ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 74ਵੇਂ ਆਜ਼ਾਦੀ ਦਿਹਾੜੇ ਮੌਕੇ ਮੋਹਾਲੀ ਵਿਖੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਦਿੱਤੀ। ਇਸ ਮੌਕੇ ਡੀਜੀਪੀ ਦਿਨਕਰ ਗੁਪਤਾ ਤੇ ਚੀਫ਼ ਸਕੱਤਰ ਵਿੰਨੀ ਮਹਾਜਨ ਵੀ ਪਹੁੰਚੇ।
ਉਨ੍ਹਾਂ ਕਿਹਾ ਕਿ ਸਾਡੇ ਇਤਿਹਾਸ ਦਾ ਬਹੁਤ ਵੱਡਾ ਦਿਨ ਹੈ। ਅਗਲੇ ਸਾਲ ਇਸ ਦਿਨ ਨੂੰ ਪੂਰੀ ਧੂਮਧਾਮ ਨਾਲ ਮਨਾਇਆ ਜਾਵੇਗਾ। ਅੱਜ ਦੇ ਦਿਨ ਅਸੀਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਵਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕੋਰੋਨਾ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਕੋਰੋਨਾ ਕਾਰਨ ਇਹ ਦਿਹਾੜਾ ਜ਼ਿਆਦਾ ਧੂਮਧਾਮ ਨਾਲ ਨਹੀਂ ਮਨਾਇਆ ਜਾ ਰਿਹਾ। ਅਗਲੇ ਸਾਲ 75ਵੇਂ ਆਜ਼ਾਦੀ ਦਿਹਾੜੇ ਨੂੰ ਵੱਡੇ ਪੱਧਰ 'ਤੇ ਮਨਾਇਆ ਜਾਵੇਗਾ। ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਵਿੱਚ ਪੈਰ ਪਸਾਰੇ ਹੋਏ ਹਨ। ਇਸ ਖ਼ਿਲਾਫ ਡਾਕਟਰ ਡਟੇ ਹੋਏ ਹਨ ਤੇ ਸੂਬਾ ਵਾਸੀਆਂ ਵੱਲੋਂ ਵੀ ਸਾਰੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਚੀਨੀਆਂ ਵਲੋਂ ਭਾਰਤੀ ਫ਼ੌਜ 'ਤੇ ਕੀਤੇ ਹਮਲੇ ਬਾਰੇ ਬੋਲਦਿਆਂ ਕਿਹਾ ਕਿ ਇੱਕ ਪਾਸੇ ਹਿੰਦੀ ਚੀਨੀ ਭਾਈ-ਭਾਈ ਦੇ ਨਾਅਰੇ ਲਾ ਰਹੇ ਹਨ ਤੇ ਦੂਜੇ ਪਾਸੇ ਹਮਲੇ ਕਰ ਰਹੇ ਹਨ। ਚੀਨੀਆਂ ਨੇ ਸਾਡੇ ਜਵਾਨਾਂ 'ਤੇ ਸੀਖਾਂ ਵਾਲੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਸਾਡੇ 20 ਜਵਾਨ ਸ਼ਹੀਦ ਹੋ ਗਏ ਹਨ। ਇਸ ਹਮਲੇ 'ਚ ਗੁਰਤੇਜ ਸਿੰਘ ਨੇ ਇਕੱਲਿਆਂ ਬਿਨਾਂ ਕਿਸੇ ਹਥਿਆਰ ਤੋਂ ਕਈ ਚੀਨ ਦੇ ਫ਼ੌਜੀਆਂ ਨੂੰ ਸ਼ਹੀਦ ਕਰ ਦਿੱਤਾ ਪਰ ਇਸੇ ਦੌਰਾਨ ਇੱਕ ਚੀਨੀ ਨੇ ਉਸ ਦੀ ਪਿੱਠ 'ਤੇ ਵਾਰ ਕਰਕੇ ਉਸ ਨੂੰ ਸ਼ਹੀਦ ਕਰ ਦਿੱਤਾ ਸੀ। ਇਹ ਲੋਕ ਕਾਇਰ ਹਨ।
2 ਸਾਲਾਂ ਵਿੱਚ 750 ਰੂਰਲ ਸਟੇਡੀਅਮ ਬਣਾਏ ਜਾਣਗੇ
ਕੈਪਟਨ ਨੇ ਕਿਹਾ ਕਿ ਉਹ ਆਪਣੇ ਕਾਰਜਕਾਲ ਦੌਰਾਨ 6 ਲੱਖ ਬੱਚਿਆਂ ਨੂੰ ਨੌਕਰੀਆਂ ਦੇ ਚੁੱਕੇ ਹਨ ਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਇਸ ਤੋਂ ਇਲਾਵਾ ਜੋ ਸਮਾਰਟ ਫੋਨ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਪੂਰਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ 2 ਸਾਲਾਂ ਵਿੱਚ 750 ਰੂਰਲ ਸਟੇਡੀਅਮ ਬਣਾਏ ਜਾਣਗੇ। ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ ਲਈ 63 ਹਜ਼ਾਰ ਕਰੋੜ ਦੀ ਇਨਵੈਸਮੈਂਟ ਕੀਤੀ ਜਾਵੇਗੀ।
- ਕੋਰੋਨਾ ਮਹਾਂਮਾਰੀ 'ਚ ਥੋੜਾ ਸੁਧਾਰ ਆਵੇਗਾ ਤਾਂ ਰੁਜ਼ਗਾਰ ਮੇਲੇ ਵੀ ਸ਼ੁਰੂ ਕੀਤੇ ਜਾਣਗੇ।
- 2 ਲੱਖ ਤੋ ਵੱਧ ਲੋਕਾਂ ਨੂੰ ਨੌਕਰੀਆਂ ਮਿਲਣ ਦੀ ਆਸ।
- ਬੱਚਿਆਂ ਨੂੰ ਜੋ ਸਮਰਾਟ ਫੋਨ ਵੰਡੇ ਹਨ, ਉਹ ਪੜ੍ਹਾਈ ਲਈ ਵਰਤਣਗੇ।
- ਸਾਡੀ ਆਰਥਿਕ ਹਾਲਤ ਸਹੀ ਨਹੀਂ।