ਚੰਡੀਗੜ੍ਹ: ਪੰਜਾਬ ਕਾਂਗਰਸ (Punjab Congress) ਵੱਲੋਂ ਭਗਵੰਤ ਮਾਨ ਸਰਕਾਰ ਨੂੰ ਘੇਰਨ ਦੀ ਤਿਆਰੀ ਕਰ ਲਈ ਹੈ। ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਅਗਾਵਾਈ ਵਿੱਚ ਕਾਂਗਰਸੀ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਮਾਨ ਸਰਕਾਰ ਦੀ ਪੰਜ ਮਹੀਨਿਆਂ ਦੀ ਕਾਰਗੁਜਾਰੀ ਉੱਤੇ ਵੱਡੇ ਸਵਾਲ ਖੜੇ ਕੀਤੇ ਗਏ ਹਨ। ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਬਾਜਵਾ ਨੇ ਦਿੱਲੀ ਸਰਕਾਰ ਦੀ ਐਕਸਾਈਜ ਪਾਲਿਸੀ ਦੀ ਪਾਲਿਸੀ ਨੂੰ ਲੈਕੇ ਮਾਨ ਸਰਕਾਰ ਉੱਤੇ ਸਵਾਲ ਖੜੇ ਕੀਤੇ ਹਨ।
ਐਕਸਾਈਜ ਪਾਲਿਸੀ ਤੇ ਮਾਈਨਿੰਗ ਨੂੰ ਲੈਕੇ ਘੇਰੀ ਸਰਕਾਰ: ਉਨ੍ਹਾਂ ਕਿਹਾ ਕਿ ਪੰਜਾਬ ਦੀ ਐਕਸਾਈਜ ਪਾਲਿਸੀ ਨੂੰ ਲੈਕੇ ਉਨ੍ਹਾਂ ਵੱਲੋਂ ਪੰਜਾਬ ਦੇ ਗਵਰਨਰ ਨਾਲ ਆਉਂਦੇ ਕੁਝ ਦਿਨ੍ਹਾਂ ਵਿੱਚ ਮੀਟਿੰਗ ਕਰ ਇਸ ਮਾਮਲੇ ਵਿੱਚ ਜਾਂਚ ਦੀ ਮੰਗ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਸਵਾਲਾਂ ਵਿੱਚ ਘਿਰੀ ਦਿੱਲੀ ਸਰਕਾਰ ਦੀ ਐਕਸਾਈਜ ਪਾਲਿਸੀ ਦਾ ਜ਼ਿਕਰ ਕੀਤਾ ਅਤੇ ਕਿਹਾ ਓਹੀ ਅਫਸਰ ਪੰਜਾਬ ਦੀ ਐਕਸਾਈਜ ਪਾਲਿਸੀ ਨਾਲ ਸਬੰਧ ਰੱਖਦੇ ਹਨ ਇਸ ਲਈ ਦੀ ਵੀ ਬਰੋਬਰ ਹੀ ਕੇਂਦਰੀ ਏਜੰਸੀ ਤੋਂ ਜਾਂਚ ਹੋਣੀ ਚਾਹੀਦੀ ਹੈ।
ਮਾਈਨਿੰਗ ਮੰਤਰੀ ਤੇ ਸਵਾਲ: ਇਸਦੇ ਨਾਲ ਹੀ ਪ੍ਰਤਾਪ ਬਾਜਵਾ ਨੇ ਪੰਜਾਬ ਵਿੱਚ ਮਾਈਨਿੰਗ ਨੂੰ ਲੈਕੇ ਮੰਤਰੀ ਹਰਜੋਸ ਬੈਂਸ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਵਿੱਚ ਮਾਈਨਿੰਗ ਬੰਦ ਹੋ ਚੁੱਕੀ ਹੈ ਪਰ ਬੀਐਸਐਫ ਵੱਲੋਂ ਹਾਈਕੋਰਟ ਵਿੱਚ ਐਫੀਡੇਵਿਟ ਦਿੱਤਾ ਹੈ ਕਿ ਬਾਰਡਰ ਉੱਤੇ ਬਰਸਾਤ ਦੇ ਦਿਨ੍ਹਾਂ ਵਿੱਚ ਮਾਈਨਿੰਗ ਹੋ ਰਹੀ ਹੈ ਜਿਸ ਨਾਲ ਸੁਰੱਖਿਆ ਨੂੰ ਲੈਕੇ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ। ਬਾਜਵਾ ਨੇ ਕਿਹਾ ਕਿ ਉਹ ਗਵਰਨਰ ਤੋਂ ਇਸ ਮਾਮਲੇ ਵਿੱਚ ਵੀ ਕੇਂਦਰੀ ਜਾਂਚ ਏਜੰਸੀ ਤੋਂ ਜਾਂਚ ਦੀ ਮੰਗ ਕਰ ਰਹੇ ਹਨ।
