ਚੰਡੀਗੜ੍ਹ : ਚੰਡੀਗੜ੍ਹ ਸੈਕਟਰ 15 ਸਥਿਤ ਕਾਂਗਰਸ ਭਵਨ ਵਿਖੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਵਿੱਚ ਕੁਝ ਇੱਕ ਵਿਧਾਇਕਾਂ ਅਤੇ ਕੈਬਨਿਟ ਮੰਤਰੀਆਂ ਨਾਲ ਬੈਠਕ ਕਰ 14 ਦਸੰਬਰ ਨੂੰ ਕਿਸਾਨਾਂ ਨੂੰ ਸਮਰਥਨ ਕਰਦਿਆਂ ਜ਼ਿਲ੍ਹਿਆਂ ਵਿਚ ਧਰਨੇ ਪ੍ਰਦਰਸ਼ਨ ਕਰੇਗੀ ਤਾਂ ਉੱਥੇ ਹੀ ਸ਼ੰਭੂ ਬੈਰੀਅਰ ਤੇ ਸਵੇਰੇ ਗਿਆਰਾਂ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਬੈਠਕ 'ਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ, ਬਲਬੀਰ ਸਿੱਧੂ, ਮਨਪ੍ਰੀਤ ਬਾਦਲ ਸਣੇ ਹੋਰ ਵਿਧਾਇਕ ਮੌਜੂਦ ਰਹੇ।ਇਸ ਬੈਠਕ ਦੌਰਾਨ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਅਗਲੀ ਰਣਨੀਤੀ ਸਬੰਧੀ ਵਿਸ਼ੇਸ਼ ਚਰਚਾ ਹੋਈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਕਾਂਗਰਸ 14 ਦਸੰਬਰ ਨੂੰ ਸ਼ੰਭੂ ਬਾਰਡਰ ਉੱਤੇ ਕਿਸਾਨਾਂ ਦੇ ਹੱਕ 'ਚ ਕੇਂਦਰ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕਰੇਗੀ। ਮਹਿਜ਼ ਸ਼ੰਭੂ ਬਾਰਡਰ ਤੇ ਹੀ ਨਹੀਂ ਸਗੋਂ ਪੰਜਾਬ ਭਰ ਦੇ ਹਰ ਜ਼ਿਲ੍ਹੇ 'ਚ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾਣਗੇ।
ਇਸ ਦੌਰਾਨ ਉਨ੍ਹਾਂ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ 'ਤੇ ਨਿਸ਼ਾਨ ਸਾਧਦੇ ਹੋਏ ਕਿਹਾ, "ਦੁਸ਼ਯੰਤ ਚੌਟਾਲਾ ਦੀ ਮਜਬੂਰੀ ਇਹ ਹੈ ਕਿ ਉਹ ਭਾਜਪਾ ਨਾਲ ਸਰਕਾਰ 'ਚ ਹਨ। ਕਿਸਾਨਾਂ ਦੀ ਪਾਰਟੀ ਕਹਾਉਣ ਵਾਲੀ ਦੇਵੀ ਲਾਲ ਦੀ ਪੀੜ੍ਹੀ ਹੁਣ ਜੇਜੇਪੀ ਪਾਰਟੀ ਬਣਾਉਣ ਮਗਰੋਂ ਭਾਜਪਾ ਨਾਲ ਮਿਲ ਕੇ ਕਿਸਾਨਾਂ 'ਤੇ ਤਸ਼ਦਦ ਢਾਹ ਰਹੀ ਹੈ। "
ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕਰਨ ਬਾਰੇ ਬੋਲਦੇ ਹੋਏ ਸੁਨੀਲ ਜਾਖੜ ਨੇ ਕਿਹਾ, "ਜੇਕਰ ਕਿਸਾਨਾਂ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਗਏ ਤਾਂ ਪੰਜਾਬ ਸਣੇ ਦੇਸ਼ ਨੂੰ ਵੱਡਾ ਨੁਕਸਾਨ ਹੋਵੇਗਾ। ਕਿਸਾਨ ਲੰਬੇ ਸਮੇਂ ਤੋਂ ਸ਼ਾਂਤਮਈ ਢੰਗ ਨਾਲ ਸੰਘਰਸ਼ ਕਰ ਰਹੇ ਹਨ, ਪਰ ਕੇਂਦਰ ਦੀ ਮੋਦੀ ਸਰਕਾਰ ਉਨ੍ਹਾਂ ਦੀ ਸੁਣਵਾਈ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਆਪਣਾ ਅਣੀਅਲ ਰਵੱਇਆ ਛੱਡ ਕੇ ਕਿਸਾਨਾਂ ਦੀ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਹੈ। ਇਸ ਨਾਲ ਪੰਜਾਬ ਅਤੇ ਦੇਸ਼ ਆਰਥਿਕ ਨੁਕਸਾਨ ਤੋਂ ਬੱਚ ਸਕਦਾ ਹੈ।