ਚੰਡੀਗੜ੍ਹ: ਪੰਜਾਬ ਕਾਂਗਰਸ ਦਾ ਕਲੇਸ਼ ਹੁਣ ਇੰਚਾਰਜ ਹਰੀਸ਼ ਰਾਵਤ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਲੇ ਵਿੱਚ ਆ ਚੁੱਕਾ ਹੈ। ਰਾਵਤ ਕਹਿ ਚੁੱਕੇ ਹਨ ਕਿ ਮੰਤਰੀਆਂ ਤੇ ਵਿਧਾਇਕਾਂ ਦੀ ਨਾਰਾਜਗੀ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਦਿੱਤੀ ਗਈ ਹੈ ਤੇ ਉਹੀ ਇਸ ਦਾ ਹੱਲ ਕਰਨਗੇ। ਦੂਜੇ ਪਾਸੇ ਸੂਤਰ ਦੱਸਦੇ ਹਨ ਕਿ ਜਿਥੇ ਹਰੀਸ਼ ਰਾਵਤ ਚੰਡੀਗੜ੍ਹ ਵਿੱਚ ਸੀ ਤਾਂ ਸਿੱਧੂ ਹਾਈਕਮਾਂਡ ਨੂੰ ਮਿਲਣ ਲਈ ਦਿੱਲੀ ਜਾ ਪੁੱਜੇ ਸੀ ਪਰ ਉਹ ਹਾਈਕਮਾਂਡ ਨੂੰ ਨਹੀਂ ਮਿਲ ਸਕੇ ਤੇ ਇਥੋਂ ਤੱਕ ਕਿ ਪ੍ਰਿਅੰਕਾ ਗਾਂਧੀ ਨਾਲ ਵੀ ਉਨ੍ਹਾਂ ਦੀ ਮੁਲਾਕਾਤ ਨਹੀਂ ਹੋ ਸਕੀ।
ਸਿੱਧੂ ਦੀ ਨਹੀਂ ਹੋ ਸਕੀ ਮੁਲਾਕਾਤ
ਸੂਤਰ ਇਹ ਵੀ ਦੱਸਦੇ ਹਨ ਕਿ ਕੈਪਟਨ ਵਿਰੁੱਧ ਸ਼ਿਕਾਇਤ ਲੈ ਕੇ ਹੀ ਸਿੱਧੂ ਦਿੱਲੀ ਗਏ ਸੀ ਪਰ ਮੁਲਾਕਾਤ ਨਹੀਂ ਹੋ ਸਕੀ ਤੇ ਉਹ ਦਿੱਲੀ ਤੋਂ ਬੈਰੰਗ ਪਰਤ ਆਏ ਹਨ। ਹੁਣ ਸਿੱਧੂ ਧੜੇ ਦੇ ਯਾਨੀ ਬਾਗੀ ਮੰਤਰੀ ਤੇ ਵਿਧਾਇਕਾਂ ਕੋਲ ਫਿਲਹਾਲ ਹਰੀਸ਼ ਰਾਵਤ ਕੋਲ ਆਪਣੇ ਦੁਖੜੇ ਰੋਣ ਤੋਂ ਇਲਾਵਾ ਕੋਈ ਰਾਹ ਨਹੀਂ ਬਚਿਆ ਤੇ ਅੱਜ ਉਹ ਰਾਵਤ ਨਾਲ ਮੁਲਾਕਾਤ ਕਰਨਗੇ। ਜਿਕਰਯੋਗ ਹੈ ਕਿ ਰਾਵਤ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀਆਂ ਤੇ ਵਿਧਾਇਕਾਂ ਦੀਆਂ ਸ਼ਿਕਾਇਤਾਂ ਤੇ ਮੁੱਦੇ ਦੱਸ ਦਿੱਤੇ ਗਏ ਹਨ ਤੇ ਉਹੀ ਇਸ ਦਾ ਹੱਲ ਕਰਨਗੇ। ਕੁਲ ਮਿਲਾ ਕੇ ਹੁਣ ਗੇਂਦ ਰਾਵਤ ਅਤੇ ਕੈਪਟਨ ਦੇ ਪਾਲੇ ਵਿੱਚ ਆ ਗਈ ਹੈ।
ਕੈਪਟਨ ਨਾਲ ਮੁਲਾਕਾਤ ਤੋਂ ਸਿੱਧੂ ਨੇ ਵੱਟਿਆ ਸੀ ਟਾਲਾ
ਜਿਕਰਯੋਗ ਹੈ ਕਿ ਹਰੀਸ਼ ਰਾਵਤ ਕੈਪਟਨ ਅਤੇ ਸਿੱਧੂ ਨੂੰ ਆਮੋ ਸਾਹਮਣੇ ਬਿਠਾ ਕੇ ਗਿਲੇ ਸ਼ਿਕਵੇ ਦੂਰ ਕਰਵਾਉਣਾ ਚਾਹੁੰਦੇ ਸੀ ਪਰ ਸਿੱਧੂ ਨੇ ਮੰਗਲਵਾਰ ਨੂੰ ਹੀ ਮੁਲਾਕਾਤ ਕਰ ਲਈ ਤੇ ਰਾਵਤ ਨੇ ਮੀਡੀਆ ਨੂੰ ਇਹ ਕਿਹਾ ਸੀ ਕਿ ਸਿੱਧੂ ਨੇ ਉਨ੍ਹਾਂ ਨੂੰ ਬੁੱਧਵਾਰ ਨੂੰ ਦਿੱਲੀ ਜਾਣ ਦੀ ਗੱਲ ਕਹੀ ਹੈ। ਅਜਿਹੇ ਵਿੱਚ ਬੁੱਧਵਾਰ ਨੂੰ ਕੈਪਟਨ ਅਤੇ ਸਿੱਧੂ ਨੂੰ ਆਮੋ ਸਾਹਮਣੇ ਨਹੀਂ ਬਿਠਾਇਆ ਜਾ ਸਕਿਆ, ਸਗੋਂ ਸਿੱਧੂ ਦਾ ਕਾਫਲਾ ਪੰਜਾਬ ਭਵਨ ਦਿੱਲੀ ਪੁੱਜ ਗਿਆ। ਉਹ ਆਪ ਨਜਰ ਨਹੀਂ ਆਏ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਹਾਈਕਮਾਂਡ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ਾਂ ਵਿੱਚ ਸੀ ਪਰ ਮੁਲਾਕਾਤ ਨਹੀਂ ਹੋ ਸਕੀ ਤੇ ਹੁਣ ਉਹ ਬੈਰੰਗ ਪਰਤ ਆਏ ਹਨ।
ਕੈਪਟਨ ਨੇ ਪੰਜਾਬ ਪੱਖੀ ਮਸਲਿਆਂ ‘ਤੇ ਕੰਮ ਕੀਤਾ:ਰਾਵਤ
ਜਿਕਰਯੋਗ ਹੈ ਕਿ ਬੁੱਧਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਉਪਰੰਤ ਹਰੀਸ਼ ਰਾਵਤ ਨੇ ਬਿਆਨ ਦਿੱਤਾ ਸੀ ਕਿ ਪੰਜਾਬ ਪੱਖੀ ਕਈ ਮੁੱਦਿਆਂ ‘ਤੇ ਕੈਪਟਨ ਅਮਰਿੰਦਰ ਸਿੰਘ ਕਾਫੀ ਕੰਮ ਕਰ ਰਹੇ ਹਨ। ਉਨ੍ਹਾਂ ਨੂੰ ਇਹ ਵੀ ਗੁਜਾਰਿਸ਼ ਕੀਤੀ ਗਈ ਹੈ ਕਿ ਜਿਥੇ ਦੂਜੀ ਪਾਰਟੀਆਂ ਤੇ ਕਾਂਗਰਸ ਆਪ ਵੀ ਮੁਫਤ ਬਿਜਲੀ ਦੇ ਵਾਅਦੇ ਕਰ ਰਹੀ ਹੈ, ਉਥੇ ਐਸਸੀ ਤੇ ਹੋਰ ਸ਼੍ਰੇਣੀਆਂ ਨੂੰ ਮੁਫਤ ਬਿਜਲੀ ਦੇ ਨਾਲ ਹੀ ਹੁਣ ਤੋਂ ਹੀ ਸਾਰੇ ਘਰੇਲੂ ਖਪਤਕਾਰਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇ ਤੇ ਨਾਲ ਹੀ ਡਰੱਗਸ ਅਤੇ ਬਰਗਾੜੀ ਮੁੱਦੇ ‘ਤੇ ਕਾਨੂੰਨੀ ਮਾਹਰਾਂ ਕੋਲੋਂ ਢੁੱਕਵੀਂ ਪੈਰਵੀ ਕਰਵਾਈ ਜਾਵੇ।
ਕੈਪਟਨ ਮੁੜ ਭਾਰੂ ਪਏ
ਰਾਵਤ ਪਹਿਲਾਂ ਵੀ ਬਿਆਨ ਦੇ ਚੁੱਕੇ ਹਨ ਕਿ 2022 ਦੀਆਂ ਚੋਣਾਂ ਕੈਪਟਨ ਦੀ ਅਗਵਾਈ ਵਿੱਚ ਲੜੀਆਂ ਜਾਣਗੀਆਂ ਤੇ ਹੁਣ ਸਿੱਧੂ ਵੱਲੋਂ ਕੈਪਟਨ ਦੀ ਸ਼ਿਕਾਇਤ ਲੈ ਕੇ ਦਿੱਲੀ ਵਿੱਚ ਹਾਈਕਮਾਂਡ ਨਾਲ ਮੁਲਾਕਾਤ ਨਾ ਹੋਣ ਦੇ ਚਲਦਿਆਂ ਇਕ ਵਾਰ ਕੈਪਟਨ ਅਮਰਿੰਦਰ ਦਾ ਪਾਸਾ ਮੁੜ ਭਾਰੂ ਹੁੰਦਾ ਪ੍ਰਤੀਤ ਹੋ ਰਿਹਾ ਹੈ। ਸਿੱਧੂ ਵੱਲੋਂ ਹਾਈਕਮਾਂਡ ਨਾਲ ਮੁਲਾਕਾਤ ਦੀ ਕੋਸ਼ਿਸ਼ ਸਫਲ ਨਾ ਹੋਣ ਤੋਂ ਬਣੇ ਹਾਲਾਤ ਦਰਮਿਆਨ ਹੁਣ ਇਸ ਧੜੇ ਦੀ ਟੇਕ ਬਾਗੀ ਮੰਤਰੀਆਂ ਵੱਲੋਂ ਹਰੀਸ਼ ਰਾਵਤ ਨਾਲ ਮੁਲਾਕਾਤ ‘ਤੇ ਹੀ ਲੱਗ ਗਈ ਹੈ।