'ਕਾਂਗਰਸ ਨੂੰ ਬਦਨਾਮ ਕਰਨ ਦੀ ਕੋਸ਼ਿਸ਼': ਇਸ ਦੌਰਾਨ ਉਨਾਂ ਸਵਾਲਾਂ ਵਿੱਚ ਘਿਰੇ ਆਪ ਦੇ ਆਗੂ ਪਠਾਣ ਮਾਜਰਾ, ਜੋੜਾ ਮਾਜਰਾ ਅਤੇ ਗੱਜਣ ਮਾਜਰਾ ਦਾ ਵੀ ਜਿਕਰ ਕੀਤਾ।ਇਸਦੇ ਨਾਲ ਹੀ ਬਰਖਾਸਿਤ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਲੈਕੇ ਵੀ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਕਿਹਾ ਕਿ ਸਿਆਸੀ ਰੰਜਿਸ ਤਹਿਤ ਕਾਂਗਰਸ ਦੇ ਲੀਡਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜਦਕਿ ਆਪਣੇ ਲੀਡਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਕਿ ਸਵਾਲਾਂ ਵਿੱਚ ਘਿਰ ਰਹੇ ਹਨ।
ਵਿਜੀਲੈਂਸ ਨੂੰ ਚਿਤਾਵਨੀ: ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੋਮਵਾਰ ਨੂੰ ਪੰਜਾਬ ਭਰ ਦੇ ਕਾਂਗਰਸ ਲੀਡਰਾਂ ਅਤੇ ਵਰਕਰਾਂ ਵੱਲੋਂ ਮੁਹਾਲੀ ਵਿਖੇ ਵਿਜੀਲੈਂਸ ਦੇ ਦਫਤਰ ਦਾ ਘਿਰਾਓ ਕੀਤਾ ਜਾਵੇਗਾ।ਇਸਦੇ ਨਾਲ ਹੀ ਵੜਿੰਗ ਨੇ ਕਿਹਾ ਕਿ ਇਸ ਮੌਕੇ ਉਨ੍ਹਾਂ ਭਾਰਤ ਭੂਸ਼ਣ ਆਸ਼ੂ ਵੀ ਮੌਜੂਦ ਹੋਵੇਗਾ ਅਤੇ ਜਿਸ ਨੂੰ ਵੀ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਜਾਣਾ ਹੈ ਉਸਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਐਵੇਂ ਕਿਸੇ ਹੋਰ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਣਾ ਚਾਹੀਦਾ ਹੈ। ਇਸ ਮੌਕੇ ਪੰਜਾਬ ਕਾਂਗਰਸ ਨੇ ਵਿਜੀਲੈਂਸ ਨੂੰ ਚਿਤਾਵਨੀ ਦਿੱਤੀ ਹੈ ਕਿ ਜਿਆਦਤੀਆਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਸਾਰਿਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ਇਸ ਲਈ ਉਹ ਸਮਝ ਜਾਣ ਅਤੇ ਅਜਿਹੇ ਕੰਮ ਨਾ ਕਰਨ।
ਇਹ ਵੀ ਪੜ੍ਹੋ: 328 ਸਰੂਪ ਲਾਪਤਾ ਮਾਮਲੇ ਵਿੱਚ ਸਿੱਖ ਸੰਗਤ ਵੱਲੋਂ CM ਭਗਵੰਤ ਮਾਨ ਦੀ ਰਿਹਾਇਸ਼ ਬਾਹਰ ਰੋਸ ਪ੍ਰਦਰਸ਼ਨ