨੂੰ ਇਸ ਸਬੰਦੀ ਦੱਸਿਆ ਗਿਆ ਹੈ। ਵੜਿੰਗ ਨੇ ਦੱਸਿਆ ਕਿ ਉਨ੍ਹਾਂ ਮੰਗ ਪੱਤਰ ਸੌਂਪਦੇ ਹੋਏ ਦਿੱਲੀ ਤੇ ਪੰਜਾਬ ਦੇ ਮੁੱਖ ਮੰਤਰੀ ਵਿਚਾਲੇ ਹੋਏ ਇਸ ਸਮਝੌਤੇ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ।
ਰਾਜਾ ਵੜਿੰਗ ਦੇ ਮਾਨ ਸਰਕਾਰ ’ਤੇ ਸਵਾਲ: ਇਸਦੇ ਨਾਲ ਹੀ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਵਰ੍ਹਦਿਆਂ ਕਿਹਾ ਹੈ ਕਿ ਪੰਜਾਬ ਦੇ ਲੋਕ ਮਹਿਸੂਸ ਕਰ ਰਹੇ ਹਨ ਕਿ ਜਿਵੇਂ ਉਨ੍ਹਾਂ ਨੂੰ ਦਿੱਲੀ ਵਾਲਿਆਂ ਨੂੰ ਠੇਕੇ ਉੱਪਰ ਦੇ ਦਿੱਤਾ ਗਿਆ ਹੈ। ਇਸ ਲਈ ਇਸ ਸਮਝੌਤੇ ਦਾ ਪੂਰੇ ਵਿੱਚ ਵਿਰੋਧ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਕਿਸੇ ਸਮਝੌਤੇ ਦੀ ਜ਼ਰੂਰਤ ਨਹੀਂ ਸੀ। ਵੜਿੰਗ ਨੇ ਕਿਹਾ ਕਿ ਪੰਜਾਬ ਦੇ ਆਪਣੇ ਮਸਲੇ ਹਨ ਕਿਉਂਕਿ ਪੰਜਾਬ ਇੱਕ ਬਾਰਡਰ ਸਟੇਟ ਹੈ। ਇਸਦਾ ਪਾਣੀਆਂ, ਪ੍ਰਦੂਸ਼ਣ ਦਾ ਮਸਲਾ ਹੈ। ਉਨ੍ਹਾਂ ਕੇਜਰੀਵਾਲ ਉੱਪਰ ਸਵਾਲ ਚੁੱਕਦਿਆਂ ਕਿਹਾ ਕਿ ਕੇਜਰੀਵਾਲ ਕਹਿੰਦੇ ਹਨ ਕਿ ਜੋ ਪ੍ਰਦੂਸ਼ਣ ਦਿੱਲੀ ਵਿੱਚ ਆਉਂਦਾ ਹੈ ਉਹ ਪੰਜਾਬ ਤੋਂ ਆਉਂਦਾ ਹੈ।
ਨਵਜੋਤ ਸਿੱਧੂ ’ਤੇ ਕੀ ਬੋਲੇ ਰਾਜਾ ਵੜਿੰਗ: ਪਿਛਲੇ ਦਿਨੀਂ ਪੰਜਾਬ ਕਾਂਗਰਸ ਵੱਲੋਂ ਨਵਜੋਤ ਸਿੱਧੂ ਖਿਲਾਫ਼ ਕਾਰਵਾਈ ਨੂੰ ਲੈਕੇ ਹਾਈਕਮਾਨ ਨੂੰ ਕੀਤੀ ਗਈ ਸ਼ਿਫਾਰਸ ਨੂੰ ਲੈਕੇ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਇਹ ਕਾਂਗਰਸ ਦਾ ਅੰਦਰੂਨੀ ਮਾਮਲਾ ਹੈ ਅਤੇ ਅਜਿਹਾ ਪਾਰਟੀਆਂ ਵਿੱਚ ਚੱਲਦਾ ਰਹਿੰਦਾ ਹੈ।
ਕਾਨੂੰਨ ਵਿਵਸਥਾ ਨੂੰ ਲੈਕੇ ਬਾਜਵਾ ਨੇ ਘੇਰੀ ਮਾਨ ਸਰਕਾਰ: ਇਸ ਦੇ ਨਾਲ ਹੀ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈਕੇ ਵੀ ਰਾਜਪਾਲ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਬਾਜਵਾ ਨੇ ਪਟਿਆਲਾ ਵਿਖੇ ਵਾਪਰੀ ਘਟਨਾ ਨੂੰ ਲੈਕੇ ਮਾਨ ਸਰਕਾਰ ਉੱਤੇ ਜੰਮਕੇ ਨਿਸ਼ਾਨੇ ਸਾਧੇ ਗਏ ਹਨ। ਉਨ੍ਹਾਂ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੁਲਿਸ ਨੂੰ 1 ਹਫ਼ਤਾ ਪਹਿਲਾਂ ਤੋਂ ਹੀ ਪਟਿਆਲਾ ਵਿੱਚ ਜਲੂਸ ਕੱਢਣ ਦੀ ਸੂਚਨਾ ਸੀ ਤਾਂ ਇਸ ਦਾ ਪਹਿਲਾਂ ਤੋਂ ਪ੍ਰਬੰਧ ਕਿਉਂ ਨਹੀਂ ਕੀਤਾ ਗਿਆ ? ਉਨ੍ਹਾਂ ਕਿਹਾ ਕਿ ਬਾਅਦ ਵਿੱਚ ਅਫਸਰਾਂ ਦੇ ਸਿਰਫ਼ ਤਬਾਦਲੇ ਕੁਝ ਨਹੀਂ ਕਰਦੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਮੁੱਖ ਮੰਤਰੀ ਨੇ ਜ਼ਿੰਮੇਵਾਰੀ ਨਹੀਂ ਲਈ ਜਦਕਿ ਉਨ੍ਹਾਂ ਕੋਲ ਗ੍ਰਹਿ ਵਿਭਾਗ ਹੈ।
CM ਮਾਨ ਦੇ ਦਿੱਲੀ ਦੌਰਿਆਂ ’ਤੇ ਸਵਾਲ: ਬਾਜਵਾ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਪਹਿਲਾਂ ਵੀ ਅਜਿਹੀ ਸਥਿਤੀ ਦੇਖ ਚੁੱਕਾ ਹੈ। ਉਹੀ ਪਿਛੋਕੜ ਇੱਕ ਵਾਰ ਫਿਰ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਬਾਹਰੋਂ ਵੱਡੀ ਪੱਧਰ 'ਤੇ ਹਥਿਆਰ ਆ ਰਹੇ ਹਨ ਨਾਲ ਹੀ ਉਨ੍ਹਾਂ ਕਿਹਾਕਿ ਪੰਜਾਬ ਵਿੱਚ 50 ਤੋਂ ਵੱਧ ਕਤਲ ਹੋ ਚੁੱਕੇ ਹਨ। ਬਾਜਵਾ ਨੇ ਮੁੱਖ ਮੰਤਰੀ ਨੂੰ ਘੇਰਦਿਆਂ ਕਿਹਾ ਕਿ ਭਗਵੰਤ ਮਾਨ ਹਰ ਰੋਜ਼ ਦਿੱਲੀ ਜਾਂਦੇ ਹਨ ਅਤੇ ਅਜੇ ਤੱਕ ਪਟਿਆਲਾ ਨਹੀਂ ਗਏ। ਉੁਨ੍ਹਾਂ ਭਗਵੰਤ ਮਾਨ ਦੇ ਦਿੱਲੀ ਦੌਰਿਆਂ ਨੂੰ ਲੈਕੇ ਜੰਮਕੇ ਭੜਾਸ ਕੱਢੀ ਗਈ ਹੈ।
ਜਾਰੀ ਬਜਟ ਪੋਰਟਲ ’ਤੇ ਬਾਜਵਾ ਦਾ ਤੰਜ਼: ਇਸਦੇ ਨਾਲ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਵੱਲੋਂ ਪਿਛਲੇ ਦਿਨੀਂ ਬਜਟ ਸਬੰਧੀ ਪੋਰਟਲ ਜਾਰੀ ਕਰਨ 'ਤੇ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿਉਂਕਿ ਉਨ੍ਹਾਂ ਦੀ ਆਪਣੀ ਕੋਈ ਰਾਇ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਲੋਕਾਂ ਦੀ ਰਾਇ ਲੈਣੀ ਚਾਹੀਦੀ ਹੈ। ਬਾਜਵਾ ਨੇ ਤੰਜ਼ ਕਸਦਿਆਂ ਕਿਹਾ ਕਿ ਉਹ ਗਰੀਬ ਹੈ ਜਿੰਨ੍ਹਾਂ ਨੂੰ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ: ਨੌਜਵਾਨ ਦੇ ਕਤਲ ਨੂੰ ਲੈਕੇ ਪੁਲਿਸ ’ਤੇ ਲੱਗੇ ਗੰਭੀਰ ਇਲਜ਼ਾਮ