ਚੰਡੀਗੜ੍ਹ: 2017 ਵਿੱਚ ਕੈਪਟਨ ਅਮਰਿੰਦਰ ਸਿੰਘ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਅੱਜ ਵਫ਼ਾ ਹੋਣ ਦੀ ਉਮੀਦ ਹੈ। ਬੇਸ਼ੱਕ ਉਦੋਂ ਕੈਪਟਨ ਅਮਰਿੰਦਰ ਸਿੰਘ ਨੇ ਸਾਰੇ ਨੌਜਵਾਨਾਂ ਨੂੰ ਫੋਨ ਦੇਣ ਦੀ ਗੱਲ ਆਖੀ ਸੀ ਪਰ ਹੁਣ ਸਿਰਫ਼ 12ਵੀਂ ਦੇ ਜਵਾਕਾਂ ਨੂੰ ਹੀ ਫੋਨ ਦਿੱਤੇ ਜਾ ਰਹੇ ਹਨ।
12 ਅਗਸਤ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਫੋਨ ਵੰਡਣ ਦਾ ਸਮਾਗਮ 3 ਵਜੇ ਸ਼ੁਰੂ ਹੋਵੇਗਾ, ਇਹ ਸਭ ਕਾਰਵਾਈ ਵੀਡੀਓ ਕਾਨਫ਼ਰੰਸ ਰਾਹੀਂ ਸ਼ੁਰੂ ਹੋਵੇਗੀ। ਇਸ ਸਮਾਗਮ ਵਿੱਚ ਸਪੀਕਰ ਰਾਣਾ ਕੇਪੀ, ਡਿਪਟੀ ਸਪੀਕਰ ਅਤੇ ਸਾਰੇ ਡਿਪਟੀ ਕਮਿਸ਼ਨਰ ਸ਼ਾਮਲ ਹੋਣਗੇ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਸਪੀਚ ਤੋਂ ਹੋਵੇਗੀ।
ਇਸ ਤੋਂ ਇਲਾਵਾ ਪ੍ਰੋਗਰਾਮ ਵਿੱਚ ਮੁੱਖ ਸਕੱਤਰ ਮੁੱਖ ਮੰਤਰੀ, ਸਿੱਖਿਆ ਸਕੱਤਰ ਅਤੇ ਕੈਬਿਨੇਟ ਮੰਤਰੀ ਰਾਣਾ ਸੋਢੀ ਅਤੇ ਸੁੰਦਰ ਸ਼ਾਮ ਅਰੋੜਾ ਵੀ ਸ਼ਾਮਲ ਹੋਣਗੇ। ਸਮਾਰਟ ਫੋਨ ਵੰਡਣ ਦੀ ਪ੍ਰਕਿਰਿਆ ਮੁੱਖ ਮੰਤਰੀ ਦੀ ਸਪੀਚ ਦੇ ਨਾਲ 3:30 ਵਜੇ ਸ਼ੁਰੂ ਹੋਵੇਗੀ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਮਾਗਮ ਵਿੱਚ ਕੋਈ ਇਕੱਠ ਨਹੀਂ ਕੀਤਾ ਜਾਵੇਗਾ, ਜ਼ਿਲ੍ਹਿਆਂ ਦੇ ਵਿਦਿਆਰਥੀ ਸਬੰਧਤ ਅਧਿਕਾਰੀਆਂ ਨਾਲ ਗੱਲ ਕਰ ਕੇ ਫੋਨ ਲੈ ਸਕਦੇ ਹਨ।
ਮੁੱਖ ਮੰਤਰੀ ਨੇ ਸਮਾਰਟ ਫੋਨ ਲੇਟ ਹੋਣ ਦਾ ਕਾਰਨ ਕੋਰੋਨਾ ਵਾਇਰਸ ਨੂੰ ਦੱਸਿਆ ਅਤੇ ਬਾਅਦ ਵਿੱਚ ਕਿਹਾ ਕਿ ਸਰਹੱਦ 'ਤੇ ਤਣਾਅ ਵੱਧ ਗਿਆ ਜਿਸ ਕਾਰਨ ਚੀਨ ਨਾਲ ਕੋਈ ਵੀ ਸਮਝੌਤਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਚੀਨ ਦੇ ਬਣੇ ਫੋਨ ਮੰਗਵਾਏ ਜਾਣੇ ਸਨ।
ਹੁਣ ਮੁੱਖ ਮੰਤਰੀ ਲਾਵਾ ਦੇ ਸਮਾਰਟ ਫੋਨ ਵੰਡਣ ਵਾਲੇ ਹਨ ਜਿਸ ਦੇ ਪਿਛਲੇ ਪਾਸੇ ਮੁੱਖ ਮੰਤਰੀ ਦੀ ਤਸਵੀਰ ਛਪੀ ਹੋਵੇਗੀ ਅਤੇ ਜਦੋਂ ਇਸ ਫੋਨ ਨੂੰ ਆਨ ਕੀਤਾ ਜਾਵੇਗਾ ਤਾਂ ਇਸ ਦੀ ਡਿਸਪਲੇਅ ਉੱਤੇ ਵੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਦੀ ਹੀ ਤਸਵੀਰ ਆਵੇਗੀ। ਚਲੋ ਇੰਨਾ ਕੁ ਤਾਂ ਕਰਨਾ ਬਣਦਾ ਹੀ ਸੀ, ਕਿਉਂਕਿ ਜੇ ਕੋਈ ਲੋਕ ਭਲਾਈ ਦਾ ਕੰਮ ਕਰਨਾ ਹੈ ਉਸ ਦਾ ਸਿਆਸੀ ਲਾਹਾ ਲੈਣਾ ਤਾਂ ਅੱਜ ਦੀ ਸਿਆਸਤ ਦਾ ਮੁੱਢਲਾ ਧਰਮ ਹੈ।
ਪੰਜਾਬ ਦੇ ਨੌਜਵਾਨ ਤਾਂ ਕਈ ਥਾਈਂ ਇਹ ਕਹਿ ਰਹੇ ਹਨ ਕਿ ਜਾਂਦੇ ਚੋਰ ਦੀ ਲੰਗੋਟੀ ਹੀ ਸੀ, ਕਿਉਂਕਿ ਕੈਪਟਨ ਸਾਬ੍ਹ ਨੇ ਫੋਨ ਵੰਡਣ ਦਾ ਲਾਰਾ ਤਾਂ ਸਾਰਿਆਂ ਨੂੰ ਲਾਇਆ ਸੀ ਪਰ ਮਿਲ ਮਹਿਜ਼ ਕੁਝ ਕੁ ਵਿਦਿਆਰਥੀਆਂ ਨੂੰ ਰਿਹਾ ਹੈ। ਉਹ ਇਸ ਤੋਂ ਖ਼ੁਸ਼ ਹਨ ਚਲੋ ਨਾ ਨਾਲੋਂ ਕੁਝ ਤਾਂ ਆਇਆ, ਕਿਉਂਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਮੁੱਖ ਮੰਤਰੀ ਫੋਨ ਵੰਡਣ ਦੀਆਂ ਤਾਰੀਖ਼ਾਂ ਦਾ ਐਲਾਨ ਕਰ ਚੁੱਕੇ ਹਨ, ਤਾਰੀਖ਼ ਤਾਂ ਸਹੀ ਸਮੇਂ ਤੇ ਆ ਜਾਂਦੀ ਹੈ ਪਰ ਫੋਨ ਦੀ ਘੰਟੀ ਨਹੀਂ ਵੱਜਦੀ।