ਚੰਡੀਗੜ੍ਹ: ਪੰਜਾਬ ਕਾਂਗਰਸ(Punjab Congress) ਦਾ ਕਲੇਸ਼ ਜੱਗ ਜਾਹਿਰ ਹੈ। ਜਿਸ ਨੂੰ ਲੈਕੇ ਪੰਜਾਬ ਦੇ ਮੁੱਖ ਮੰਤਰੀ ਅਤੇ ਮੰਤਰੀਆਂ ਦੀ ਦਿੱਲੀ ਦਰਬਾਰ 'ਚ ਮੁੜ-ਮੁੜ ਗੇੜੇ ਲੱਗ ਰਹੇ ਹਨ। ਕਾਂਗਰਸ ਹਾਈਕਮਾਨ ਵਲੋਂ ਇਸ ਕਲੇਸ਼ ਨੂੰ ਜੁਲਾਈ ਦੇ ਪਹਿਲੇ ਹਫ਼ਤੇ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਚੱਲਦਿਆਂ ਨਵਜੋਤ ਸਿੱਧੂ(Navjot Sidhu) ਸੋਸ਼ਲ ਮੀਡੀਆ 'ਤੇ ਲਗਾਤਾਰ ਮੁੱਦਿਆਂ ਨੂੰ ਉਠਾ ਰਹੇ ਹਨ। ਇਸ ਦੇ ਚੱਲਦਿਆਂ ਦਿੱਲੀ ਵਾਪਸੀ ਉਪਰੰਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ(Chief Minister Capt. Amarinder Singh) ਵਲੋਂ ਦੇਰ ਰਾਤ ਸਿਸਵਾ ਫਾਰਮ ਹਾਊਸ 'ਤੇ ਅਸ਼ਵਨੀ ਸੇਖੜੀ ਅਤੇ ਰਾਜ ਕੁਮਾਰ ਵੇਰਕਾ ਨਾਲ ਮੁਲਾਕਾਤ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਕੈਪਟਨ ਤੋਂ ਨਰਾਜ਼ ਚੱਲ ਰਹੇ ਨਵਜੋਤ ਸਿੱਧੂ ਨੂੰ ਪਾਰਟੀ ਹਾਈਕਮਾਨ ਵਲੋਂ ਕੋਈ ਵੱਡਾ ਅਹੁਦਾ ਦੇਣ ਦੀਆਂ ਚਰਚਾਵਾਂ ਲੰਬੇ ਸਮੇਂ ਤੋਂ ਚੱਲ ਰਹੀਆਂ ਹਨ। ਜਿਸ 'ਚ ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸੂਤਰਾਂ ਦੀ ਮੰਨੀਏ ਤਾਂ ਕੈਪਟਨ ਹਾਈਕਮਾਨ ਕੋਲ ਗੱਲ ਰੱਖ ਕੇ ਆਏ ਹਨ , ਕਿ ਸਿੱਧੂ ਨੂੰ ਜੇਕਰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨਾਲ ਦੋ ਵਰਕਿੰਮ ਪ੍ਰਧਾਨ ਲਗਾਏ ਜਾਣ।
ਦੱਸ ਦਈਏ ਕਿ ਅਸ਼ਵਨੀ ਸੇਖੜੀ ਦੀ ਅਕਾਲੀ ਦਲ 'ਚ ਸ਼ਾਮਲ ਹੋਣ ਸਬੰਧੀ ਚਰਚਾਵਾਂ ਚੱਲ ਰਹੀਆਂ ਸਨ। ਜਿਸ 'ਤੇ ਮੁੱਖ ਮੰਤਰੀ ਵਲੋਂ ਉਨ੍ਹਾਂ ਨੂੰ ਮਨਾ ਲਿਆ ਗਿਆ ਸੀ। ਸੂਤਰਾਂ ਦੀ ਮੰਨੀਏ ਤਾਂ ਜੇਕਰ ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਉਨ੍ਹਾਂ ਨਾਲ ਦੋ ਵਰਕਿੰਗ ਪ੍ਰਧਾਨਾਂ 'ਚ ਅਸ਼ਵਨੀ ਸੇਖੜੀ ਦਾ ਨਾਮ ਸਭ ਤੋਂ ਅੱਗੇ ਹੈ।